ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਪਿੱਛੇ ਖ਼ੂਨੀ ਝੜਪ, ਚੱਲੇ ਚਾਕੂ; ਅੱਧਾ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
Sunday, Apr 26, 2026 - 03:10 PM (IST)
ਪਟਿਆਲਾ (ਬਲਜਿੰਦਰ)- ਸ਼ਹਿਰ ਦੀ ਨਿਊ ਯਾਦਵਿੰਦਰ ਕਾਲੋਨੀ ’ਚ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਸੱਦੀ ਮੀਟਿੰਗ ਦੌਰਾਨ ਹੋਈ ਤਕਰਾਰਬਾਜ਼ੀ ਖੂਨੀ ਸੰਘਰਸ਼ ’ਚ ਬਦਲ ਗਈ। ਇਸ ਝਗੜੇ ਦੌਰਾਨ ਚਾਕੂ ਚੱਲਣ ਕਾਰਨ ਮਨਪ੍ਰੀਤ ਸਿੰਘ ਪੁੱਤਰ ਕੁਲਬੀਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜੋ ਇਸ ਵੇਲੇ ਹਸਪਤਾਲ ’ਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਥਾਣਾ ਅਨਾਜ ਮੰਡੀ ਪੁਲਸ ਨੇ ਕੁਲਬੀਰ ਸਿੰਘ ਦੀ ਸ਼ਿਕਾਇਤ ’ਤੇ ਰਣਜੀਤ ਸਿੰਘ, ਵਿਕਰਮ ਸਿੰਘ, ਅਮਰਜੀਤ ਸਿੰਘ, ਸਾਬਕਾ ਪ੍ਰਧਾਨ ਜੱਗੀ ਸਿੰਘ, ਉਸ ਦੇ ਸਾਲੇ ਪੀਟਰ ਅਤੇ 2-3 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਕੁਲਬੀਰ ਸਿੰਘ ਅਨੁਸਾਰ 19 ਅਪ੍ਰੈਲ ਨੂੰ ਮੀਟਿੰਗ ਦੌਰਾਨ ਪ੍ਰਧਾਨ ਅਮਰਜੀਤ ਸਿੰਘ ਨਾਲ ਬਹਿਸ ਹੋਈ ਸੀ। ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਤਾਂ ਉਕਤ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕੁੱਟ-ਮਾਰ ਕਰਦਿਆਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸੇ ਦੌਰਾਨ ਵਿਕਰਮ ਸਿੰਘ ਨੇ ਚਾਕੂ ਨਾਲ ਮਨਪ੍ਰੀਤ ਸਿੰਘ ’ਤੇ ਕਈ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਕੁਲਬੀਰ ਸਿੰਘ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਹਮਲਾਵਰਾਂ ਤੋਂ ਉਨ੍ਹਾਂ ਦੇ ਪੂਰੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਹੈ ਕਿਉਂਕਿ ਮੁਲਜ਼ਮ ਲਗਾਤਾਰ ਉਨ੍ਹਾਂ ਨੂੰ ਘੇਰ ਕੇ ਧਮਕੀਆਂ ਦੇ ਰਹੇ ਹਨ। ਉਨ੍ਹਾਂ ਪੁਲਸ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
