ਅੱਜ ਲੁਧਿਆਣਾ 'ਚ ਪਹੁੰਚ ਰਹੇ ਨੇ ਸ਼ਾਹਰੁਖ ਖਾਨ, ਪੰਜਾਬੀਆਂ ਨੂੰ ਇਸ ਤਰ੍ਹਾਂ ਕਰਨਗੇ ਖੁਸ਼
Thursday, Jul 13, 2017 - 11:11 AM (IST)

ਲੁਧਿਆਣਾ(ਮੀਨੂ)— 'ਕਿੰਗ ਆਫ ਬਾਲੀਵੁੱਡ' ਸ਼ਾਹਰੁਖ ਖਾਨ 'ਰਾ-ਵਨ' ਫਿਲਮ ਦੀ ਪ੍ਰਮੋਸ਼ਨ ਤੋਂ ਬਾਅਦ ਆਪਣੀ ਨਵੀਂ ਫਿਲਮ 'ਜਬ ਹੈਰੀ ਮੈਟ ਸੇਜ਼ਲ' ਦੀ ਪ੍ਰਮੋਸ਼ਨ ਲਈ ਦੂਜੀ ਵਾਰ ਲੁਧਿਆਣਾ ਆ ਰਹੇ ਹਨ। 1 ਵਜੇ ਉਹ ਵੇਬ ਸਿਨੇਮਾ ਵਿਖੇ ਪਹੁੰਚ ਕੇ ਪ੍ਰੈੱਸ ਕਾਨਫਰੰਸ ਕਰਨਗੇ। ਇੱਥੇ ਉਹ ਆਪਣੀ ਫਿਲਮ ਦਾ ਚੌਥਾ ਗੀਤ 'ਬਟਰਫਲਾਈ' ਰਿਲੀਜ਼ ਕਰਨਗੇ। ਇਹ ਗੀਤ ਪੰਜਾਬੀ ਸਟਾਈਲ ਵਿਚ ਬਣਾਇਆ ਗਿਆ ਹੈ ਅਤੇ ਇਸ ਫਿਲਮ ਦੀ ਕੁਝ ਸ਼ੂਟਿੰਗ ਵੀ ਪੰਜਾਬ ਦੇ ਨੂਰਮਹਿਲ ਇਲਾਕੇ ਵਿਚ ਹੋਈ ਹੈ। ਗੀਤ ਨੂੰ ਰਿਲੀਜ਼ ਕਰਨ ਤੋਂ ਬਾਅਦ ਸ਼ਾਹਰੁਖ ਫਿਰੋਜ਼ਪੁਰ ਰੋਡ, ਲੁਧਿਆਣਾ ਵਿਖੇ ਬ੍ਰਹਮਕੁਮਾਰੀ ਵਿਸ਼ਵ ਸ਼ਾਂਤੀ ਸਦਨ ਨੇੜੇ ਖੇਤਾਂ ਵਿਚ ਟਰੈਕਟਰ ਚਲਾਉਂਦੇ ਹੋਏ ਵੀ ਨਜ਼ਰ ਆਉਣਗੇ ਅਤੇ ਪੰਜਾਬੀਆਂ ਦਾ ਮਨ ਮੋਹਣ ਦੀ ਕੋਸ਼ਿਸ਼ ਕਰਨਗੇ।
ਇੱਥੇ ਦੱਸ ਦੇਈਏ ਕਿ ਰੈੱਡ ਚਿੱਲੀ ਇੰਟਰਟੇਨਮੈਂਟ ਦੀ ਇਸ ਫਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ। ਫਿਲਮ 4 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਵਿਚ ਸ਼ਾਹਰੁਖ ਖਾਨ ਪੰਜਾਬੀ ਗਾਈਡ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਜਦੋਂਕਿ ਅਨੁਸ਼ਕਾ ਪਹਿਲੀ ਵਾਰ ਇਕ ਗੁਜਰਾਤੀ ਲੜਕੀ ਸੇਜ਼ਲ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।