ਲੁਧਿਆਣਾ ’ਚ ਮਿਲੀ ਅੱਤਵਾਦੀ ਹਮਲੇ ਦੀ ਧਮਕੀ, ਸੁਰੱਖਿਆ ਏਜੰਸੀਆਂ ਅਲਰਟ
Thursday, Aug 28, 2025 - 12:20 AM (IST)

ਲੁਧਿਆਣਾ (ਰਾਜ) : ਸ਼ਹਿਰ ’ਚ ਅੱਤਵਾਦੀ ਹਮਲੇ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਹੋ ਗਈਆਂ ਹਨ। ਸੂਤਰਾਂ ਅਨੁਸਾਰ ਕੁਝ ਅੱਤਵਾਦੀ ਸੰਗਠਨਾਂ ਨੇ ਈ-ਮੇਲ ਰਾਹੀਂ ਸ਼ਹਿਰ ’ਚ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਦੀ ਚਿਤਾਵਨੀ ਦਿੱਤੀ ਹੈ। ਇਸ ਇਨਪੁੱਟ ਤੋਂ ਬਾਅਦ ਪੁਲਸ ਨੇ ਪਿਛਲੇ 2 ਦਿਨਾਂ ਤੋਂ ਸ਼ਹਿਰ ਭਰ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਹਾਲਾਂਕਿ ਪੁਲਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰੁਟੀਨ ਚੈਕਿੰਗ ਹੈ ਪਰ ਸ਼ਹਿਰ ਭਰ ’ਚ ਸੁਰੱਖਿਆ ਪ੍ਰਬੰਧਾਂ ਨੂੰ ਵੇਖਦਿਆਂ ਇਹ ਸਪੱਸ਼ਟ ਹੈ ਕਿ ਪੁਲਸ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਹੀਂ ਵਰਤਣਾ ਚਾਹੁੰਦੀ।
ਜਾਣਕਾਰੀ ਅਨੁਸਾਰ ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਵਿਸ਼ੇਸ਼ ਚੌਕੀਆਂ ਸਥਾਪਿਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਗਸ਼ਤ ਵੀ ਵਧਾ ਦਿੱਤੀ ਗਈ ਹੈ। ਜਗਰਾਓਂ ਪੁਲ, ਡਾਕਘਰ, ਬੀ. ਐੱਸ. ਐੱਨ. ਐੱਲ. ਬਿਲਡਿੰਗ, ਡੀ. ਆਈ. ਜੀ. ਕੋਠੀ, ਸਰਕਟ ਹਾਊਸ ਅਤੇ ਫਿਰੋਜ਼ਪੁਰ ਰੋਡ ਐਲੀਵੇਟਿਡ ਬ੍ਰਿਜ ਸਮੇਤ ਕਈ ਸਰਕਾਰੀ ਦਫਤਰਾਂ ਅਤੇ ਸੰਵੇਦਨਸ਼ੀਲ ਥਾਵਾਂ ’ਤੇ ਵਾਧੂ ਪੁਲਸ-ਫੋਰਸ ਤਾਇਨਾਤ ਕੀਤੀ ਗਈ ਹੈ।