ਪੰਜਾਬ ’ਚ ਹੜ੍ਹਾਂ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ : ਕੈਬਨਿਟ ਮੰਤਰੀ ਗੋਇਲ

Saturday, Aug 30, 2025 - 10:54 AM (IST)

ਪੰਜਾਬ ’ਚ ਹੜ੍ਹਾਂ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ : ਕੈਬਨਿਟ ਮੰਤਰੀ ਗੋਇਲ

ਬੁਢਲਾਡਾ (ਮਨਜੀਤ) : ਪੰਜਾਬ ’ਚ ਹੜ੍ਹਾਂ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ, ਜਿਸ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਸੰਜੀਦਾ ਹੈ। ਇਸ ਸਬੰਧੀ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਲ ਨਾ ਆਵੇ। ਇੱਥੋਂ ਤੱਕ ਕਿ ਲੋਕਾਂ ਦੀ ਸੇਵਾ ਵਿਚ ਪੰਜਾਬ ਸਰਕਾਰ ਨੇ ਆਪਣਾ ਹੈਲੀਕਾਪਟਰ ਵੀ ਭੇਜ ਦਿੱਤਾ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਅਤੇ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਚਾਂਦਪੁਰਾ ਬੰਨ੍ਹ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕਿਆਂ ’ਚ ਹੜ੍ਹਾਂ ਦਾ ਪਾਣੀ ਆਇਆ ਹੈ, ਸਰਕਾਰ ਉਨ੍ਹਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੂੰ ਇਕੱਠੇ ਹੋ ਕੇ ਇਸ ਆਫਤ ਦੀ ਘੜੀ ਵਿਚ ਵੀ ਪੰਜਾਬੀਆਂ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਆਫਤ ਦੀ ਘੜੀ ਵਿਚ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਹੈ ਅਤੇ ਕਿਸੇ ਵੀ ਵਿਅਕਤੀ ਜਾਂ ਪਸ਼ੂ-ਪੰਛੀ ਨੂੰ ਭੁੱਖੇ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਘੱਗਰ ਵਿਚ ਇਸ ਸਮੇਂ ਪਾਣੀ ਦਾ ਪੱਧਰ ਕਰੀਬ 744 ਫੁੱਟ ਹੈ। ਜਦੋਂ ਕਿ ਖ਼ਤਰੇ ਦਾ ਨਿਸ਼ਾਨ 748 ਫੁੱਟ ਤੇ ਹੈ। ਜਦੋਂ ਕਿ ਰਾਹਤ ਵਾਲੀ ਗੱਲ ਇਹ ਹੈ ਕਿ ਆਉਂਦੇ ਕੁੱਝ ਘੰਟਿਆਂ ਵਿਚ ਪਾਣੀ ਦਾ ਪੱਧਰ ਹੋਰ ਵੀ ਘਟ ਜਾਵੇਗਾ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਲ ਨਿਕਾਸੀ ਸਾਧਨਾਂ ਦੀ ਸਫਾਈ ਲਈ 3 ਕਰੋੜ 73 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ ਅਤੇ ਜੂਨ ਮਹੀਨੇ ਤੱਕ ਸਫ਼ਾਈ ਕਾਰਜ ਪੂਰੇ ਕਰ ਲਏ ਸਨ ਪਰ ਹਿਮਾਚਲ ਵਿਚ ਹੋਈ ਬਾਰਸ਼ ਕਾਰਨ ਬੂਟੀ ਮੈਦਾਨੀ ਇਲਾਕਿਆਂ ਦੇ ਨਿਕਾਸੀ ਸਾਧਨਾਂ ਵਿਚ ਆ ਫਸੀ ਹੈ, ਜਿਸ ਕਾਰਨ ਕਾਫੀ ਦਿੱਕਤ ਆਈ ਹੈ। ਜਿਸ ਨੂੰ ਲੈ ਕੇ ਬੂਟੀ ਕੱਢਣ ਦਾ ਕੰਮ ਵੱਡੀ ਪੱਧਰ ’ਤੇ ਜਾਰੀ ਹੈ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 24 ਘੰਟੇ ਵਾਹਨਾਂ ਦੀ ਨਿਗਰਾਨੀ ਕਰਨ ਅਤੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਲੋੜੀਂਦਾ ਸਮਾਨ ਤੁਰੰਤ ਮੁਹੱਈਆ ਕਰਵਾਇਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਐੱਸ. ਡੀ. ਓ. ਸਤਗੁਰ ਸਿੰਘ, ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ, ਮਾਰਕੀਟ ਕਮੇਟੀ ਬਰੇਟਾ ਦੇ ਚੇਅਰਮੈਨ ਚਮਕੌਰ ਸਿੰਘ, ਸੰਦੀਪ ਬੱਗਾ, ਸਰਪੰਚ ਤਰਸੇਮ ਸਿੰਘ ਆਦਿ ਵੀ ਹਾਜ਼ਰ ਸਨ।


author

Babita

Content Editor

Related News