ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਮਕਾਨ ਮਾਲਕ ਗ੍ਰਿਫ਼ਤਾਰ
Sunday, Aug 10, 2025 - 10:48 AM (IST)

ਬਠਿੰਡਾ (ਵਰਮਾ) : ਨਹਿਰ ਕਾਲੋਨੀ ਥਾਣੇ ਨੇ ਜਨਤਾ ਨਗਰ ਦੇ ਇਕ ਘਰ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਮੌਕੇ ਤੋਂ ਘਰ ਦੇ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋ ਕੁੜੀਆਂ ਨੂੰ ਵੀ ਫੜ੍ਹ ਲਿਆ ਹੈ। ਨਹਿਰ ਕਾਲੋਨੀ ਥਾਣੇ ਦੇ ਐੱਸ. ਐੱਚ. ਓ. ਸਬ ਇੰਸਪੈਕਟਰ ਹਰਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਨਤਾ ਨਗਰ ਦੇ ਇਕ ਘਰ ਵਿਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਇਕ ਟੀਮ ਬਣਾ ਕੇ ਉਕਤ ਘਰ ’ਤੇ ਛਾਪਾ ਮਾਰਿਆ।
ਜਦੋਂ ਪੁਲਸ ਨੇ ਘਰ ’ਤੇ ਛਾਪਾ ਮਾਰਿਆ ਤਾਂ ਦੋ ਕੁੜੀਆਂ ਅਤੇ ਘਰ ਦਾ ਮਾਲਕ ਦਰਸ਼ਨ ਕੁਮਾਰ ਉੱਥੇ ਮੌਜੂਦ ਸਨ। ਪੁਲਸ ਪੁੱਛਗਿੱਛ ਦੌਰਾਨ ਕੁੜੀਆਂ ਨੇ ਦੱਸਿਆ ਕਿ ਮੁਲਜ਼ਮ ਦਰਸ਼ਨ ਉਨ੍ਹਾਂ ਦੀ ਬੇਵਸੀ ਦਾ ਫ਼ਾਇਦਾ ਚੁੱਕ ਕੇ ਉਨ੍ਹਾਂ ਤੋਂ ਇਹ ਗਲਤ ਕੰਮ ਕਰਵਾਉਂਦਾ ਸੀ। ਉਨ੍ਹਾਂ ਦੱਸਿਆ ਕਿ ਉਹ ਉਨ੍ਹਾਂ ਨੂੰ ਧਮਕੀਆਂ ਦੇ ਕੇ ਅਤੇ ਲਾਲਚ ਦੇ ਕੇ ਇਸ ਧੰਦੇ ਵਿਚ ਧੱਕਦਾ ਸੀ। ਪੁਲਸ ਨੇ ਦੋਹਾਂ ਕੁੜੀਆਂ ਨੂੰ ਮੁਲਜ਼ਮਾਂ ਦੇ ਚੁੰਗਲ ਤੋਂ ਛੁਡਾ ਲਿਆ ਹੈ।
ਐੱਸ. ਐੱਚ. ਓ. ਹਰਜੀਵਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਰਸ਼ਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਸ ਇਸ ਮਾਮਲੇ ’ਚ ਹੋਰ ਲੋਕਾਂ ਦੀ ਸ਼ਮੂਲੀਅਤ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਠਿੰਡਾ ’ਚ ਅਜਿਹੇ ਗੈਰ-ਕਾਨੂੰਨੀ ਕਾਰੋਬਾਰ ਨਹੀਂ ਚੱਲਣ ਦਿੱਤੇ ਜਾਣਗੇ।