ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕੇਂਦਰੀ ਜੇਲ੍ਹ ਦਾ ਕੀਤਾ ਨਿਰੀਖਣ, ਕੈਦੀਆਂ ਦੀਆਂ ਸੁਣੀਆਂ ਮੁਸ਼ਕਿਲਾਂ

Wednesday, Nov 30, 2022 - 05:56 PM (IST)

ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕੇਂਦਰੀ ਜੇਲ੍ਹ ਦਾ ਕੀਤਾ ਨਿਰੀਖਣ, ਕੈਦੀਆਂ ਦੀਆਂ ਸੁਣੀਆਂ ਮੁਸ਼ਕਿਲਾਂ

ਅੰਮ੍ਰਿਤਸਰ (ਸਾਗਰ, ਨੀਰਜ) : ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰਤੀ ਕੌਰ ਰੰਧਾਵਾ ਵਲੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਦਾ ਨਿਰੀਖਣ ਕੀਤਾ ਗਿਆ ਅਤੇ ਨਿਰੀਖਣ ਦੌਰਾਨ ਕੈਦੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ। ਇਸ ਤੋਂ ਇਲਾਵਾ ਕੈਦੀਆਂ ਲਈ ਬਣ ਰਹੇ ਖਾਣੇ ਦੀ ਰਸੋਈ ਘਰ ਵਿਚ ਜਾ ਕੇ ਜਾਂਚ ਵੀ ਕੀਤੀ। ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹਾ ਲੀਗਲ ਸਰਵਿਸ ਅਥਾਰਿਟੀ ਵਲੋਂ ਕੇਂਦਰੀ ਜੇਲ੍ਹ ਵਿਖੇ ਹਰ ਮਹੀਨੇ ਕੈਂਪ ਕੋਰਟ ਵੀ ਲਗਾਈ ਜਾਂਦੀ ਹੈ ਅਤੇ ਹੁਣ ਤੱਕ ਇਸ ਕੈਂਪ ਕੋਰਟ ਵਲੋਂ ਛੋਟੇ ਮੋਟੇ ਅਪਰਾਧਾਂ ਲਈ ਸਜ਼ਾ ਭੁਗਤ ਰਹੇ ਤਕਰੀਬਨ 200 ਕੈਦੀਆਂ ਨੂੰ ਰਿਹਾਅ ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਹਵਾਲਾਤੀਆਂ ਅਤੇ ਕੈਦੀਆਂ ਨੂੰ ਉਨ੍ਹਾਂ ਦੇ ਕੇਸਾਂ ਦੀ ਸਥਿਤੀ ਅਤੇ ਕੇਸ ਸਬੰਧੀ ਹੋਰ ਤੱਥਾਂ ਪ੍ਰਤੀ ਜਾਣੂ ਕਰਵਾਉਣ ਲਈ ਕੇਸ ਇਨਫਾਰਮੇਸ਼ਨ ਕਾਰਡ ਵੀ ਬਣਾ ਕੇ ਦਿੱਤੇ ਜਾਣਗੇ ਤਾਂ ਜੋ ਇਨ੍ਹਾਂ ਨੂੰ ਆਪਣੇ ਕੇਸ ਪ੍ਰਤੀ ਸਹੀ ਜਾਣਕਾਰੀ ਹੋਵੇ ਅਤੇ ਜੋ ਹਵਾਲਾਤੀ ਅਤੇ ਕੈਦੀ ਆਪਣੇ ਕੇਸ ਦੀ ਪੈਰਵੀ ਲਈ ਵਕੀਲ ਨਹੀਂ ਨਿਯੁਕਤ ਕਰ ਸਕਦੇ ਉਨ੍ਹਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਮੁਫ਼ਤ ਵਕੀਲ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਵਾਈਆਂ ਜਾਣਗੀਆਂ।

ਇਸ ਮੌਕੇ ਸ੍ਰੀਮਤੀ ਰੰਧਾਵਾ ਵਲੋਂ ਸੁਪਰਡੰਟ ਕੇਂਦਰੀ ਜੇਲ੍ਹ ਸੁਰਿੰਦਰ ਸਿੰਘ ਨਾਲ ਵੀ ਕੈਦੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਆਦੇਸ਼ ਦਿੱਤੇ। ਇਸ ਮੌਕੇ ਪੁਸ਼ਪਿੰਦਰ ਸਿੰਘ ਸੀ. ਜੀ. ਐੱਮ.-ਕਮ-ਸੈਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅੰਮ੍ਰਿਤਸਰ ਅਤੇ ਸ਼ਿਆਮਲ ਜੋਤੀ ਡਿਪਟੀ ਸੁਪਰਡੰਟ ਜੇਲ੍ਹ ਵੀ ਹਾਜ਼ਰ ਸਨ। 


author

Gurminder Singh

Content Editor

Related News