ਆਖਰਕਾਰ ਚੰਡੀਗੜ੍ਹ ''ਚ ਬਣ ਹੀ ਗਿਆ ''ਸੈਕਟਰ-13''
Saturday, Jan 04, 2020 - 10:14 AM (IST)
![ਆਖਰਕਾਰ ਚੰਡੀਗੜ੍ਹ ''ਚ ਬਣ ਹੀ ਗਿਆ ''ਸੈਕਟਰ-13''](https://static.jagbani.com/multimedia/2020_1image_10_14_178235643sector13.jpg)
ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨੂੰ ਦੁਬਾਰਾ ਨਾਂ ਦੇਣ ਦੀ ਫਾਈਲ ਨੂੰ ਸ਼ੁੱਕਰਵਾਰ ਨੂੰ ਯੂ. ਟੀ. ਪ੍ਰਸ਼ਾਸਨ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਨੇ ਇਸ ਫਾਈਲ ਨੂੰ ਮਨਜ਼ੂਰੀ ਦਿੱਤੀ, ਜਿਸ ਤੋਂ ਬਾਅਦ ਆਖਰਕਾਰ ਚੰਡੀਗੜ੍ਹ 'ਚ ਸੈਕਟਰ-13 ਬਣ ਹੀ ਗਿਆ। ਹੁਣ ਮਨੀਮਾਜਰਾ ਦਾ ਸੈਕਟਰ-13 ਅਤੇ ਮਲੋਆ ਅਤੇ ਡੱਡੂਮਾਜਰਾ ਦਾ ਨਾਂ ਸੈਕਟਰ-39 ਵੈਸਟ ਹੋ ਜਾਵੇਗਾ। ਲੋਕਾਂ ਦੇ ਸੁਝਾਅ ਅਤੇ ਇਤਰਾਜ਼ਾਂ ਤੋਂ ਬਾਅਦ ਹੀ ਸਬੰਧਿਤ ਵਿਭਾਗ ਨੇ ਮਨਜ਼ੂਰੀ ਲਈ ਪ੍ਰਸ਼ਾਸਕ ਕੋਲ ਫਾਈਲ ਭੇਜੀ ਸੀ।
ਪ੍ਰਸ਼ਾਸਨ ਵਲੋਂ 1-2 ਦਿਨਾਂ 'ਚ ਇਸ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਤੇ ਸਾਲ ਦਸੰਬਰ ਦੀ ਸ਼ੁਰੂਆਤ 'ਚ ਪ੍ਰਸ਼ਾਸਨ ਵਲੋਂ ਡਰਾਫਟ ਪ੍ਰਸਤਾਵ ਜਾਰੀ ਕਰਕੇ ਇਸ 'ਤੇ ਲੋਕਾਂ ਦੇ ਸੁਝਾਅ ਮੰਗੇ ਗਏ ਸਨ। ਇਸ ਨਾਲ ਕਈ ਲੋਕਾਂ ਨੇ ਇਸ ਦਾ ਸਮਰਥਨ ਅਤੇ ਕੁਝ ਲੋਕਾਂ ਨੇ ਇਨ੍ਹਾਂ ਨਾਵਾਂ ਨੂੰ ਬਦਲਣ ਦਾ ਵਿਰੋਧ ਕੀਤਾ ਸੀ। ਪ੍ਰਸ਼ਾਸਨ ਨੇ ਸਾਫ ਕੀਤਾ ਹੈ ਕਿ ਇਨ੍ਹਾਂ ਥਾਵਾਂ 'ਤੇ ਅੱਗੇ ਦੇ ਕੋਈ ਵੀ ਹੁਕਮ ਅਤੇ ਨਿਯਮ ਪਹਿਲਾਂ ਦੀ ਤਰ੍ਹਾਂ ਹੀ ਲਾਗੂ ਹੋਣਗੇ।