ਕੈਨੇਡਾ ਤੋਂ ਪਰਤੇ ਵਿਅਕਤੀ ਨਾਲ ਜ਼ਮੀਨੀ ਸੌਦੇ ''ਚ ਧੋਖਾਧੜੀ, ਸਾਲਾ ਹੀ ਮਾਰ ਗਿਆ ਢਾਈ ਕਰੋੜ ਦੀ ਠੱਗੀ

Sunday, Feb 08, 2026 - 10:54 AM (IST)

ਕੈਨੇਡਾ ਤੋਂ ਪਰਤੇ ਵਿਅਕਤੀ ਨਾਲ ਜ਼ਮੀਨੀ ਸੌਦੇ ''ਚ ਧੋਖਾਧੜੀ, ਸਾਲਾ ਹੀ ਮਾਰ ਗਿਆ ਢਾਈ ਕਰੋੜ ਦੀ ਠੱਗੀ

ਲੁਧਿਆਣਾ (ਰਾਮ) : ਥਾਣਾ ਜਮਾਲਪੁਰ ’ਚ ਜ਼ਮੀਨ ਨਾਲ ਜੁੜੇ ਇਕ ਗੰਭੀਰ ਧੋਖਾਦੇਹੀ ਅਤੇ ਧਮਕੀ ਦੇ ਮਾਮਲੇ ’ਚ ਜੋੜੇ ’ਤੇ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਵਾਸੀ ਪੱਖੋਵਾਲ ਹਾਲ ਵਾਸੀ ਲਾਲ ਬਾਗ ਪਿੰਡ ਥਰੀਕੇ ਬੈਕ ਸਾਈਡ ਐੱਮ. ਬੀ. ਡੀ. ਮਾਲ ਫਿਰੋਜ਼ਪੁਰ ਰੋਡ ਵਜੋਂ ਹੋਈ ਹੈ। ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇ ਸਾਲੇ ਅਤੇ ਉਸ ਦੀ ਪਤਨੀ ਨੇ ਪਾਵਰ ਆਫ ਅਟਾਰਨੀ ਦੀ ਦੁਰਵਰਤੋਂ ਕਰ ਕੇ ਉਨ੍ਹਾਂ ਨਾਲ ਲਗਭਗ ਢਾਈ ਕਰੋੜ ਦੀ ਠੱਗੀ ਕੀਤੀ ਅਤੇ ਹੁਣ ਕੇਸ ਵਾਪਸ ਲੈਣ ਲਈ ਉਨ੍ਹਾਂ ਨੂੰ ਧਮਕਾਇਆ ਜਾ ਰਿਹਾ ਹੈ। ਹਰਪ੍ਰੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਨ੍ਹਾਂ ਨੇ ਪਿੰਡ ਪੰਜੇਟਾ, ਲੁਧਿਆਣਾ ’ਚ ਲਗਭਗ 9 ਏਕੜ ਜ਼ਮੀਨ ਦਾ ਸੌਦਾ ਕੀਤਾ ਸੀ। ਇਸ ਜ਼ਮੀਨ ’ਚੋਂ 3 ਏਕੜ ਦੀ ਰਜਿਸਟਰੀ ਉਨ੍ਹਾਂ ਦੇ ਨਾਂ ’ਤੇ ਹੋ ਚੁੱਕੀ ਸੀ, ਜਦੋਂਕਿ ਬਾਕੀ ਜ਼ਮੀਨ ਦੀ ਰਜਿਸਟਰੀ ਅਤੇ ਬਿਆਨਾ ਉਨ੍ਹਾਂ ਦੇ ਨਾਂ ’ਤੇ ਹੋਣਾ ਬਾਕੀ ਸੀ। ਇਸ ਤੋਂ ਬਾਅਦ ਉਹ ਕੈਨੇਡਾ ਚਲੇ ਗਏ।

ਇਹ ਵੀ ਪੜ੍ਹੋ : ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ੀ ਸੁਪਨੇ ਦਿਖਾ ਕੇ ਆਈਐੱਸਆਈ ਦੇ ਜਾਲ 'ਚ ਫਸਾਉਣ ਦੀ ਖੌਫਨਾਕ ਸਾਜ਼ਿਸ਼ ਬੇਨਕਾਬ

ਕੈਨੇਡਾ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਜ਼ਮੀਨ ਖਰੀਦ ਨਾਲ ਸਬੰਧਤ ਜ਼ਿੰਮੇਵਾਰੀ ਵਿਸ਼ੇਸ਼ ਪਾਵਰ ਆਫ ਅਟਾਰਨੀ ਰਾਹੀਂ ਆਪਣੇ ਸਾਲੇ ਗੁਰਪ੍ਰੀਤ ਸਿੰਘ ਨੂੰ ਸੌਂਪੀ ਸੀ, ਨਾ ਕਿ ਜ਼ਮੀਨ ਵੇਚਣ ਲਈ। ਦੋਸ਼ ਹੈ ਕਿ ਇਸ ਪਾਵਰ ਆਫ ਅਟਾਰਨੀ ਦਾ ਗਲਤ ਇਸਤੇਮਾਲ ਕਰ ਕੇ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਨੇ ਜ਼ਮੀਨ ਉਨ੍ਹਾਂ ਦੇ ਨਾਂ ’ਤੇ ਨਹੀਂ ਕਰਵਾਈ ਅਤੇ ਲਗਭਗ ਢਾਈ ਕਰੋੜ ਰੁਪਏ ਦੀ ਠੱਗੀ ਮਾਰ ਲਈ। ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਥਾਣਾ ਕੂੰਮਕਲਾਂ ’ਚ ਮੁਲਜ਼ਮਾਂ ਖਿਲਾਫ ਐੱਫ. ਆਈ. ਆਰ. ਦਰਜ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ 30 ਦਸੰਬਰ ਨੂੰ ਆਪਣੇ ਕੇਸ ਦੀ ਪੈਰਵੀ ਲਈ ਕੈਨੇਡਾ ਤੋਂ ਭਾਰਤ ਆਏ ਸਨ ਅਤੇ ਅਦਾਲਤ ਨਾਲ ਸਬੰਧਤ ਬੇਨਤੀ ਵੀ ਦਾਇਰ ਕੀਤੀ ਸੀ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਵੱਡੀ ਖ਼ੁਸ਼ਖਬਰੀ! ਇਨ੍ਹਾਂ 10 ਟ੍ਰੇਨਾਂ ਦਾ ਕਿਰਾਇਆ ਹੋਵੇਗਾ ਸਸਤਾ 

25 ਜਨਵਰੀ ਨੂੰ ਜਦੋਂ ਉਹ ਆਪਣੇ ਪਿੰਡ ਤਾਜਪੁਰ ਬੇਟ ’ਚ ਮੌਜੂਦ ਸੀ, ਉਦੋਂ ਉਸ ਦੇ ਮੋਬਾਈਲ ਨੰਬਰ ’ਤੇ ਇਕ ਵ੍ਹਟਸਐਪ ਕਾਲ ਆਈ, ਜਿਸ ’ਚ ਜ਼ਮੀਨ ਅਤੇ ਕੇਸ ਵਾਪਸ ਲੈਣ ਨੂੰ ਲੈ ਕੇ ਉਨ੍ਹਾਂ ਨੂੰ ਡਰਾਇਆ-ਧਮਕਾਇਆ ਗਿਆ। ਹਰਪ੍ਰੀਤ ਸਿੰਘ ਦਾ ਦੋਸ਼ ਹੈ ਕਿ ਇਹ ਧਮਕੀ ਭਰੀ ਕਾਲ ਉਨ੍ਹਾਂ ਦੇ ਸਾਲੇ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਵੱਲੋਂ ਕਰਵਾਈ ਗਈ ਹੈ। ਉਨ੍ਹਾਂ ਨੇ ਇਸ ਨੂੰ ਆਪਣੀ ਜਾਨ ਅਤੇ ਜਾਇਦਾਦ ਲਈ ਗੰਭੀਰ ਖਤਰਾ ਦੱਸਿਆ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਜਮਾਲਪੁਰ ’ਚ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਸਾਰੇ ਤੱਥਾਂ ਦੀ ਜਾਂਚ ਤੋਂ ਬਾਅਦ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

Sandeep Kumar

Content Editor

Related News