ਪਰਾਲੀ ਨਾ ਸਾੜਨ ਦਾ ਸੁਨੇਹਾ ਦੇ ਰਹੇ ਹਨ ਸਾਇੰਸ ਅਧਿਆਪਕ

11/18/2017 2:34:38 AM

ਤਲਵੰਡੀ ਸਾਬੋ(ਮੁਨੀਸ਼)-ਜ਼ਿਲਾ ਬਠਿੰਡਾ ਦੀ ਸਾਇੰਸ ਟੀਚਰ ਐਸੋਸੀਏਸ਼ਨ ਨੇ ਪਰਾਲੀ ਨਾਲ ਹੋ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲਾ ਕੀਤਾ ਹੈ। ਸਾਇੰਸ ਅਧਿਆਪਕਾਂ ਦੀ ਟੀਮ ਨੇ ਖੇਤਾਂ ਜਾ ਕੇ ਪਰਾਲੀ ਨਾ ਸਾੜਨ ਦਾ ਸੁਨੇਹਾ ਹੀ ਨਹੀਂ ਸਗੋਂ ਪਰਾਲੀ ਨੂੰ ਚੁੱਕ ਕੇ ਗਊਸ਼ਾਲਾ 'ਚ ਭੇਜਣ ਦਾ ਕੰਮ ਕੀਤਾ। ਸਾਇੰਸ ਅਧਿਆਪਕਾਂ ਦੀ ਟੀਮ ਨੇ ਹੁਣ ਤੱਕ 200 ਤੋਂ ਵੱਧ ਪਰਾਲੀ ਦੀਆਂ ਟਰਾਲੀਆਂ ਗਊਸ਼ਾਲਾਵਾਂ ਵਿਚ ਭੇਜ ਦਿੱਤੀਆਂ ਹਨ। ਇਸ ਵਿਚ ਸਭ ਤੋਂ ਪਹਿਲਾਂ ਜ਼ਿਲਾ ਸਾਇੰਸ ਸੁਪਰਵਾਈਜ਼ਰ ਨੇ ਵੀ ਪਹਿਲਾਂ ਫੰਡ ਦੇ ਕੇ ਆਪਣਾ ਯੋਗਦਾਨ ਪਾਇਆ। ਇੰਨਾ ਹੀ ਨਹੀਂ, ਮਹਿਲਾ ਸਾਇੰਸ ਅਧਿਆਪਕਾਂ ਨੇ ਵੀ ਇਸ ਕਾਰਜ ਲਈ ਵੱਧ-ਚੜ੍ਹ ਕੇ ਫੰਡ ਦਿੱਤਾ।
ਅਧਿਆਪਕਾਂ ਨੇ ਬਲਾਕ ਵੰਡ ਦੇ ਕੀਤਾ ਕੰਮ
ਅਧਿਆਪਕਾਂ ਦੀ ਜਥੇਬੰਦੀ ਦੇ ਮੈਂਬਰ ਨੇ ਆਪਣੇ-ਆਪਣੇ ਆਪਣੇ ਬਲਾਕ ਵਿਚ ਪਰਾਲੀ ਨੂੰ ਚੁੱਕਣ ਦਾ ਕੰਮ ਸ਼ੁਰੂ ਕੀਤਾ। ਅਧਿਆਪਕਾਂ ਨੇ ਨਾ ਕੇਵਲ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਸਗੋਂ ਖੇਤਾਂ ਵਿਚ ਕਿਸਾਨਾਂ ਨਾਲ ਮਦਦ ਕਰ ਕੇ ਪਰਾਲੀ ਨੂੰ ਟਰਾਲੀਆਂ ਵਿਚ ਲੱਦ ਕੇ ਗਊਸ਼ਾਲਾ ਵਿਚ ਭੇਜ ਰਹੇ ਹਨਸ ਜਿਸ ਲਈ ਖਰਚਾ ਸਾਰਾ ਸਾਇੰਸ ਅਧਿਆਪਕਾਂ ਨੇ ਆਪਣੀ ਜੇਬ ਵਿਚੋਂ ਕੀਤਾ। 
ਸਾਇੰਸ ਅਧਿਆਪਕਾਂ ਨੇ 200 ਤੋਂ ਵੱਧ ਟਰਾਲੀਆਂ ਪਰਾਲੀ ਭੇਜੀ ਗਊਸ਼ਾਲਾ
ਹੁਣ ਤੱਕ ਜ਼ਿਲੇ ਦੇ 40 ਸਾਇੰਸ ਅਧਿਆਪਕਾਂ ਦੀ ਟੀਮ ਨੇ 200 ਦੇ ਲਗਭਗ ਝੋਨੇ ਦੀ ਪਰਾਲੀ ਦੀਆਂ ਟਰਾਲੀਆਂ ਵੱਖ-ਵੱਖ ਗਊਸ਼ਾਲਾਵਾਂ ਵਿਚ ਭੇਜ ਦਿੱਤੀਆਂ ਹਨ। ਤਲਵੰਡੀ ਸਾਬੋ ਅਤੇ ਰਾਮਾਂ ਮੰਡੀ ਬਲਾਕ ਦੀ ਜ਼ਿੰਮੇਵਾਰੀ ਸਾਇੰਸ ਅਧਿਆਪਕ ਬਲਵਿੰਦਰ ਸਿੰਘ ਬਾਘਾ ਅਤੇ ਰਿਪਜੀਤ ਸਿੰਘ ਕੋਲ ਸੀ।
ਅਗਲੇ ਸਾਲ ਵੱਡੀ ਪੱਧਰ 'ਤੇ ਚਲਾਈ ਜਾਵੇਗੀ ਮੁਹਿੰਮ
ਸਾਇੰਸ ਅਧਿਆਪਕ ਬਲਵਿੰਦਰ ਸਿੰਘ ਬਾਘਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਝੋਨੇ ਦੀ ਕਟਾਈ ਤੋਂ ਪਹਿਲਾਂ ਹੀ ਇਸ ਮੁਹਿੰਮ ਨੂੰ ਵੱਡੇ ਪੱਧਰ 'ਤੇ ਸ਼ੁਰੂ ਕਰਨਗੇ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਆਉਣ ਵਾਲੇ ਸਮੇਂ ਵਿਚ ਗੰਧਲੇ ਹੋ ਰਹੇ ਵਾਤਾਵਰਣ ਨੂੰ ਸਾਫ ਰੱਖਣ ਲਈ ਯੋਗਦਾਨ ਪਾਉਂਦੇ ਰਹਿਣਗੇ।


Related News