ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਨਾਰਾਜ਼ ਚੱਲ ਰਹੇ ਢੀਂਡਸਾ ਪਰਿਵਾਰ ਨੂੰ ਮਨਾਉਣ ਉਨ੍ਹਾਂ ਦੇ ਘਰ ਪੁੱਜੇ ਸੁਖਬੀਰ ਬਾਦਲ
Thursday, Apr 18, 2024 - 01:23 AM (IST)
ਚੰਡੀਗੜ੍ਹ (ਅੰਕੁਰ/ਮਨਜੋਤ ) : ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦੇਣ ਤੋਂ ਬਾਅਦ ਨਾਰਾਜ਼ ਚੱਲ ਰਹੇ ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਮਨਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇਰ ਰਾਤ ਉਨ੍ਹਾਂ ਦੇ ਘਰ ਪੁੱਜੇ। ਇਹ ਮੀਟਿੰਗ ਤਕਰੀਬਨ 3 ਘੰਟੇ ਤੱਕ ਚੱਲੀ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਬੰਟੀ ਰੋਮਾਣਾ ਵੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਸਵੇਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਦੀ ਅਣਦੇਖੀ ਕਰ ਕੇ ਉਨ੍ਹਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਕਈ ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਹੋਈ। ਇਸ ਮੌਕੇ ਸਮੂਹ ਆਗੂਆਂ ਤੇ ਵਰਕਰਾਂ ਨੇ ਤਿੱਖੇ ਲਹਿਜ਼ੇ ’ਚ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸੰਗਰੂਰ ਤੋਂ ਅਕਾਲੀ ਦਲ ਦੀ ਟਿਕਟ ਦੇ ਪ੍ਰਬਲ ਦਾਅਵੇਦਾਰ ਪਰਮਿੰਦਰ ਸਿੰਘ ਢੀਂਡਸਾ ਦੀ ਅਣਦੇਖੀ ਕਰ ਕੇ ਸਾਨੂੰ ਨੀਵਾਂ ਦਿਖਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਭਾਜਪਾ ਦੇ ਪੋਸਟਰ 'ਚ ਬੇਅੰਤ ਸਿੰਘ ਦੀ ਤਸਵੀਰ ਦੇਖ ਕੇ ਰਾਜਾ ਵੜਿੰਗ ਨੇ ਬਿੱਟੂ 'ਤੇ ਕੱਸਿਆ ਤੰਜ, ਕਿਹਾ-''ਤੁਸੀਂ ਆਪ ਤਾਂ...''
ਉਨ੍ਹਾਂ ਕਿਹਾ ਕਿ ਸਾਨੂੰ ਪਾਰਟੀ ’ਚ ਸ਼ਾਮਲ ਕਰਨ ਤੋਂ ਪਹਿਲਾਂ ਪੰਥ ਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਅਨੇਕਾਂ ਵਾਅਦੇ ਕੀਤੇ ਗਏ ਸਨ, ਜਿਸ ਤੋਂ ਪਾਰਟੀ ਪ੍ਰਧਾਨ ਮੁਨਕਰ ਹੋ ਗਏ ਹਨ। ਇਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਉਨ੍ਹਾਂ ਨੇ ਆਪਣੇ ਸਾਥੀਆਂ ਸਣੇ ਕਰੀਬ 4-5 ਸਾਲ ਬਾਅਦ ਵਾਪਸ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਕੇ ਘਰ ਵਾਪਸੀ ਕੀਤੀ ਸੀ ਤੇ ਪਾਰਟੀ ਪ੍ਰਧਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਸੰਗਰੂਰ ਅਤੇ ਹੋਰਨਾਂ ਸੀਟਾਂ ਬਾਰੇ ਉਨ੍ਹਾਂ ਦੀ ਸਲਾਹ ਲਈ ਜਾਵੇਗੀ ਪਰ ਟਿਕਟ ਦੇਣ ਵੇਲੇ ਉਨ੍ਹਾਂ ਦੀ ਪੂਰੀ ਤਰ੍ਹਾਂ ਅਣਦੇਖੀ ਕਰ ਦਿੱਤੀ ਗਈ।
ਇਸ ਮੌਕੇ ਬਲਦੇਵ ਸਿੰਘ ਮਾਨ, ਸਰਵਣ ਸਿੰਘ ਫਿਲੌਰ, ਜਸਟਿਸ ਨਿਰਮਲ ਸਿੰਘ, ਪਰਮਿੰਦਰ ਸਿੰਘ ਢੀਂਡਸਾ, ਸੰਤ ਬਲਵੀਰ ਸਿੰਘ ਘੁੰਨਸ, ਗਗਨਜੀਤ ਸਿੰਘ ਬਰਨਾਲਾ, ਪ੍ਰਕਾਸ਼ ਚੰਦ ਗਰਗ, ਸੁਖਵਿੰਦਰ ਸਿੰਘ ਔਲਖ, ਗੁਰਬਚਨ ਸਿੰਘ ਬਚੀ, ਮਨਜੀਤ ਸਿੰਘ ਬੱਪੀਆਣਾ, ਰਾਮਪਾਲ ਸਿੰਘ ਬਹਿਣੀਵਾਲ, ਹਰਦੇਵ ਸਿੰਘ ਰੋਗਲਾ ਆਦਿ ਮੌਜੂਦ ਸਨ।
ਇਹ ਵੀ ਪੜ੍ਹੋ- ਭਾਜਪਾ ਦੇ ਪੋਸਟਰ 'ਚ ਬੇਅੰਤ ਸਿੰਘ ਦੀ ਤਸਵੀਰ ਆਉਣ ਤੋਂ ਬਾਅਦ ਰਾਜਾ ਵੜਿੰਗ ਤੇ ਰਵਨੀਤ ਬਿੱਟੂ 'ਚ ਛਿੜੀ 'ਟਵੀਟ ਵਾਰ'
ਅਕਾਲੀ ਦਲ ਦੇ ਸਿਧਾਂਤਾਂ ’ਤੇ ਦੇਵਾਂਗੇ ਪਹਿਰਾ : ਢੀਂਡਸਾ
ਇਸ ਦੌਰਾਨ ਵੱਖ-ਵੱਖ ਆਗੂਆਂ ਨੇ ਪਾਰਟੀ ਵਿਰੁੱਧ ਸਖ਼ਤ ਸਟੈਂਡ ਲੈਣ ਦੀ ਵੀ ਗੱਲ ਕੀਤੀ ਤੇ ਇਸ ਹਾਲਾਤ ’ਚ ਪਾਰਟੀ ਨਾਲ ਚੱਲ ਸਕਣ ਲਈ ਅਸਮਰੱਥਾ ਪ੍ਰਗਟਾਈ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਆਗੂਆਂ ਤੇ ਵਰਕਰਾਂ ਨੂੰ ਸ਼ਾਂਤ ਕਰਵਾਉਂਦਿਆਂ ਕਿਹਾ ਕਿ ਬੇਸ਼ੱਕ ਸਾਡੇ ਨਾਲ ਸਿਆਸਤ ਖੇਡੀ ਗਈ ਹੈ ਪਰ ਅਸੀਂ ਕਦੇ ਵੀ ਪਾਰਟੀ ਦਾ ਵਿਰੋਧ ਨਹੀਂ ਕਰਾਂਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਸਿਧਾਂਤਾਂ ’ਤੇ ਹਮੇਸ਼ਾ ਪਹਿਰਾ ਦਿੰਦੇ ਰਹਾਂਗੇ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੌਰਾਨ ਆਸਮਾਨੀ ਚੜ੍ਹਿਆ ਸਿਆਸੀ ਪਾਰਾ, 'ਉਧਾਰ' ਦੇ ਉਮੀਦਵਾਰਾਂ ਦੀ ਬੋਲ ਰਹੀ 'ਤੂਤੀ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e