9 ਮਹੀਨੇ ਲੰਘਣ ਦੇ ਬਾਵਜੂਦ ਨਹੀਂ ਮਿਲੀਆਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਕਿਤਾਬਾਂ
Thursday, Nov 30, 2017 - 07:24 AM (IST)
ਸ਼ਹਿਣਾ(ਸਿੰਗਲਾ)-ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਵਿੱਦਿਅਕ ਸੀਜ਼ਨ ਦੇ 9 ਮਹੀਨੇ ਲੰਘ ਗਏ ਹਨ ਅਤੇ ਸਿਰਫ 3 ਮਹੀਨੇ ਹੀ ਬਾਕੀ ਰਹਿ ਗਏ ਹਨ ਪਰ ਸਰਕਾਰੀ ਸਕੂਲਾਂ 'ਚ ਪਹਿਲੀ, ਤੀਜੀ, ਚੌਥੀ ਤੇ ਪੰਜਵੀਂ ਕਲਾਸ ਦੇ ਬੱਚਿਆਂ ਨੂੰ ਅਜੇ ਤੱਕ ਕਿਤਾਬਾਂ ਨਹੀਂ ਮਿਲੀਆਂ। ਸਰਕਾਰੀ ਸਕੂਲਾਂ 'ਚ ਜ਼ਿਆਦਾਤਰ ਬੱਚੇ ਬਿਨਾਂ ਕਿਤਾਬਾਂ ਦੇ ਹੀ ਪੜ੍ਹ ਰਹੇ ਹਨ ਅਤੇ ਆਉਣ ਵਾਲੇ ਤਿੰਨ ਮਹੀਨਿਆਂ 'ਚ ਵੀ ਇਸ ਮਸਲੇ ਦਾ ਹੱਲ ਨਿਕਲਦਾ ਨਜ਼ਰ ਨਹੀਂ ਆਉਂਦਾ ਹੈ। ਦੂਜਾ ਨਿੱਜੀ ਸਕੂਲਾਂ ਨੂੰ ਟੱਕਰ ਦੇਣ ਦੀਆਂ ਵਿਉਂਤਾਂ ਵੀ ਧਰੀਆਂ ਧਰਾਈਆਂ ਹੀ ਰਹਿ ਗਈਆਂ ਹਨ। ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਮਾਰਚ ਮਹੀਨੇ 'ਚ ਦਾਖਲੇ ਸਮੇਂ ਰੈਲੀਆਂ ਕੱਢ ਕੇ ਸਰਕਾਰੀ ਸਕੂਲਾਂ 'ਚ ਮਿਲਦੀਆਂ ਸਹੂਲਤਾਂ ਗਿਣਾਉਣ 'ਚ ਕਸਰ ਨਹੀਂ ਛੱਡੀ ਸੀ ਪਰ ਕੀਤੇ ਵਾਅਦਿਆਂ 'ਚੋਂ ਜ਼ਿਆਦਾਤਰ ਵਾਅਦੇ ਠੁੱਸ ਹੋ ਗਏ ਹਨ। ਜਾਣਕਾਰੀ ਅਨੁਸਾਰ ਸਰਕਾਰੀ ਸਕੂਲਾਂ 'ਚ ਪਹਿਲੀ ਕਲਾਸ ਦਾ ਹਿਸਾਬ ਅਤੇ ਅੰਗਰੇਜ਼ੀ, ਤੀਸਰੀ ਕਲਾਸ ਦੀ ਵਾਤਾਵਰਣ, ਚੌਥੀ ਕਲਾਸ ਦੀ ਪੰਜਾਬੀ, ਹਿਸਾਬ ਅਤੇ ਪੰਜਵੀਂ ਕਲਾਸ ਦਾ ਹਿਸਾਬ ਤੇ ਵਾਤਾਵਰਣ ਦੀ ਕਿਤਾਬ ਨਹੀਂ ਆਈ ਹੈ। ਭਾਜਪਾ ਦੇ ਜ਼ਿਲਾ ਮੀਤ ਪ੍ਰਧਾਨ ਅਤੇ ਸ਼ਹਿਣਾ ਮੰਡਲ ਦੇ ਚੋਣ ਇੰਚਾਰਜ ਡਾ. ਹਰਦੀਪ ਕੁਮਾਰ ਹੈਪੀ ਸ਼ਰਮਾ ਦਾ ਕਹਿਣਾ ਹੈ ਕਿ ਸਰਕਾਰ ਨੇ ਵਾਅਦੇ ਤਾਂ ਵੱਡੇ ਕਰ ਲਏ ਪਰ ਸਰਕਾਰ ਤੋਂ ਹੋਇਆ ਕੁਝ ਵੀ ਨਹੀਂ ਹੈ। ਕਿਤਾਬਾਂ ਤੋਂ ਬਿਨਾਂ ਪੜ੍ਹਾਈ ਕਰਵਾਉਣੀ ਬੱਚਿਆਂ ਨਾਲ ਧੋਖਾ ਹੈ ਅਤੇ ਬੱਚਿਆਂ ਦੇ ਭਵਿੱਖ ਦਾ ਸਾਲ ਖਰਾਬ ਕਰਨ ਦੇ ਬਰਾਬਰ ਹੈ। ਇਸ ਸਬੰਧੀ ਸੈਂਟਰ ਹੈੱਡ ਟੀਚਰ ਨਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਕਿਤਾਬਾਂ ਦੀ ਘਾਟ ਹੈ। ਕਿਤਾਬਾਂ ਤਾਂ ਸਰਕਾਰ ਨੇ ਭੇਜਣੀਆਂ ਹਨ। ਅਸੀਂ ਬਲਾਕ ਤੇ ਜ਼ਿਲਾ ਲੈਵਲ ਦੀਆਂ ਮੀਟਿੰਗਾਂ 'ਚ ਇਹ ਮੰਗ ਉਠਾਉਂਦੇ ਰਹਿੰਦੇ ਹਾਂ। ਉਨ੍ਹਾਂ ਮੰਨਿਆ ਕਿ ਅਸੀਂ ਮਾਰਚ ਮਹੀਨੇ 'ਚ ਲੋਕਾਂ ਨਾਲ ਵਾਅਦੇ ਕੀਤੇ ਸਨ ਪਰ ਜਦ ਉਪਰੋਂ ਹੀ ਕਿਤਾਬਾਂ ਨਹੀਂ ਆਈਆਂ ਤਾਂ ਕੀ ਕਰ ਸਕਦੇ ਹਾਂ। ਫਿਰ ਵੀ ਸਮੁੱਚੇ ਸੈਂਟਰ 'ਚ ਅਧਿਆਪਕ ਆਪਣੇ ਤੌਰ 'ਤੇ ਪੜ੍ਹਾਈ ਕਰਵਾ ਰਹੇ ਹਨ।
