ਛੁੱਟੀਆਂ ਵਿਚਾਲੇ ਪੰਜਾਬ ਦੇ ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ, ਸੀ. ਸੀ. ਟੀ. ਵੀ. ਫੁਟੇਜ ਵੀ ਮੰਗਵਾਈ ਗਈ

Thursday, Aug 28, 2025 - 10:41 AM (IST)

ਛੁੱਟੀਆਂ ਵਿਚਾਲੇ ਪੰਜਾਬ ਦੇ ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ, ਸੀ. ਸੀ. ਟੀ. ਵੀ. ਫੁਟੇਜ ਵੀ ਮੰਗਵਾਈ ਗਈ

ਲੁਧਿਆਣਾ (ਵਿੱਕੀ) : ਪੰਜਾਬ ਭਰ ’ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ 27 ਤੋਂ 30 ਅਗਸਤ ਤੱਕ ਛੁੱਟੀਆਂ ਐਲਾਨ ਕੀਤੀਆਂ ਗਈਆਂ ਸਨ ਪਰ ਸਿੱਖਿਆ ਵਿਭਾਗ ਕੋਲ ਸਵੇਰ ਤੋਂ ਹੀ ਵੱਖ-ਵੱਖ ਖੇਤਰਾਂ ’ਚ 12 ਸਕੂਲਾਂ ਜਿਨ੍ਹਾਂ ਵਿਚ ਕਈ ਵੱਡੇ ਸਕੂਲ ਵੀ ਹਨ, ਵਲੋਂ ਸਕੂਲ ਖੋਲ੍ਹ ਕੇ ਅਧਿਆਪਕਾਂ ਨੂੰ ਬੁਲਾਉਣ ਦੀਆਂ ਸ਼ਿਕਾਇਤਾਂ ਪਹੁੰਚ ਰਹੀਆਂ ਸਨ। ਡੀ. ਈ. ਓ. ਡਿੰਪਲ ਮਦਾਨ ਨੇ ਸ਼ਿਕਾਇਤਾਂ ਦਾ ਨੋਟਿਸ ਲੈਂਦੇ ਹੋਏ ਸਕੂਲਾਂ ’ਚ ਚੈਕਿੰਗ ਕਰਵਾਈ ਅਤੇ ਬੁੱਧਵਾਰ ਸ਼ਾਮ ਨੂੰ ਸਾਰੇ 12 ਸਕੂਲਾਂ ਨੂੰ ਸ਼ੋਅਕਾਜ ਨੋਟਿਸ ਜਾਰੀ ਕਰ ਕੇ ਮੁੱਖ ਮੰਤਰੀ ਦੇ ਆਦੇਸ਼ਾਂ ਦੇ ਬਾਵਜੂਦ ਸਕੂਲ ਖੁੱਲ੍ਹੇ ਹੋਣ ਬਾਰੇ ਜਵਾਬ ਮੰਗ ਲਿਆ ਹੈ। ਇੰਨਾ ਹੀ ਨਹੀਂ ਡੀ. ਈ. ਓ. ਨੇ ਬਤੌਰ ਰਿਕਾਰਡ ਸਕੂਲਾਂ ਤੋਂ ਅੱਜ ਦੇ ਦਿਨ ਦੀ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਵਿਭਾਗ ਨੂੰ ਜਮ੍ਹਾ ਕਰਵਾਉਣ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ : ਪੰਜਾਬ ਵਿਚ ਛੁੱਟੀਆਂ ਵਿਚਾਲੇ ਸਿੱਖਿਆ ਵਿਭਾਗ ਵਿਚ ਵੱਡੇ ਪੱਧਰ 'ਤੇ ਤਬਾਦਲੇ

ਇਸ ਤੋਂ ਪਹਿਲਾਂ ਡੀ. ਈ. ਓ. ਮਦਾਨ ਨੇ ਇਕ ਵਟਸਐਪ ਗਰੁੱਪ ਵਿਚ ਵੀ ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਨੂੰ ਐੱਨ. ਓ. ਸੀ. ਰੱਦ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ ਪਰ ਇਸ ਦਾ ਬਹੁਤ ਸਾਰੇ ਸਕੂਲਾਂ ’ਤੇ ਕੋਈ ਅਸਰ ਨਹੀਂ ਹੋਇਆ ਅਤੇ ਉਨ੍ਹਾਂ ਨੇ ਪੂਰਾ ਦਿਨ ਆਪਣੀਆਂ ਆਨਲਾਈਨ ਕਲਾਸਾਂ ਅਧਿਆਪਕਾਂ ਤੋਂ ਲਗਵਾਈਆਂ। ਡੀ. ਈ. ਓ. ਨੇ ਸਕੂਲਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ 30 ਅਗਸਤ ਤੱਕ ਸਕੂਲ ਨਾ ਖੋਲ੍ਹੇ ਜਾਣ ਅਤੇ ਨਾ ਹੀ ਸਟਾਫ਼ ਨੂੰ ਬੁਲਾਇਆ ਜਾਵੇ। ਸਕੂਲਾਂ ਨੂੰ ਅਗਲੇ 3 ਦਿਨਾਂ ਦੇ ਅੰਦਰ ਆਪਣਾ ਜਵਾਬ ਇਲਾਕੇ ਦੇ ਬਲਾਕ ਨੋਡਲ ਅਫ਼ਸਰ (ਬੀ. ਐੱਨ. ਓ.) ਦਫਤਰ ਵਿਚ ਜਮ੍ਹਾ ਕਰਵਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸ ਤੋਂ ਬਾਅਦ ਉਕਤ ਸਕੂਲਾਂ ਖਿਲਾਫ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਡੀ. ਈ. ਓ. ਨੇ ਕਿਹਾ ਇਹ ਨੋਟਿਸ ਬੱਚਿਆਂ ਦੀ ਸੁਰੱਖਿਆ ਅਤੇ ਸਰਕਾਰੀ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖ਼ਬਰ, ਸਿੱਖਿਆ ਵਿਭਾਗ ਵੱਲੋਂ ਨਵੇਂ ਹੁਕਮ ਜਾਰੀ

ਪਹਿਲਾਂ ਵੀ ਰੱਦ ਹੋ ਚੁੱਕੀ ਹੈ ਇਕ ਸਕੂਲ ਦੀ ਐੱਨ. ਓ. ਸੀ.

ਦੱਸ ਦੇਈਏ ਕਿ ਜਿਨ੍ਹਾਂ 12 ਸਕੂਲਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ, ਉਨ੍ਹਾਂ ’ਚੋਂ 1 ਸਕੂਲ ’ਤੇ ਤਾਂ ਲਗਭਗ 4 ਸਾਲ ਪਹਿਲਾਂ ਵੀ ਐੱਨ. ਓ. ਸੀ. ਰੱਦ ਕਰਨ ਦੀ ਕਾਰਵਾਈ ਹੋ ਚੁੱਕੀ ਹੈ, ਜਿਸ ਨੂੰ ਬਾਅਦ ਵਿਚ ਬਹਾਲ ਕਰ ਦਿੱਤਾ ਗਿਆ ਸੀ ਪਰ ਹੁਣ ਇਹ ਸਕੂਲ ਫਿਰ ਮੁੱਖ ਮੰਤਰੀ ਦੇ ਹੁਕਮ ਛਿੱਕੇ ਟੰਗ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਸਾਰੇ ਸਕੂਲਾਂ ਵਲੋਂ ਜਿਸ ਸਟਾਫ਼ ਨੂੰ ਆਨਲਾਈਨ ਕਲਾਸਾਂ ਲਈ ਸਕੂਲ ਬੁਲਾਇਆ ਗਿਆ ਸੀ, ਉਨ੍ਹਾਂ ’ਚੋਂ ਹੀ ਕਿਸੇ ਦੇ ਮਾਪਿਆਂ ਨੇ ਡੀ. ਈ. ਓ. ਨੂੰ ਸਕੂਲ ਖੁੱਲ੍ਹੇ ਹੋਣ ਬਾਰੇ ਸ਼ਿਕਾਇਤ ਕੀਤੀ ਹੈ। ਉਥੇ ਸਿੱਖਿਆ ਅਧਿਕਾਰੀ ਵੀ ਸਕੂਲਾਂ ਦੀ ਇਸ ਲਾਪ੍ਰਵਾਹੀ ਨੂੰ ਲੈ ਕੇ ਪੂਰੀ ਤਰ੍ਹਾਂ ਨਾਰਾਜ਼ ਹਨ। ਡੀ. ਈ. ਓ. ਡਿੰਪਲ ਮਦਾਨ ਨੇ ਕਿਹਾ ਕਿ ਸਕੂਲਾਂ ਦੇ ਜਵਾਬ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਇਨ੍ਹਾਂ ਦੀ ਐੱਨ.ਓ. ਸੀ. ਰੱਦ ਕਰਨ ਦੀ ਸਿਫਾਰਸ਼ ਕੀਤੀ ਜਾਵੇਗੀ, ਤਾਂ ਜੋ ਭਵਿੱਖ ਵਿਚ ਕੋਈ ਵੀ ਪ੍ਰਾਈਵੇਟ ਸਕੂਲ ਮੁੱਖ ਮੰਤਰੀ ਜਾਂ ਸਿੱਖਿਆ ਵਿਭਾਗ ਦੇ ਆਦੇਸ਼ਾਂ ਨੂੰ ਅਣਦੇਖਿਆ ਨਾ ਕਰ ਸਕੇ।

ਇਹ ਵੀ ਪੜ੍ਹੋ : ਭਾਖੜਾ ਡੈਮ ਤੋਂ ਆਈ ਵੱਡੀ ਖ਼ਬਰ, ਲੋਕਾਂ ਨੂੰ ਕੀਤੀ ਗਈ ਖ਼ਾਸ ਅਪੀਲ

ਮੇਰਾ ਬਚਪਨ ਸੋਸਾਇਟੀ ਨੇ ਡੀ. ਸੀ. ਨੂੰ ਦਿੱਤਾ ਕੋਚਿੰਗ ਸੈਂਟਰ ਬੰਦ ਕਰਨ ਲਈ ਮੰਗ-ਪੱਤਰ

ਸਮਾਜ ਸੇਵੀ ਸੰਸਥਾ ‘ਮੇਰਾ ਬਚਪਨ’ ਸੋਸਾਇਟੀ ਦੇ ਪ੍ਰਧਾਨ ਰਜਤ ਸ਼ਰਮਾ ਨੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਅਤੇ ਕੋਚਿੰਗ ਸੈਂਟਰ ਬੰਦ ਕਰਨ ਸਬੰਧੀ ਮੰਗ-ਪੱਤਰ ਸੌਂਪਿਆ। ਰਜਤ ਸ਼ਰਮਾ ਨੇ ਆਪਣੇ ਮੰਗ-ਪੱਤਰ ’ਚ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ’ਚ ਹੋਈ ਭਾਰੀ ਬਰਸਾਤ ਅਤੇ ਹੜ੍ਹਾਂ ਦੇ ਹਾਲਾਤ ਨੂੰ ਦੇਖਦੇ ਹੋਏ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ 30 ਅਗਸਤ ਤੱਕ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਇਕ ਸ਼ਲਾਘਾਯੋਗ ਕਦਮ ਹੈ ਪਰ ਟਿਊਸ਼ਨ ਅਤੇ ਕੋਚਿੰਗ ਸੈਂਟਰ ਅਜੇ ਵੀ ਪਹਿਲਾਂ ਦੀ ਤਰ੍ਹਾਂ ਸੰਚਾਲਿਤ ਹੋ ਰਹੇ ਹਨ, ਜਿਸ ਨਾਲ ਬੱਚਿਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਖਤਰੇ ਵਿਚ ਪੈ ਸਕਦੀ ਹੈ। ਰਜਤ ਸ਼ਰਮਾ ਨੇ ਸੁਝਾਅ ਦਿੱਤਾ ਕਿ ਬੱਚੇ ਘਰ ’ਚ ਬੈਠ ਕੇ ਆਨਲਾਈਨ ਕਲਾਸਾਂ ਵਿਚ ਭਾਗ ਲੈ ਸਕਦੇ ਹਨ, ਇਸ ਲਈ 30 ਅਗਸਤ ਤੱਕ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਕੋਚਿੰਗ ਸੈਂਟਰ ਵੀ ਬੰਦ ਕੀਤੇ ਜਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਛੁੱਟੀਆਂ ਦੇ ਬਾਵਜੂਦ ਖੁੱਲ੍ਹਾ ਪੰਜਾਬ ਦਾ ਇਹ ਸਕੂਲ, ਅਚਾਨਕ ਆ ਗਿਆ ਪਾਣੀ, 400 ਵਿਦਿਆਰਥੀ ਫਸੇ

ਕੀ ਕਿਹਾ ਡੀ. ਈ.ਓ. (ਐੱਸ) ਨੇ 

ਇਸ ਸੰਬੰਧੀ ਡੀ. ਈ. ਓ. (ਐੱਸ) ਡਿੰਪਲ ਮਦਾਨ ਨੇ ਕਿਹਾ ਕਿ ਅਸੀਂ ਬੱਚਿਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਲਈ ਵਚਨਬੱਧ ਹਾਂ, ਇਸ ਦੀ ਅਣਦੇਖੀ ਕਰਨ ਵਾਲੇ ਸਕੂਲਾਂ ’ਤੇ ਨਿਯਮਾਂ ਅਨੁਸਾਰ ਕਾਰਵਾਈ ਜਾਰੀ ਰਹੇਗੀ।

ਇਨ੍ਹਾਂ ਸਕੂਲਾਂ ਨੂੰ ਜਾਰੀ ਹੋਇਆ ਨੋਟਿਸ

ਜਿਨ੍ਹਾਂ ਸਕੂਲਾਂ ਨੂੰ ਨੋਟਿਸ ਜਾਰੀ ਹੋਇਆ ਹੈ, ਉਨ੍ਹਾਂ ਵਿਚ ਜੀਐਨਪੀਐਸ ਸਰਾਭਾ ਨਗਰ, ਜੀਆਰਡੀ ਅਕੈਡਮੀ, ਈ ਨਰਾਇਣ ਟੈਕਨੋ ਸਕੂਲ, ਗੁਰੂ ਹਰਗੋਬਿੰਦ ਅਕੈਡਮੀ, ਜਗਰਾਉਂ, ਅਨੁਬਰਟ ਸੈਕੰਡਰੀ ਸਕੂਲ, ਜਗਰਾਉਂ, ਸ਼ਾਲੀਗ੍ਰਾਮ ਜੈਨ ਸਕੂਲ, ਗੀਤਾਂਜਲੀ ਸਕੂਲ, ਮਾਨਵ ਰਚਨਾ ਸਕੂਲ, ਕੇ.ਵੀ.ਐਮ, ਬਾਲ ਭਾਰਤੀ ਸਕੂਲ ਦੁੱਗਰੀ, ਬੀਸੀਐਮ ਸ਼ਾਸਤਰੀ ਨਗਰ, ਬੀਸੀਐਮ 32 ਸੈਕਟਰ ਸ਼ਾਮਲ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਦੇ ਐਲਾਨ ਤੋਂ ਬਾਅਦ, ਉਠੀ ਵੱਡੀ ਮੰਗ, ਹੁਣ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News