ਭੰਬਲਭੂਸਾ: ਸਕੂਲਾਂ ਦੇ ਸਮੇਂ ਬਾਰੇ CM ਦੇ ਟਵੀਟ ਤੇ ਵਿਭਾਗ ਦੇ ਪੱਤਰ ''ਚ ਵਖਰੇਵਾਂ, ਕਿਸ ਵੇਲੇ ਹੋਵੇਗੀ ਛੁੱਟੀ?
Wednesday, Dec 21, 2022 - 03:48 AM (IST)
ਲੁਧਿਆਣਾ (ਵਿੱਕੀ)– ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿਚ ਪੈ ਰਹੀ ਸੰਘਣੀ ਧੁੰਦ ਹੁਣ ਜਾਨਲੇਵਾ ਹੋਣ ਲੱਗੀ ਹੈ। ਮੰਗਲਵਾਰ ਸਵੇਰੇ ਡੇਹਲੋਂ ਕੋਲ ਸਕੂਲ ਜਾਂਦੇ ਸਮੇਂ ਇਕ ਸਰਕਾਰੀ ਅਧਿਆਪਕਾ ਦੀ ਸੰਘਣੇ ਕੋਹਰੇ ਕਾਰਨ ਸੜਕ ਦੁਰਘਟਨਾ ’ਚ ਹੋਈ ਮੌਤ ਅਤੇ ਫਰੀਦਕੋਟ ਜ਼ਿਲ੍ਹੇ ’ਚ ਇਕ ਸਕੂਲੀ ਬੱਸ ਦੁਰਘਟਨਾਗ੍ਰਸਤ ਹੋਣ ਤੋਂ ਬਾਅਦ ਸਰਕਾਰ ਨੇ ਸਾਰੇ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਤੋਂ ਕਰ ਦਿੱਤਾ ਹੈ।
ਹੁਣ ਸਕੂਲੀ ਸਮੇਂ ਵਿਚ ਹੋਏ ਬਦਲਾਅ ਨੂੰ ਲੈ ਕੇ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਵਿਚਕਾਰ ਆਪਸੀ ਤਾਲਮੇਲ ਦੀ ਕਮੀ ਸਾਹਮਣੇ ਆਈ ਹੈ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਹੈਂਡਲ ’ਤੇ ਸੂਬੇ ਦੇ ਸਾਰੇ ਸਕੂਲ 21 ਦਸੰਬਰ ਤੋਂ 21 ਜਨਵਰੀ ਤੱਕ ਸਵੇਰੇ 10 ਵਜੇ ਲੱਗਣ ਅਤੇ ਛੁੱਟੀ ਦਾ ਸਮਾਂ ਪਹਿਲਾਂ ਵਾਲਾ ਹੀ ਰਹਿਣ ਬਾਰੇ ਟਵੀਟ ਕੀਤਾ ਸੀ ਪਰ ਇਸ ਦੇ ਕੁਝ ਸਮੇਂ ਬਾਅਦ ਸਿਖਿਆ ਵਿਭਾਗ ਦੇ ਇਕ ਪੱਤਰ ’ਚ ਅਪਰ ਪ੍ਰਾਇਮਰੀ ਮਤਲਬ 6ਵੀਂ ਤੋਂ 12ਵੀਂ ਤੱਕ ਦੇ ਸਕੂਲਾਂ ਦੀ ਛੁੱਟੀ ਦਾ ਸਮਾਂ ਸ਼ਾਮ 4 ਵਜੇ ਕਰ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਹੁਣ ਅਧਿਆਪਕਾਂ ਅਤੇ ਵਿਦਿਆਰਥੀਆਂ ’ਚ ਦੁਵਿਧਾ ਬਣੀ ਹੋਈ ਹੈ ਕਿ ਮੁੱਖ ਮੰਤਰੀ ਨੇ ਟਵੀਟ ਅਨੁਸਾਰ ਛੁੱਟੀ ਕਰਨ ਜਾਂ ਫਿਰ ਸਿੱਖਿਆ ਵਿਭਾਗ ਦੇ ਪੱਤਰ ਮੁਤਾਬਕ?
ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ : ਠੰਡ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ
ਦੱਸ ਦੇਈਏ ਕਿ ਹੁਣ ਤੱਕ ਪ੍ਰਾਇਮਰੀ ਸਕੂਲਾਂ ਨੂੰ ਦੁਪਹਿਰ 3 ਵਜੇ ਅਤੇ ਅਪਰ ਪ੍ਰਾਇਮਰੀ ਸਕੂੂਲਾਂ ਵਿਚ 3.20 ’ਤੇ ਛੁੱਟੀ ਹੁੰਦੀ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਵੱਲੋਂ ਕੀਤੇ ਗਏ ਟਵੀਟ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਟਵੀਟ ਕੀਤਾ ਹੈ ਪਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਸ਼ਾਇਦ ਇਸ ਤਰ੍ਹਾਂ ’ਤੇ ਗੌਰ ਕਰਨ ਦੀ ਲੋੜ ਨਹੀਂ ਸਮਝੀ।
ਅਧਿਆਪਕਾਂ ਦਾ ਕਹਿਣਾ ਹੈ ਕਿ ਸਕੂਲਾਂ ’ਚ ਛੁੱਟੀ ਪਹਿਲਾਂ ਤੋਂ ਹੀ ਨਿਰਧਾਰਤ ਸਮੇਂ ’ਤੇ ਹੋਣੀ ਚਾਹੀਦੀ ਹੈ ਕਿਉਂਕਿ ਸ਼ਾਮ ਹੁੰਦੇ ਹੀ ਸੰਘਣੀ ਧੁੰਦ ਛਾ ਜਾਂਦੀ ਹੈ। ਇਸੇ ਤਰ੍ਹਾਂ ਦੂਰ-ਦੁਰਾਡੇ ਦੇ ਖੇਤਰਾਂ ’ਚ ਆਉਣ ਵਾਲੇ ਅਧਿਆਪਕਾਂ ਨੂੰ ਵਾਪਸ ਪੁੱਜਣ ’ਚ ਮੁਸ਼ਕਿਲ ਝੱਲਣੀ ਪਵੇਗੀ। ਉੱਧਰ ਡਬਲ ਸ਼ਿਫਟ ਸਰਕਾਰੀ ਸਕੂਲਾਂ ਦੇ ਸਮੇਂ ਨੂੰ ਲੈ ਕੇ ਦੁਵਿਧਾ ਦੀ ਸਥਿਤੀ ਬਣੀ ਹੋਈ ਹੈ।
ਮੁੱਖ ਮੰਤਰੀ ਜਾਂ ਸਿੱਖਿਆ ਵਿਭਾਗ ਵੱਲੋਂ ਇਸ ਸਬੰਧ ਵਿਚ ਕੋਈ ਵੀ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਕਿ ਡਬਲ ਸ਼ਿਫਟ ਸਕੂਲ ਕਦ ਲੱਗਣਗੇ ਅਤੇ ਉਨ੍ਹਾਂ ਨੂੰ ਕਦੋਂ ਛੁੱਟੀ ਹੋਵੇਗੀ। ਦੱਸ ਦੇਈਏ ਕਿ ਲੁਧਿਆਣਾ ਜ਼ਿਲ੍ਹੇ ਵਿਚ ਹੀ ਅਨੇਕਾਂ ਸਕੂਲ ਇਸ ਤਰ੍ਹਾਂ ਦੇ ਹਨ, ਜੋ ਡਬਲ ਸ਼ਿਫਟ ਚਲਾਏ ਜਾ ਰਹੇ ਹਨ। ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੀਤੇ ਗਏ ਸਮੇਂ ’ਚ ਬਦਲਾਅ ਦਾ ਉਨ੍ਹਾਂ ਨੂੰ ਕੋਈ ਫਾਇਦਾ ਵੀ ਨਹੀਂ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਸੀਤ ਲਹਿਰ : ਮੌਸਮ ਵਿਭਾਗ ਨੇ ਜਾਰੀ ਕੀਤਾ ਰੈੱਡ ਅਲਰਟ, ਜਾਣੋ ਕਿੰਨੇ ਦਿਨ ਪੈਂਦੀ ਰਹੇਗੀ ਧੁੰਦ
ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਬੁੱਧਵਾਰ ਇਸ ਸਬੰਧ ਵਿਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰ ਕੇ ਡਬਲ ਸ਼ਿਫਟ ਸਕੂਲ ਦੇ ਸਬੰਧ ’ਚ ਫੈਸਲਾ ਲੈਣਗੇ।
ਨਿੱਜੀ ਸਕੂਲਾਂ ਦਾ ਨਿਰਦੇਸ਼ : ਅੱਧਾ ਘੰਟਾ ਪਹਿਲਾਂ ਪੁੱਜਣ ਅਧਿਆਪਕ
ਬੇਸ਼ੱਕ ਸਰਕਾਰੀ ਆਦੇਸ਼ਾਂ ਤੋਂ ਬਾਅਦ ਨਿੱਜੀ ਸਕੂਲਾਂ ਨੇ ਵੀ ਵਿਦਿਆਰਥੀਆਂ ਲਈ ਸਕੂਲ ਖੁੱਲ੍ਹਣ ਦਾ ਸਮਾਂ ਬਦਲ ਦਿੱਤਾ ਹੈ ਪਰ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ ਨੂੰ ਸਰਕਾਰੀ ਰਾਹਤ ਜ਼ਰਾ ਘੱਟ ਮਿਲੀ ਹੈ ਕਿਉਂਕਿ ਉਕਤ ਅਧਿਆਪਕਾਂ ਨੂੰ ਸੰਚਾਲਕਾਂ ਨੇ ਸਕੂਲ ਲੱਗਣ ਤੋਂ ਅੱਧਾ ਘੰਟਾ ਪਹਿਲਾਂ ਪੁੱਜਣ ਦੇ ਆਦੇਸ਼ ਜਾਰੀ ਕੀਤੇ ਹਨ। ਸੰਚਾਲਕਾਂ ਦਾ ਤਰਕ ਹੈ ਕਿ ਸਕੂਲ ਆਉਣ ਵਾਲੇ ਵਿਦਿਅਰਥੀਆਂ ਤੋਂ ਪਹਿਲਾਂ ਅਧਿਆਪਕ ਪਹਿਲਾਂ ਵੀ ਅੱਧਾ ਘੰਟਾ ਪਹਿਲਾਂ ਪੁੱਜਦੇ ਸਨ, ਜਿਸ ਨਾਲ ਉਨ੍ਹਾਂ ਦੀ ਗੇਟ ਤੋਂ ਲੈ ਕੇ ਸਕੂਲ ਦੇ ਵੱਖ-ਵੱਖ ਸਥਾਨਾਂ ’ਤੇ ਬੱਚਿਆਂ ਦੀ ਦੇਖ-ਭਾਲ ਕਰਨ ਲਈ ਡਿਊਟੀ ਲਗਾਈ ਜਾਂਦੀ ਹੈ। ਇਸ ਲਈ ਅਧਿਆਪਕਾਂ ਨੂੰ ਅੱਧਾ ਘੰਟਾ ਪਹਿਲਾਂ ਸਕੂਲ ਆਉਣ ਵਿਚ ਕੋਈ ਸਮੱਸਿਆ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦਾ ਬੇੜਾ ਗਰਕ ਕਰਨ ’ਚ ਕੋਈ ਕਸਰ ਨਹੀਂ ਛੱਡੀ : ਰਾਜਾ ਵੜਿੰਗ
ਕਈ ਸਕੂਲਾਂ ਨੇ ਵਿਦਿਆਰਥੀਆਂ ਨੂੰ ਨਹੀਂ ਭੇਜਿਆ ਮੈਸੇਜ, ਦੁਵਿਧਾ ’ਚ ਮਾਪੇ
ਉੱਥੇ ਨਕਲ ਵਿਰੋਧੀ ਅਧਿਆਪਕ ਫਰੰਟ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਨੇ ਕਿਹਾ ਕਿ ਸਰਕਾਰ ਦੇ ਆਦੇਸ਼ ਆਉਣ ਤੋਂ ਬਾਅਦ ਵੀ ਅੱਜ ਕਈ ਨਿੱਜੀ ਸਕੂਲਾਂ ਨੇ ਵਿਦਿਆਰਥੀਆਂ ਨੂੰ ਸਕੂਲ ਸਵੇਰੇ 10 ਵਜੇ ਤੋਂ ਲੱਗਣ ਬਾਰੇ ਕੋਈ ਲਿਖਤੀ ਸੰਦੇਸ਼ ਨਹੀਂ ਭੇਜਿਆ ਹੈ, ਇਸ ਨੂੰ ਲੈ ਕੇ ਮਾਪੇ ਦੁਵਿਧਾ ’ਚ ਪਏ ਹਨ ਕਿ ਬੱਚਿਆਂ ਨੂੰ ਕਦ ਸਕੂਲ ਭੇਜਿਆ ਜਾਵੇ। ਉਨ੍ਹਾਂ ਨੇ ਡੀ. ਈ. ਓ. ਤੋਂ ਮੰਗ ਕੀਤੀ ਕਿ ਸਕੂਲ ਲੱਗਣ ਤੋਂ ਬਾਅਦ ਬਾਕਾਇਦਾ ਟੀਮਾਂ ਭੇਜ ਕੇ ਚੈੱਕ ਕਰਵਾਇਆ ਜਾਵੇ ਕਿ ਸਕੂਲ ਕਿੰਨੇ ਵਜੇ ਲੱਗੇ ਹਨ। ਜੇਕਰ ਕੋਈ ਸਕੂਲ ਆਦੇਸ਼ਾਂ ਦੀ ਪ੍ਰਵਾਹ ਨਾ ਕਰਦਾ ਪਾਇਆ ਗਿਆ ਤਾਂ ਉਸ ਦੀ ਮਾਨਤਾ ਰੱਦ ਕਰਨ ਦੀ ਸਿਫਾਰਿਸ਼ ਕੀਤੀ ਜਾਵੇ ਕਿਉਂਕਿ ਬੱਚਿਆਂ ਅਤੇ ਮਾਪਿਆਂ ਦੀ ਸਿਹਤ ਤੋਂ ਉੱਪਰ ਕੁਝ ਨਹੀਂ ਹੈ।
ਇਸ ਬਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸ) ਹਰਜੀਤ ਸਿੰਘ ਨੇ ਕਿਹਾ ਕਿ ਸਕੂਲਾਂ ਦੇ ਸਮੇਂ ਬਦਲਣ ਦੇ ਸਬੰਧ ਵਿਚ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਨੂੰ ਸੂਚਨਾ ਮਿਲ ਚੁੱਕੀ ਹੈ। ਜੇਕਰ ਫਿਰ ਵੀ ਕੋਈ ਸਕੂਲ ਸਰਕਾਰੀ ਆਦੇਸ਼ਾਂ ਨੂੰ ਨਹੀਂ ਮੰਨਦਾ ਤਾਂ ਉਸ ਦੇ ਖਿਲਾਫ ਨਿਯਮਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।