ਬੋਰਡ ਪ੍ਰੀਖਿਆ ਫੀਸ ਨਾ ਜਮ੍ਹਾਂ ਹੋਣ ’ਤੇ ਸਕੂਲ ਮੁਖੀ ਹੋਣਗੇ ਜ਼ਿੰਮੇਵਾਰ, ਬੋਰਡ ਨੇ ਦਿੱਤਾ ਅੱਜ ਤੱਕ ਦਾ ਸਮਾਂ

Wednesday, Jan 21, 2026 - 10:22 AM (IST)

ਬੋਰਡ ਪ੍ਰੀਖਿਆ ਫੀਸ ਨਾ ਜਮ੍ਹਾਂ ਹੋਣ ’ਤੇ ਸਕੂਲ ਮੁਖੀ ਹੋਣਗੇ ਜ਼ਿੰਮੇਵਾਰ, ਬੋਰਡ ਨੇ ਦਿੱਤਾ ਅੱਜ ਤੱਕ ਦਾ ਸਮਾਂ

ਲੁਧਿਆਣਾ (ਵਿੱਕੀ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ ਵਿਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਪ੍ਰੀਖਿਆ ਫੀਸ ਜਮ੍ਹਾਂ ਕਰਨ ਦੀ ਆਖਰੀ ਤਰੀਕ ਵਧਾ ਦਿੱਤੀ ਹੈ। ਬੋਰਡ ਦੇ ਧਿਆਨ ਵਿਚ ਆਇਆ ਸੀ ਕਿ ਕੁਝ ਸਕੂਲਾਂ ਵਲੋਂ ਆਪਣੇ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਸਮੇਂ ’ਤੇ ਜਮ੍ਹਾ ਨਹੀਂ ਕਰਵਾਈ ਗਈ ਸੀ, ਜਿਸ ਤੋਂ ਬਾਅਦ ਵਿਦਿਆਰਥੀਆਂ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਸ਼ਡਿਊਲ ਵਿਚ ਇਹ ਬਦਲਾਅ ਕੀਤਾ ਗਿਆ ਹੈ। ਹੁਣ ਸਕੂਲ ਪ੍ਰਬੰਧਕ 21 ਜਨਵਰੀ ਤੱਕ ਆਨਲਾਈਨ ਮੋਡ ਰਾਹੀਂ ਫੀਸ ਜਮ੍ਹਾ ਕਰ ਸਕਦੇ ਹਨ। ਬੋਰਡ ਨੇ ਇਹ ਸਪੱਸ਼ਟ ਕੀਤਾ ਹੈ ਕਿ ਆਖਰੀ ਤਰੀਕ ਵਿਚ ਵਾਧੇ ਦੀ ਇਹ ਸਹੂਲਤ ਕੇਵਲ ਆਨਲਾਈਨ ਮੋਡ ਰਾਹੀਂ ਫੀਸ ਭਰਨ ਦੇ ਬਦਲ ’ਤੇ ਹੀ ਲਾਗੂ ਹੋਵੇਗੀ।

ਇਹ ਵੀ ਪੜ੍ਹੋ : Railway New Rules: ਟਿਕਟ ਕੈਂਸਲ ਕੀਤੀ ਤਾਂ ਡੁੱਬ ਜਾਵੇਗਾ ਪੂਰਾ ਪੈਸਾ! ਰੇਲਵੇ ਨੇ ਬੰਦ ਕੀਤੀ ਇਹ ਸਹੂਲਤ

ਪ੍ਰਕਿਰਿਆ ਸਬੰਧੀ ਜਾਰੀ ਵਿਸ਼ੇਸ਼ ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਸਕੂਲ ਨੇ ਪਹਿਲਾਂ ਤੋਂ ਕੋਈ ਚਲਾਨ ਜਨਰੇਟ ਕੀਤਾ ਹੋਇਆ ਹੈ ਤਾਂ ਉਸ ਨੂੰ ਤੁਰੰਤ ਰੱਦ ਕਰ ਕੇ ਨਵੀਂ ਵਿਧੀ ਮੁਤਾਬਕ ਆਨਲਾਈਨ ਫੀਸ ਭਰਨੀ ਹੋਵੇਗੀ। ਬੋਰਡ ਨੇ ਸਖਤ ਲਹਿਜ਼ੇ ਵਿਚ ਚਿਤਾਵਨੀ ਦਿੱਤੀ ਹੈ ਕਿ ਇਸ ਵਿਸਥਾਰ ਤੋਂ ਬਾਅਦ ਫੀਸ ਭਰਨ ਦੇ ਸ਼ਡਿਊਲ ’ਚ ਮੁੜ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਸਕੂਲ ਨਿਰਧਾਰਿਤ ਸਮਾਂ ਹੱਦ ਦੇ ਅੰਦਰ ਪ੍ਰੀਖਿਆ ਫੀਸ ਜਮ੍ਹਾ ਕਰਨ ਤੋਂ ਵਾਂਝਾ ਰਹਿ ਜਾਂਦਾ ਹੈ ਤਾਂ ਇਸ ਦੇ ਲਈ ਸਿੱਧੇ ਤੌਰ ’ਤੇ ਸਕੂਲ ਮੁਖੀ ਹੀ ਜ਼ਿੰਮੇਵਾਰ ਹੋਣਗੇ ਅਤੇ ਉਨ੍ਹਾਂ ’ਤੇ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਪ੍ਰੀਖਿਆ ਫੀਸ ਜਗ੍ਹਾ ਕਰਵਾਉਣ ਸਬੰਧੀ ਸਾਰੇ ਨਿਰਦੇਸ਼ ਪਹਿਲਾਂ ਵਾਂਗ ਹੀ ਲਾਗੂ ਰਹਿਣਗੇ।


author

Sandeep Kumar

Content Editor

Related News