ਸਿੱਖ ਧਰਮ ਇੱਕ ਵੱਖਰਾ, ਵਿਲੱਖਣ ਧਰਮ: RSS ਮੁਖੀ ਮੋਹਨ ਭਾਗਵਤ

Friday, Feb 27, 2026 - 10:38 PM (IST)

ਸਿੱਖ ਧਰਮ ਇੱਕ ਵੱਖਰਾ, ਵਿਲੱਖਣ ਧਰਮ: RSS ਮੁਖੀ ਮੋਹਨ ਭਾਗਵਤ

ਲੁਧਿਆਣਾ : ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਲੁਧਿਆਣਾ ਵਿੱਚ ਇੱਕ ਪ੍ਰੋਗਰਾਮ ਦੌਰਾਨ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਸੰਘ ਸਿੱਖ ਧਰਮ ਨੂੰ ਇੱਕ ਵੱਖਰੇ ਅਤੇ ਵਿਲੱਖਣ ਧਰਮ ਵਜੋਂ ਮੰਨਦਾ ਹੈ।

ਲੁਧਿਆਣਾ ਦੇ ਸ੍ਰੀ ਅਰਵਿੰਦੋ ਕਾਲਜ ਵਿੱਚ RSS ਦੀ ਪਹੁੰਚ ਮੁਹਿੰਮ (outreach initiative) ਤਹਿਤ ਕਰਵਾਏ ਗਏ ਇੱਕ ਸੰਵਾਦ ਪ੍ਰੋਗਰਾਮ ਦੌਰਾਨ ਭਾਗਵਤ ਨੇ ਸਪੱਸ਼ਟ ਕੀਤਾ ਕਿ ਆਰ.ਐੱਸ.ਐੱਸ. ਸਾਰੇ ਨਾਗਰਿਕਾਂ ਨਾਲ ਬਰਾਬਰ ਦਾ ਵਿਵਹਾਰ ਕਰਦੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਧਰਮਾਂ ਅਤੇ ਮਾਰਗਾਂ ਦੀ ਮੰਜ਼ਿਲ ਇੱਕੋ ਹੈ, ਭਾਵੇਂ ਉਨ੍ਹਾਂ ਦੇ ਰਸਤੇ ਵੱਖਰੇ ਹੋ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੂਜਿਆਂ ਦੇ ਮਾਰਗ ਦਾ ਸਤਿਕਾਰ ਕਰਦੇ ਹੋਏ ਆਪਣੇ ਮਾਰਗ 'ਤੇ ਦ੍ਰਿੜ ਰਹਿਣ।

ਹਿੰਦੂ ਧਰਮ ਬਾਰੇ ਗੱਲ ਕਰਦਿਆਂ ਭਾਗਵਤ ਨੇ ਕਿਹਾ ਕਿ ਸੰਘ ਹਿੰਦੂਤਵ ਨੂੰ ਇੱਕ ਧਰਮ ਵਜੋਂ ਨਹੀਂ, ਸਗੋਂ ਜੀਵਨ ਜਿਊਣ ਦੇ ਤਰੀਕੇ (way of life) ਵਜੋਂ ਦੇਖਦਾ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਦਾ ਸਤਿਕਾਰ ਕਰਨਾ ਹੀ ਅਸਲ ਭਾਰਤੀ ਸੰਸਕ੍ਰਿਤੀ (ethos) ਹੈ।

ਭਾਗਵਤ ਨੇ ਜ਼ੋਰ ਦੇ ਕੇ ਕਿਹਾ ਕਿ ਸੰਘ ਕਿਸੇ ਕੱਟੜ ਵਿਚਾਰਧਾਰਾ 'ਤੇ ਨਹੀਂ ਚੱਲਦਾ, ਸਗੋਂ ਇਸ ਦਾ ਇਕੋ-ਇਕ ਮਕਸਦ ਦੇਸ਼ ਨੂੰ ਮਜ਼ਬੂਤ ਅਤੇ ਸਮਰੱਥ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਜਾਤ, ਨਸਲ ਜਾਂ ਮਤਭੇਦ ਦੀ ਪਰਵਾਹ ਕੀਤੇ ਬਿਨਾਂ ਹਰ ਨਾਗਰਿਕ ਨੂੰ ਦੇਸ਼ ਦੀ ਉੱਨਤੀ ਵਿੱਚ ਸ਼ਾਮਲ ਕਰਨ ਲਈ ਵਚਨਬੱਧ ਹੈ।

ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਪੰਜ ਅਹਿਮ ਖੇਤਰਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਦੱਸੀ। ਸਮਾਜਿਕ ਸਦਭਾਵਨਾ, ਵਾਤਾਵਰਣ ਪ੍ਰਤੀ ਜਾਗਰੂਕਤਾ, ਪਰਿਵਾਰਕ ਕਦਰਾਂ-ਕੀਮਤਾਂ, ਸਵੈ-ਜਾਗਰੂਕਤਾ ਅਤੇ ਨਾਗਰਿਕ ਫਰਜ਼।

ਭਾਗਵਤ ਨੇ ਕਿਹਾ ਕਿ ਸੰਘ ਆਲੋਚਨਾ ਦਾ ਸਵਾਗਤ ਕਰਦਾ ਹੈ, ਬਸ਼ਰਤੇ ਉਹ ਸਹੀ ਅਧਿਐਨ ਅਤੇ ਸਮਝ 'ਤੇ ਅਧਾਰਤ ਹੋਵੇ। ਉਨ੍ਹਾਂ ਕਿਹਾ ਕਿ ਅਗਿਆਨਤਾ ਕਾਰਨ ਕੀਤੀ ਗਈ ਆਲੋਚਨਾ ਦਾ ਕੋਈ ਫਾਇਦਾ ਨਹੀਂ ਹੁੰਦਾ। ਉਨ੍ਹਾਂ ਸਪੱਸ਼ਟ ਕੀਤਾ ਕਿ ਸੰਘ ਕਿਸੇ ਵਿਸ਼ੇਸ਼ ਸੰਸਥਾ ਲਈ ਨਹੀਂ, ਸਗੋਂ ਸਮਾਜ ਅਤੇ ਦੇਸ਼ ਲਈ ਕੰਮ ਕਰਦਾ ਹੈ।
 


author

Inder Prajapati

Content Editor

Related News