ਸਕੂਲ ਦੇ ਡਾਇਰੈਕਟਰ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ, ਮਾਮਲੇ ਦੀ ਜਾਂਚ ਜਾਰੀ
Wednesday, Jul 23, 2025 - 11:15 AM (IST)

ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-11 ਸਥਿਤ ਸਕੂਲ 'ਚ ਡਾਇਰੈਕਟਰ ਵਲੋਂ ਮੰਗਲਵਾਰ ਸਵੇਰ ਸ਼ੱਕੀ ਹਾਲਤ ’ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਗੋਲੀ ਦੀ ਆਵਾਜ਼ ਸੁਣਨ ਤੋਂ ਬਾਅਦ ਪਰਿਵਾਰਕ ਮੈਂਬਰ ਪਹਿਲੀ ਮੰਜ਼ਿਲ ’ਤੇ ਗਏ ਪਰ ਦਰਵਾਜ਼ਾ ਬੰਦ ਸੀ। ਜਾਲੀ ਦੇ ਦਰਵਾਜ਼ੇ ਦੀ ਕੁੰਡੀ ਤੋੜ ਕੇ ਅੰਦਰ ਗਏ ਤਾਂ ਡਾਇਰੈਕਟਰ ਵਿਕਰਾਂਤ ਲਹੂ-ਲੁਹਾਨ ਹਾਲਤ ਵਿਚ ਪਿਆ ਸੀ ਤੇ ਉਸ ਕੋਲ ਡਬਲ ਬੈਰਲ ਗੰਨ ਪਈ ਸੀ। ਪਰਿਵਾਰਕ ਮੈਂਬਰ ਲਹੂ-ਲੁਹਾਨ ਹਾਲਤ ਵਿਚ ਪੀ.ਜੀ.ਆਈ. ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਂਚ ਵਿਚ ਪਤਾ ਲੱਗਿਆ ਕਿ ਵਿਕਰਾਂਤ ਦੀ ਮੌਤ ਢਿੱਡ ਵਿਚ ਗੋਲੀ ਲੱਗਣ ਅਤੇ ਜ਼ਿਆਦਾ ਖ਼ੂਨ ਵਹਿਣ ਨਾਲ ਹੋਈ ਹੈ। ਫਾਰੈਂਸਿਕ ਮੋਬਾਇਲ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਮਰੇ ਅਤੇ ਪੌੜੀਆਂ ’ਤੇ ਖਿੱਲਰੇ ਖ਼ੂਨ ਦੇ ਸੈਂਪਲ ਲਏ। ਟੀਮ ਨੇ ਫਿੰਗਰ ਪ੍ਰਿੰਟ ਵੀ ਲਏ। ਸੈਕਟਰ-11 ਥਾਣਾ ਪੁਲਸ ਨੇ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਅਤੇ ਖ਼ੁਦਕੁਸ਼ੀ ਦਾ ਕਾਰਨ ਜਾਣਨ ਵਿਚ ਲੱਗੀ ਹੋਈ ਹੈ। ਸੈਕਟਰ-33 ਸਥਿਤ ਸਕੂਲ ਦੇ ਡਾਇਰੈਕਟਰ ਵਿਕਰਾਂਤ ਸੂਰੀ ਪਤਨੀ ਅਤੇ ਦੋ ਧੀਆਂ ਨਾਲ ਸੈਕਟਰ-11 ਵਿਚ ਕੋਠੀ ਨੰ.204 ਵਿਚ ਰਹਿੰਦੇ ਸੀ। ਮੰਗਲਵਾਰ ਕਰੀਬ 10 ਵਜੇ ਪਰਿਵਾਰ ਦੇ ਸਾਰੇ ਮੈਂਬਰ ਗਰਾਊਂਡ ਫਲੋਰ ’ਤੇ ਬੈਠੇ ਸਨ।
ਇਸ ਦੌਰਾਨ ਵਿਕਰਾਂਤ ਉੱਠ ਕੇ ਪਹਿਲੀ ਮੰਜ਼ਲ ’ਤੇ ਆਪਣੇ ਕਮਰੇ ਵਿਚ ਚਲਿਆ ਗਿਆ ਅਤੇ ਕਮਰੇ ਦੀ ਕੁੰਡੀ ਲਾ ਲਈ। ਇਸ ਤੋਂ ਬਾਅਦ ਪਿਤਾ ਦੀ ਡਬਲ ਬੈਰਲ ਗੰਨ ਚੁੱਕੀ ਤੇ ਗੋਲੀ ਲੋਡ ਕਰ ਕੇ ਟ੍ਰਿਗਰ ਦਬਾ ਦਿੱਤਾ। ਗੋਲੀ ਢਿੱਡ ਵਿਚ ਲੱਗੀ ਅਤੇ ਪਿੱਠ ਤੋਂ ਛੱਰ੍ਹੇ ਨਿਕਲ ਗਏ। ਗੋਲੀ ਲੱਗਣ ਨਾਲ ਢਿੱਡ ’ਚੋਂ ਖ਼ੂਨ ਨਿਕਲਣ ਲੱਗਿਆ। ਡੀ.ਐੱਸ.ਪੀ. ਸੈਂਟਰਲ ਉਦੈਪਾਲ ਅਤੇ ਸੈਕਟਰ-11 ਥਾਣਾ ਇੰਚਾਰਜ ਜੈਵੀਰ ਰਾਣਾ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਵਿਕਰਾਂਤ ਸੂਰੀ ਆਪਣੇ ਕਮਰੇ ਵਿਚ ਠੀਕ ਗਿਆ ਸੀ ਪਰ ਗੋਲੀ ਕਿਉਂ ਮਾਰੀ, ਉਹ ਸਾਰੇ ਵੀ ਹੈਰਾਨ ਹਨ। ਪਤਾ ਲੱਗਿਆ ਕਿ ਵਿਕਰਾਂਤ ਸੂਰੀ ਦੀ ਪਤਨੀ ਸੇਵਾਮੁਕਤ ਆਈ.ਆਰ.ਐੱਸ. ਅਧਿਕਾਰੀ ਹੈ। ਸੈਕਟਰ-11 ਥਾਣਾ ਪੁਲਸ ਮਾਮਲੇ ਦੀ ਜਾਂਚ ਲਈ ਵੱਖ-ਵੱਖ ਪਹਿਲੂ ਦੇਖਣ ਵਿਚ ਲੱਗੀ ਹੈ।