ਪੰਜਾਬ ਵਿਧਾਨ ਸਭਾ ''ਚ ਉੱਠਿਆ ਰਣਜੀਤ ਸਿੰਘ ਦੇ ਐਨਕਾਊਂਟਰ ਦਾ ਮੁੱਦਾ, ਪਰਗਟ ਸਿੰਘ ਨੇ ਕੀਤੀ ਨਿਰਪੱਖ ਜਾਂਚ ਦੀ ਮੰਗ

Monday, Mar 16, 2026 - 05:13 PM (IST)

ਪੰਜਾਬ ਵਿਧਾਨ ਸਭਾ ''ਚ ਉੱਠਿਆ ਰਣਜੀਤ ਸਿੰਘ ਦੇ ਐਨਕਾਊਂਟਰ ਦਾ ਮੁੱਦਾ, ਪਰਗਟ ਸਿੰਘ ਨੇ ਕੀਤੀ ਨਿਰਪੱਖ ਜਾਂਚ ਦੀ ਮੰਗ

ਚੰਡੀਗੜ੍ਹ (ਵੈੱਬ ਡੈਸਕ): ਗੁਰਦਾਸਪੁਰ ਵਿਚ ਕਥਿਤ ਪੁਲਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦਾ ਮਸਲਾ ਅੱਜ ਪੰਜਾਬ ਵਿਧਾਨ ਸਭਾ ਵਿਚ ਉੱਠਿਆ। ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਇਸ ਮਾਮਲੇ ਵਿਚ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ, ਤਾਂ ਜੋ ਰਣਜੀਤ ਸਿੰਘ ਦੇ ਪਰਿਵਾਰ ਦੇ ਨਾਲ-ਨਾਲ ਪੂਰੀ ਦੁਨੀਆ ਨੂੰ ਅਸਲ ਸੱਚਾਈ ਪਤਾ ਲੱਗ ਸਕੇ। 

ਪਰਗਟ ਸਿੰਘ ਨੇ ਕਿਹਾ ਕਿ ਰਣਜੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਦੋ ਗੋਲ਼ੀਆਂ ਸਾਹਮਣੇ ਤੋਂ ਥੱਲੇ ਵੱਲ ਲੱਗੀਆਂ ਹਨ। ਇਸ ਦੇ ਨਾਲ ਹੀ ਉਸ ਦੇ ਸਿਰ ਉੱਪਰ ਕਿਸੇ ਹੋਰ ਭਾਰੀ ਚੀਜ਼ ਦੀ ਸੱਟ ਵੀ ਦਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਸ਼ੱਕ ਦੇ ਘੇਰੇ ਵਿਚ ਹੈ ਤੇ ਰਣਜੀਤ ਸਿੰਘ ਦੇ ਪਰਿਵਾਰ ਤੇ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਅਸਲ ਵਿਚ ਹੋਇਆ ਕੀ ਹੈ। ਇਸ ਦੀ ਜਾਂਚ ਕਰਨੀ ਬਣਦੀ ਹੈ ਤਾਂ ਜੋ ਪੁਲਸ ਵੱਲੋਂ ਅਜਿਹੀਆਂ ਚੀਜ਼ਾਂ ਨਾ ਹੋਣ ਤੇ ਅਸੀਂ ਪੰਜਾਬ ਨੂੰ ਪੁਲਸ ਸਟੇਟ ਵੱਲ ਨਾ ਧੱਕੀਏ। 

ਪਰਗਟ ਸਿੰਘ ਨੇ ਇਸ ਬਾਬਤ ਸੋਸ਼ਲ ਮੀਡੀਆ 'ਤੇ ਵੀ ਲਿਖਿਆ ਹੈ ਕਿ, "ਬਤੌਰ ਵਿਰੋਧੀ ਧਿਰ ਅਸੀਂ ਇਸ ਸੈਸ਼ਨ ਦੇ ਪਹਿਲੇ ਦਿਨ ਵੀ ਪਿਛਲੇ ਕੁਝ ਮਹੀਨਿਆਂ ਦੌਰਾਨ ਹੋਏ ਐਨਕਾਉਂਟਰਾਂ ਦੀ ਇੱਕੋ ਜਿਹੀ ਕਹਾਣੀ ਬਾਰੇ ਸ਼ੰਕੇ ਜਾਹਰ ਕਰਦਿਆਂ ਜਾਂਚ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਸੀ। ਹੁਣ ਜਦੋਂ ਰਣਜੀਤ ਸਿੰਘ ਐਨਕਾਉਂਟਰ ਮਾਮਲੇ ਵਿਚ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ, ਜੋ ਗੰਭੀਰ ਸਵਾਲ ਖੜ੍ਹੇ ਕਰਦੀ ਹੈ, ਤਾਂ ਇਸ ਮਾਮਲੇ ਦੀ ਨਿਰਪੱਖ ਨਿਆਂਇਕ ਜਾਂਚ ਲਾਜ਼ਮੀ ਹੈ, ਤਾਂ ਜੋ ਪੰਜਾਬ ਦੇ ਲੋਕਾਂ ਸਾਹਮਣੇ ਪੂਰੀ ਸੱਚਾਈ ਆ ਸਕੇ।"


author

Anmol Tagra

Content Editor

Related News