ਸਕੂਲੀ ਬੱਚਿਆਂ ਨੇ ਸਲੋਗਨ ਬਣਾ ਕੇ ਘਰ-ਘਰ ਦਿੱਤਾ ਗ੍ਰੀਨ ਦੀਵਾਲੀ ਮਨਾਉਣ ਦਾ ਹੋਕਾ
Thursday, Oct 31, 2024 - 05:21 AM (IST)
ਨੂਰਪੁਰਬੇਦੀ (ਭੰਡਾਰੀ) - ਦੀਵਾਲੀ ਦਾ ਪਵਿੱਤਰ ਤਿਉਹਾਰ ਜਿੱਥੇ ਸਮੁੱਚੇ ਭਾਰਤ ’ਚ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਉਥੇ ਹੀ ਇਸ ਦਿਨ ਲੋਕ ਵੱਡੀ ਗਿਣਤੀ ’ਚ ਪਟਾਕੇਬਾਜ਼ੀ ਕਰ ਕੇ ਵਾਤਾਵਰਣ ਨੂੰ ਵੀ ਗੰਧਲਾ ਕਰਦੇ ਹਨ ਪਰ ਦੂਜੇ ਪਾਸੇ ਇਕ ਨਵੀਂ ਪਹਿਲਕਦਮੀ ਕਰਦਿਆਂ ਸੈਂਟ ਮੈਰੀ ਸਕੂਲ ਹਿਯਾਤਪੁਰ ਵਿਖੇ 9ਵੀਂ ਜਮਾਤ ਦੀ ਬੱਚੀ ਜਾਨਵੀ, ਸਰਕਾਰੀ ਐਲੀਮੈਂਟਰੀ ਸਕੂਲ ਟਿੱਬਾ ਨੰਗਲ ਦੇ ਤੀਸਰੀ ਜਮਾਤ ਦੇ ਵਿਦਿਆਰਥੀ ਪ੍ਰਭਨੂਰ ਸਿੰਘ ਅਤੇ ਦੂਸਰੀ ਜਮਾਤ ਦੇ ਅਭਿਦੀਪ ਸਿੰਘ ਸਹਿਤ ਹੋਰਨਾਂ ਸਕੂਲੀ ਬੱਚਿਆਂ ਨੇ ਸਲੋਗਨ ਬਣਾ ਕੇ ਲੋਕਾਂ ਦੇ ਨਾਮ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਹੈ।
ਇਨ੍ਹਾਂ ਨੰਨ੍ਹੇ ਬੱਚਿਆਂ ਨੇ ਸੰਦੇਸ਼ ਦਿੰਦਿਆਂ ਕਿਹਾ ਕਿ ਲਗਾਤਾਰ ਵਧ ਰਹੇ ਪ੍ਰਦੂਸ਼ਣ ਕਾਰਨ ਸਾਡਾ ਵਾਤਾਵਰਣ ਦਿਨ ਪ੍ਰਤੀਦਿਨ ਵਿਗੜ ਰਿਹਾ ਹੈ ਜਿਸ ਲਈ ਸਾਨੂੰ ਇਸ ਦੀਵਾਲੀ ਮੌਕੇ ਘੱਟੋ-ਘੱਟ ਪਟਾਕੇ ਚਲਾ ਕੇ ਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਇਕ ਨਵੀਂ ਪਿਰਤ ਆਰੰਭ ਕਰਨ ਦੀ ਲੋੜ ਹੈ।
ਇਸ ਤਰ੍ਹਾਂ ਕਰਨ ਨਾਲ ਜਿਥੇ ਅਸੀਂ ਆਪਣੇ ਵਾਤਾਵਰਣ ਨੂੰ ਸੁਰੱਖਿਤ ਬਣਾ ਸਕਦੇ ਹਾਂ, ਉਥੇ ਹੀ ਆਉਣ ਵਾਲੀਆਂ ਪੀੜੀਆਂ ਦੇ ਕਲਿਆਣ ਲਈ ਵੀ ਇਕ ਸਾਫ-ਸੁਥਰੇ ਮਾਹੌਲ ਨੂੰ ਕਾਇਮ ਕਰ ਸਕਦੇ ਹਨ। ਇਸ ਮੌਕੇ ਬੱਚਿਆਂ ਨੇ ਆਪਣੇ ਪਿੰਡਾਂ ’ਚ ਘਰ-ਘਰ ਜਾ ਕੇ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਹੋਕਾ ਵੀ ਦਿੱਤਾ। ਬੱਚਿਆਂ ਨੇ ਕਿਹਾ ਕਿ ਸਾਨੂੰ ਇਹ ਪ੍ਰੇਰਨਾ ਆਪਣੇ ਅਧਿਆਪਕਾਂ ਅਤੇ ਮਾਪਿਆਂ ਕੋਲੋਂ ਮਿਲੀ ਹੈ।