ਖਰੜ ''ਚ SDM ਵੱਲੋਂ ਸਕੂਲੀ ਬੱਸਾਂ ਦੀ ਚੈਕਿੰਗ, 14 ਬੱਸਾਂ ਦੇ ਕੱਟੇ ਚਲਾਨ
Saturday, Apr 23, 2022 - 02:09 PM (IST)
ਖਰੜ (ਰਣਬੀਰ, ਅਮਰਦੀਪ, ਸ਼ਸ਼ੀ) : ਐੱਸ. ਡੀ. ਐੱਮ. ਖਰੜ ਅਵਿਕੇਸ਼ ਗੁਪਤਾ ਨੇ ਬੱਸ ਅੱਡੇ ਨੇੜੇ ਅਚਨਚੇਤ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਖਾਮੀਆਂ ਪਾਏ ਜਾਣ ’ਤੇ ਵੱਖ-ਵੱਖ ਸਕੂਲਾਂ ਦੀਆਂ 14 ਬੱਸਾਂ ਦੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ ਚਲਾਨ ਕੀਤੇ ਗਏ। ਇਸ ਦੌਰਾਨ ਅਧਿਕਾਰੀ ਨੇ ਦੱਸਿਆ ਕਿ ਸਾਰੇ ਸਕੂਲ ਸ਼ੁਰੂ ਹੋ ਚੁੱਕੇ ਹਨ ਅਤੇ ਬੱਚਿਆਂ ਦੀ ਹਰ ਪੱਖੋਂ ਸੁਰੱਖਿਆ ਨੂੰ ਧਿਆਨ ’ਚ ਰੱਖ ਕੇ ਇਹ ਡਰਾਈਵ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਕਮੀਆਂ ਪਾਏ ਜਾਣ ’ਤੇ ਉਪਰੋਕਤ ਬੱਸਾਂ ਦੇ ਚਲਾਨ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਇਸ ਤੋਂ ਇਲਾਵਾ ਸਾਰੀਆਂ ਬੱਸਾਂ ਅੰਦਰ ਫਾਇਰ ਸੇਫਟੀ ਅਤੇ ਜੀ. ਪੀ. ਐੱਸ. ਸਿਸਟਮ ਆਦਿ ਸਹੀ ਪਾਏ ਗਏ ਹਨ।
ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕ ਹਰ ਹਾਲਤ ਵਿਚ ਇਹ ਯਕੀਨੀ ਬਣਾਉਣ ਕਿ ਬੱਚਿਆਂ ਨੂੰ ਲੈ ਕੇ ਜਾਣ ਵਾਲੀਆਂ ਬੱਸਾਂ ਦੇ ਦਸਤਾਵੇਜ਼ ਪੂਰੀ ਤਰ੍ਹਾਂ ਮੁਕੰਮਲ ਹੋਣ ਦੇ ਨਾਲ-ਨਾਲ ਬੱਸਾਂ ਦੇ ਚਾਲਕਾਂ ਸਮੇਤ ਸਹਿ-ਚਾਲਕਾਂ ਵੱਲੋਂ ਨਿਯਮਾਂ ਦੀ ਪਾਲਣਾ ਪੂਰੀ ਤਰ੍ਹਾਂ ਕੀਤੀ ਜਾ ਰਹੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਸਬੰਧੀ ਅਗਲੇ ਹਫ਼ਤੇ ਸਾਰੇ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਵੀ ਸੱਦੀ ਗਈ ਹੈ। ਇਸ ਮੌਕੇ ਰੀਡਰ ਸੰਜੀਵ ਕੁਮਾਰ ਅਤੇ ਟ੍ਰੈਫਿਕ ਇੰਚਾਰਜ ਖਰੜ ਸੁਰਿੰਦਰ ਸਿੰਘ ਵੀ ਮੌਜੂਦ ਸਨ।