ਸਕੂਲ ’ਚ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਅਧਿਆਪਕਾਂ ਦੀਆਂ ਵਧੀਆਂ ਮੁਸ਼ਕਲਾਂ

Sunday, Dec 10, 2023 - 04:24 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ) : ਨੇੜਲੇ ਪਿੰਡ ਭੱਟੀਵਾਲ ਦੇ ਸਰਕਾਰੀ ਸਕੂਲ ਵਿਚ ਇਕ ਅਧਿਆਪਕ ਵੱਲੋਂ 12ਵੀਂ ਜਮਾਤ ਦੇ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਤੂਲ ਫੜਦਾ ਨਜ਼ਰ ਆ ਰਿਹਾ ਹੈ। ਮਾਮਲੇ ਸਬੰਧੀ ਸਿੱਖਿਆ ਵਿਭਾਗ ਨੇ ਪਹਿਲਾਂ ਹੀ ਸੋਮਵਾਰ ਨੂੰ ਵਿਭਾਗੀ ਜਾਂਚ ਆਰੰਭ ਕਰਨ ਦੀ ਗੱਲ ਆਖੀ ਹੈ ਤੇ ਹੁਣ ਇਸ ਸਭ ਦੇ ਵਿਚਕਾਰ ਬਾਲ ਅਧਿਕਾਰ ਕਮਿਸ਼ਨ ਵੀ ਉਕਤ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਅਧਿਆਪਕ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਰੋਹ ਵਿਚ ਹੈ। ਦਰਅਸਲ 'ਬੇਰਹਿਮ ਅਧਿਆਪਕ' ਵੱਲੋਂ ਬੱਚਿਆਂ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਪੂਰਾ ਮਾਮਲਾ ਲਗਾਤਾਰ ਮੀਡੀਆ ਵੱਲੋਂ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਗਿਆ ਸੀ।

ਇਸ ਸਭ ਮਗਰੋਂ ਸੂਬੇ ਦੇ ਚਾਇਲਡ ਰਾਈਟਸ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਐਤਵਾਰ ਨੂੰ ਟੀ.ਵੀ. ਚੈਨਲ ਦੀ ਇੰਟਰਵਿਊ ਦੌਰਾਨ ਮਾਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਾਹਮਣੇ ਆਈ ਵੀਡੀਓ ’ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਅਧਿਆਪਕ ਵੱਲੋਂ ਕਿਸ ਤਰੀਕੇ ਨਾਲ ਬੱਚਿਆਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਜਦੋਂਕਿ ਕਾਨੂੰਨ ਇਸਦੀ ਇਜ਼ਾਜਤ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਕੁੱਟਣ ਦੀ ਬਜਾਏ ਇਕ ਚੰਗਾ ਅਧਿਆਪਕ ਆਪਣੇ ਤਜ਼ਰਬੇ ਨਾਲ ਗੱਲਬਾਤ ਰਾਹੀਂ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਮਝਾ ਸਕਦਾ ਹੈ। ਚੇਅਰਮੈਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਇਹ ਇਕ ਤਰ੍ਹਾਂ ਦਾ ਜੁਰਮ ਹੈ ਜੋ ਜੇ.ਜੇ ਐਕਟ ਸੈਕਸ਼ਨ 75 (ਏ) ਦੇ ਅਧੀਨ ਆਉਂਦਾ ਹੈ ਤੇ ਇਸ ਮਾਮਲੇ ਵਿਚ ਅਧਿਆਪਕ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਬਾਬਤ ਉਨ੍ਹਾਂ ਵੱਲੋਂ ਕਾਰਵਾਈ ਕਰਨ ਲਈ ਸਬੰਧਤ ਜ਼ਿਲ੍ਹੇ ਦੇ ਐੱਸ. ਐੱਸ. ਪੀ. ਨੂੰ ਲਿਖਿਆ ਜਾਵੇਗਾ।


Gurminder Singh

Content Editor

Related News