ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ‘ਦਲਿਤ ਯੁਵਾ ਸੰਵਾਦ’ ਪ੍ਰੋਗਰਾਮ ਅੱਜ ਤੋਂ ਹੋਵੇਗਾ ਸ਼ੁਰੂ

Wednesday, Feb 07, 2024 - 11:53 AM (IST)

ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ‘ਦਲਿਤ ਯੁਵਾ ਸੰਵਾਦ’ ਪ੍ਰੋਗਰਾਮ ਅੱਜ ਤੋਂ ਹੋਵੇਗਾ ਸ਼ੁਰੂ

ਚੰਡੀਗੜ੍ਹ (ਜ. ਬ.) : ਵਿੱਦਿਅਕ ਭਲਾਈ ਅਤੇ ਸਸ਼ਕਤੀਕਰਨ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਭਾਰਤੀ ਜਨਤਾ ਪਾਰਟੀ ਐੱਸ. ਸੀ. ਮੋਰਚਾ ਪੰਜਾਬ ਵੱਲੋਂ ‘ਦਲਿਤ ਯੁਵਾ ਸੰਵਾਦ’ ਪ੍ਰੋਗਰਾਮ ਅੱਜ 7 ਫਰਵਰੀ 2024 ਦਿਨ ਬੁੱਧਵਾਰ ਨੂੰ ਦੇਸ਼ ਭਗਤ ਯੂਨੀਵਰਸਿਟੀ ਅਮਲੋਹ, ਫਤਿਹਗੜ੍ਹ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ। ਨੌਜਵਾਨ ਵਿਦਿਆਰਥੀਆਂ, ਖਾਸ ਤੌਰ ’ਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਤਿਆਰ ਕੀਤੀ ਗਈ ਇਸ ਪਹਿਲਕਦਮੀ ਦਾ ਮਕਸਦ ਭਾਰਤ ਸਰਕਾਰ ਦੇ ਅਧੀਨ ਉੱਚ ਸਿੱਖਿਆ ਹਾਸਲ ਕਰ ਰਹੇ ਦਲਿਤ ਵਿਦਿਆਰਥੀਆਂ ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਲਾਭਾਂ ਨੂੰ ਵੱਧ ਤੋਂ ਵੱਧ ਪ੍ਰਾਪਤ ਕਰਨਾ ਹੈ। ਇਸ ਸਬੰਧੀ ਭਾਜਪਾ ਐੱਸ. ਸੀ. ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਬੀਤੇ ਦਿਨੀਂ ਯੂਨੀਵਰਸਿਟੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਦਲਿਤ ਵਿਦਿਆਰਥੀਆਂ ਲਈ ਸਾਰਥਕ ਅਤੇ ਸਫਲ ਭਵਿੱਖ ਲਈ ਰਾਹ ਪੱਧਰਾ ਕਰਨ ਲਈ 7 ਫਰਵਰੀ 2024 ਨੂੰ ਨਿਰਧਾਰਤ ਸਾਂਝੇ ਪ੍ਰੋਗਰਾਮ ’ਤੇ ਜ਼ੋਰ ਦਿੱਤਾ।

ਮੀਟਿੰਗ ਵਿਚ ਵਾਈਸ ਚਾਂਸਲਰ ਦੇ ਸਲਾਹਕਾਰ ਪ੍ਰੋਫੈਸਰ ਵਰਿੰਦਰ ਸਿੰਘ, ਖੱਤਰੀ ਮਹਾਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਪਾਲ ਆਨੰਦ ਅਤੇ ਕਮਲ ਰੱਖੜਾ ਹਾਜ਼ਰ ਸਨ। ਇਸ ਦੌਰਾਨ ਦੇਸ਼ ਭਗਤ ਯੂਨੀਵਰਸਿਟੀ ਸਮੇਤ ਵੱਖ-ਵੱਖ ਯੂਨੀਵਰਸਿਟੀਆਂ ਨੂੰ ‘ਦਲਿਤ ਯੁਵਾ ਸੰਵਾਦ’ ਪ੍ਰੋਗਰਾਮ ਦੀ ਰੂਪ-ਰੇਖਾ ਤਿਆਰ ਕਰਨ ਲਈ ਲਿਖਤੀ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਹ ਪਹਿਲਕਦਮੀ ਦਾਖਲੇ ਦੀ ਮਿਆਦ ਦੌਰਾਨ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਯੋਗ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਮੌਕਿਆਂ ਤੱਕ ਪਹੁੰਚਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰੋਗਰਾਮ ਦਾ ਮਕਸਦ ਜਾਗਰੂਕਤਾ ਪੈਦਾ ਕਰਨਾ, ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ’ਤੇ ਚਰਚਾ ਦੀ ਸਹੂਲਤ ਦੇਣਾ ਅਤੇ ਦਲਿਤ ਵਿਦਿਆਰਥੀਆਂ ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਉਪਲੱਬਧ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ।

ਕੈਂਥ ਨੇ ਕਿਹਾ ਕਿ ਅਸੀਂ ਇਸ ਯਤਨ ਵਿਚ ਵਿੱਦਿਅਕ ਸੰਸਥਾਵਾਂ ਦੀ ਅਹਿਮ ਭੂਮਿਕਾ ਨੂੰ ਪਛਾਣਦੇ ਹਾਂ ਅਤੇ ਆਉਣ ਵਾਲੇ ਅਗਲੇ ਮਹੀਨਿਆਂ ਵਿਚ ਕੰਮਕਾਜੀ ਦਿਨਾਂ ਦੌਰਾਨ ਇਕ ਘੰਟੇ ਦੇ ਪ੍ਰੋਗਰਾਮ ਦੀ ਯੋਜਨਾ ਬਣਾਉਣ ਅਤੇ ਮੇਜ਼ਬਾਨੀ ਕਰਨ ਲਈ ਯੂਨੀਵਰਸਿਟੀ ਅਥਾਰਟੀਆਂ ਤੋਂ ਸਹਿਯੋਗ ਦੀ ਬੇਨਤੀ ਕੀਤੀ ਹੈ। ਇਸ ਅਹਿਮ ਪ੍ਰੋਗਰਾਮ ਵਿਚ ਐੱਸ. ਸੀ. ਮੋਰਚਾ ਪ੍ਰਧਾਨ ਐੱਸ. ਆਰ. ਲੱਧੜ, ਲੋਕ ਸਭਾ ਤੋਂ ਪ੍ਰਦੀਪ ਗਰਗ, ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਅਤੇ ਹੋਰ ਆਗੂ ਮੌਜੂਦ ਹੋਣਗੇ।


author

Gurminder Singh

Content Editor

Related News