ਆਨਲਾਈਨ ਗੇਮਿੰਗ ਦਾ ਖ਼ੌਫ਼ਨਾਕ ਚਿਹਰਾ: ਪਬਜੀ ਵਾਲੇ ਦੋਸਤ ਨੇ ਕੁੜੀ ਨੂੰ ਜਾਲ ''ਚ ਫਸਾਇਆ ਤੇ ਫਿਰ...
Saturday, May 30, 2026 - 01:19 PM (IST)
ਲੁਧਿਆਣਾ (ਰਾਜ) : ਆਨਲਾਈਨ ਗੇਮਿੰਗ ਐਪ 'ਤੇ ਦੋਸਤੀ ਦਾ ਝਾਂਸਾ ਦੇ ਕੇ ਇੱਕ ਕੁੜੀ ਨੂੰ ਆਪਣੇ ਜਾਲ 'ਚ ਫਸਾਉਣ, ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਕੇ ਬਲੈਕਮੇਲ ਕਰਨ ਅਤੇ ਫਿਰ ਵਿਚਕਾਰ ਸੜਕ 'ਤੇ ਗੱਡੀ 'ਚ ਬੰਧਕ ਬਣਾ ਕੇ ਲੁੱਟ-ਖੋਹ ਕਰਨ ਦਾ ਇੱਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕੁੜੀ ਦੀ ਸ਼ਿਕਾਇਤ 'ਤੇ ਥਾਣਾ ਹੈਬੋਵਾਲ ਦੀ ਪੁਲਸ ਨੇ ਜਲੰਧਰ ਦੇ ਇੱਕ ਸ਼ਾਤਰ ਨੌਜਵਾਨ ਤਰਨ ਕੁਮਾਰ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਸ ਵੱਲੋਂ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੀੜਤ ਕੁੜੀ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਆਨਲਾਈਨ ਗੇਮ ਪਬਜੀ ਖੇਡਣ ਦੌਰਾਨ ਉਸ ਦੀ ਜਾਣ-ਪਛਾਣ ਤਰਨ ਕੁਮਾਰ ਨਾਲ ਹੋਈ ਸੀ, ਜੋ ਜਲੰਧਰ ਦੇ ਪਿੰਡ ਗਿੱਲ ਖਾਂਬੜਾ ਦਾ ਰਹਿਣ ਵਾਲਾ ਹੈ। ਹੌਲੀ-ਹੌਲੀ ਦੋਵਾਂ ਦੀ ਜਾਣ-ਪਛਾਣ ਡੂੰਘੀ ਦੋਸਤੀ 'ਚ ਬਦਲ ਗਈ ਅਤੇ ਮੁਲਜ਼ਮ ਅਕਸਰ ਉਸ ਨੂੰ ਮਿਲਣ ਲੁਧਿਆਣਾ ਆਉਣ ਲੱਗ ਪਿਆ।
ਪੀੜਤਾ ਦਾ ਦੋਸ਼ ਹੈ ਕਿ ਮੁਲਜ਼ਮ ਉਸ ਨੂੰ ਬਹਿਲਾ-ਫੁਸਲਾ ਕੇ ਆਪਣੀ ਗੱਡੀ 'ਚ ਬਿਠਾ ਲੈਂਦਾ ਸੀ ਅਤੇ ਇਸੇ ਦੌਰਾਨ ਉਸ ਨੇ ਧੋਖੇ ਨਾਲ ਕੁੜੀ ਦੀਆਂ ਕੁੱਝ ਇਤਰਾਜ਼ਯੋਗ ਤਸਵੀਰਾਂ ਆਪਣੇ ਮੋਬਾਇਲ ਵਿੱਚ ਕੈਦ ਕਰ ਲਈਆਂ। ਇਸ ਤੋਂ ਇਲਾਵਾ ਉਸ ਨੇ ਪੀੜਤਾ ਦੀ ਫੇਸਬੁੱਕ ਆਈ. ਡੀ. ਤੋਂ ਵੀ ਕੁੱਝ ਤਸਵੀਰਾਂ ਚੋਰੀ-ਛਿਪੇ ਡਾਊਨਲੋਡ ਕਰ ਲਈਆਂ। ਮੁਲਜ਼ਮ ਨੇ ਪੀੜਤਾ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਉਹ ਇਨ੍ਹਾਂ ਤਸਵੀਰਾਂ ਨੂੰ ਐਡਿਟ ਕਰਕੇ ਇੰਟਰਨੈੱਟ 'ਤੇ ਅਸ਼ਲੀਲ ਰੂਪ 'ਚ ਵਾਇਰਲ ਕਰ ਦੇਵੇਗਾ। ਬਦਨਾਮੀ ਦੇ ਡਰੋਂ ਪੀੜਤਾ ਸਭ ਕੁੱਝ ਚੁੱਪਚਾਪ ਸਹਿੰਦੀ ਰਹੀ। ਮੁਲਜ਼ਮ ਨੇ ਬਲੈਕਮੇਲਿੰਗ ਦੇ ਇਰਾਦੇ ਨਾਲ ਕੁੜੀ ਨੂੰ ਹੈਬੋਵਾਲ ਦੇ ਚੂਹੜਪੁਰ ਰੋਡ 'ਤੇ ਮਿਲਣ ਲਈ ਮਜਬੂਰ ਕੀਤਾ। ਜਦੋਂ ਪੀੜਤਾ ਉੱਥੇ ਪਹੁੰਚੀ ਤਾਂ ਮੁਲਜ਼ਮ ਨੇ ਉਸ ਨੂੰ ਜ਼ਬਰਦਸਤੀ ਗੱਡੀ ਦੇ ਅੰਦਰ ਖਿੱਚ ਲਿਆ ਅਤੇ ਉਸ ਨਾਲ ਛੇੜਛਾੜ ਕੀਤੀ।
ਜਦੋਂ ਕੁੜੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਹੱਥ 'ਚ ਪਾਇਆ ਸੋਨੇ ਦਾ ਕੀਮਤੀ ਬ੍ਰੇਸਲੇਟ ਅਤੇ ਮੋਬਾਇਲ ਫ਼ੋਨ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮਾਮਲੇ 'ਚ ਥਾਣਾ ਹੈਬੋਵਾਲ ਦੀ ਇੰਸਪੈਕਟਰ ਕੁਲਵੰਤ ਕੌਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਤਰਨ ਕੁਮਾਰ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਮੁਤਾਬਕ ਮੁਲਜ਼ਮ ਨੂੰ ਦਬੋਚਣ ਲਈ ਜਲੰਧਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਵਿਸ਼ੇਸ਼ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ ਅਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
