ਹਰਕਤ ''ਚ ਆਇਆ ਫੂਡ ਸੇਫਟੀ ਵਿਭਾਗ, ਕੈਮੀਕਲ ਨਾਲ ਫ਼ਲ ਪਕਾਉਣ ਵਾਲਿਆਂ ਤੇ ਮਿਲਾਵਟਖੋਰਾਂ ਖ਼ਿਲਾਫ਼ ਐਕਸ਼ਨ

Wednesday, May 27, 2026 - 02:03 PM (IST)

ਹਰਕਤ ''ਚ ਆਇਆ ਫੂਡ ਸੇਫਟੀ ਵਿਭਾਗ, ਕੈਮੀਕਲ ਨਾਲ ਫ਼ਲ ਪਕਾਉਣ ਵਾਲਿਆਂ ਤੇ ਮਿਲਾਵਟਖੋਰਾਂ ਖ਼ਿਲਾਫ਼ ਐਕਸ਼ਨ

ਲੁਧਿਆਣਾ (ਰਾਜ): ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਅਤੇ ਕੈਮੀਕਲ ਨਾਲ ਫਲ ਪਕਾਉਣ ਵਾਲਿਆਂ ਦੇ ਖਿਲਾਫ ਫੂਡ ਸੇਫਟੀ ਵਿਭਾਗ ਨੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਤਹਿਤ ਅੱਜ ਲੁਧਿਆਣਾ ਦੀ ਮੁੱਖ ਸਬਜ਼ੀ ਮੰਡੀ ਵਿਚ ਇਕ ਵੱਡੇ ਪੱਧਰ 'ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਅਚਨਚੇਤ ਕਾਰਵਾਈ ਦੌਰਾਨ ਖਾਣ-ਪੀਣ ਦੀਆਂ ਵਸਤੂਆਂ, ਖਾਸ ਕਰਕੇ ਪਨੀਰ ਅਤੇ ਫਲਾਂ ਦੀ ਗੁਣਵੱਤਾ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਜਿਸ ਕਾਰਨ ਮਿਲਾਵਟਖੋਰਾਂ ਵਿਚ ਹੜਕੰਪ ਮਚ ਗਿਆ।

ਫੂਡ ਸੇਫਟੀ ਟੀਮ ਦੇ ਮੁੱਖ ਅਧਿਕਾਰੀ ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਮਿਲਾਵਟੀ ਸਾਮਾਨ ਵੇਚੇ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸੇ ਆਧਾਰ 'ਤੇ ਮੰਡੀ ਵਿਚ ਪਨੀਰ ਦੀਆਂ ਸਟਾਲਾਂ ਅਤੇ ਰੇਹੜੀਆਂ ਦੀ ਸਖ਼ਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਇਕ ਡੇਅਰੀ ਸਟਾਲ ਦਾ ਪਨੀਰ ਬਹੁਤ ਸ਼ੱਕੀ ਪਾਇਆ ਗਿਆ, ਜਿਸ ਦਾ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਲੈਬਾਰਟਰੀ ਭੇਜ ਦਿੱਤਾ ਗਿਆ ਹੈ।

ਜਨਤਾ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ, ਮੌਕੇ 'ਤੇ ਮੌਜੂਦ ਲਗਭਗ 18 ਕਿੱਲੋ ਸ਼ੱਕੀ ਪਨੀਰ ਨੂੰ ਤੁਰੰਤ ਨਸ਼ਟ ਕਰਵਾ ਦਿੱਤਾ ਗਿਆ। ਅਧਿਕਾਰੀਆਂ ਨੇ ਸਾਰੇ ਪਨੀਰ ਵਿਕਰੇਤਾਵਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਉਹ ਘਟੀਆ ਖਾਧ ਪਦਾਰਥਾਂ ਦੀ ਵਿਕਰੀ ਬੰਦ ਕਰ ਦੇਣ, ਨਹੀਂ ਤਾਂ ਉਨ੍ਹਾਂ ਵਿਰੁੱਧ 'ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ' ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਫੂਡ ਸੇਫਟੀ, ਬਾਗਬਾਨੀ ਅਤੇ ਵਾਤਾਵਰਣ ਵਿਭਾਗ ਦੀ ਸਾਂਝੀ ਟੀਮ ਨੇ ਫਲ ਪਕਾਉਣ ਵਾਲੇ ਕੇਂਦਰਾਂ (ਰਾਈਪਨਿੰਗ ਸੈਂਟਰਾਂ) ਅਤੇ ਕੋਲਡ ਸਟੋਰਾਂ 'ਤੇ ਵੀ ਛਾਪੇ ਮਾਰੇ। ਟੀਮ ਨੇ ਵਿਸ਼ੇਸ਼ ਤੌਰ 'ਤੇ ਇਥਾਈਲੀਨ ਗੈਸ ਰਾਹੀਂ ਪਕਾਏ ਜਾ ਰਹੇ ਫਲਾਂ ਦੇ ਸਟਾਕ ਦੀ ਜਾਂਚ ਕੀਤੀ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਫਲਾਂ ਨੂੰ ਜਲਦੀ ਪਕਾਉਣ ਲਈ 'ਕੈਲਸ਼ੀਅਮ ਕਾਰਬਾਈਡ' ਦੀ ਵਰਤੋਂ ਕਰਨਾ ਕਾਨੂੰਨੀ ਅਪਰਾਧ ਹੈ, ਕਿਉਂਕਿ ਇਹ ਕੈਮੀਕਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣਦਾ ਹੈ।

ਭਿਆਨਕ ਗਰਮੀ ਨੂੰ ਦੇਖਦੇ ਹੋਏ ਵਿਭਾਗ ਨੇ ਰੇਹੜੀ ਵਾਲਿਆਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਕੱਟੇ ਹੋਏ ਫਲ ਖੁੱਲ੍ਹੇ ਵਿਚ ਨਾ ਵੇਚਣ, ਕਿਉਂਕਿ ਇਸ ਨਾਲ ਬੈਕਟੀਰੀਆ ਪੈਦਾ ਹੋਣ ਅਤੇ ਡਾਇਰੀਆ ਵਰਗੀਆਂ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਜਾਂਦਾ ਹੈ। ਵਿਭਾਗ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਹਮੇਸ਼ਾ ਤਾਜ਼ੇ ਅਤੇ ਸਾਫ਼-ਸੁਥਰੇ ਫਲ ਹੀ ਖਰੀਦਣ ਅਤੇ ਕਿਸੇ ਵੀ ਸ਼ੱਕੀ ਚੀਜ਼ ਦੀ ਸੂਚਨਾ ਤੁਰੰਤ ਵਿਭਾਗ ਨੂੰ ਦੇਣ।
 


author

Anmol Tagra

Content Editor

Related News