ਪਹਿਲੀ ਬਾਰਿਸ਼ ''ਚ ਹਲਵਾਰਾ ਏਅਰਪੋਰਟ ''ਤੇ ਹੋਏ ਨੁਕਸਾਨ ਦਾ ਮਸਲਾ ਭਖਿਆ! ਜਾਂਚ ਦੇ ਹੁਕਮ ਜਾਰੀ

Sunday, May 31, 2026 - 04:46 PM (IST)

ਪਹਿਲੀ ਬਾਰਿਸ਼ ''ਚ ਹਲਵਾਰਾ ਏਅਰਪੋਰਟ ''ਤੇ ਹੋਏ ਨੁਕਸਾਨ ਦਾ ਮਸਲਾ ਭਖਿਆ! ਜਾਂਚ ਦੇ ਹੁਕਮ ਜਾਰੀ

ਲੁਧਿਆਣਾ (ਹਿਤੇਸ਼): ਭਾਰੀ ਬਾਰਿਸ਼ ਕਾਰਨ ਹਲਵਾਰਾ ਏਅਰਪੋਰਟ ਦੇ ਟਰਮੀਨਲ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਇਹ ਮਾਮਲਾ ਕਾਫ਼ੀ ਗਰਮਾ ਗਿਆ ਹੈ। ਮੀਂਹ ਦੌਰਾਨ ਕਈ ਥਾਵਾਂ ਤੋਂ ਛੱਤ ਦੀਆਂ ਸ਼ੀਟਾਂ ਉੱਡ ਗਈਆਂ, ਜਿਸ ਕਾਰਨ ਇਲੈਕਟ੍ਰੀਸਿਟੀ ਰੂਮ, ਟਿਕਟ ਕਾਊਂਟਰ ਅਤੇ ਮੇਨ ਐਂਟਰੈਂਸ (ਮੁੱਖ ਗੇਟ) 'ਤੇ ਪਾਣੀ ਦੀ ਭਾਰੀ ਲੀਕੇਜ ਹੋਈ। ਜ਼ਿਕਰਯੋਗ ਹੈ ਕਿ ਹਲਵਾਰਾ ਏਅਰਪੋਰਟ ਦਾ ਇਹ ਪ੍ਰਾਜੈਕਟ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਜਿਸ ਦੀ ਨਿਗਰਾਨੀ ਖੁਦ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਸੀ। ਪੀ.ਡਬਲਯੂ.ਡੀ. (PWD) ਵਿਭਾਗ ਵੱਲੋਂ ਬਣਾਏ ਗਏ ਇਸ ਟਰਮੀਨਲ ਦੀ ਕੁਆਲਿਟੀ 'ਤੇ ਹੁਣ ਵੱਡੇ ਸਵਾਲ ਖੜ੍ਹੇ ਹੋ ਗਏ ਹਨ, ਕਿਉਂਕਿ ਇਹ ਪਹਿਲੀ ਬਾਰਿਸ਼ ਵੀ ਨਹੀਂ ਝੱਲ ਸਕਿਆ।

ਇਸ ਖ਼ਰਾਬ ਹਾਲਤ ਦਾ ਖੁਲਾਸਾ ਸਭ ਤੋਂ ਪਹਿਲਾਂ 'ਜਗ ਬਾਣੀ' ਵੱਲੋਂ ਕੀਤਾ ਗਿਆ। ਇਸ ਸਬੰਧੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕਰਦਿਆਂ ਸਬੰਧਿਤ ਠੇਕੇਦਾਰ ਅਤੇ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਸਿਫ਼ਾਰਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਏਅਰਪੋਰਟ ਅਥਾਰਟੀ ਨੂੰ ਵੀ ਲਿਖਤੀ ਸ਼ਿਕਾਇਤ ਭੇਜਣਗੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਏ.ਡੀ.ਸੀ. ਜਗਰਾਉਂ ਨੂੰ ਇਸ ਦੀ ਜਾਂਚ ਸੌਂਪ ਦਿੱਤੀ ਹੈ। ਏ.ਡੀ.ਸੀ. ਜਗਰਾਉਂ ਮਨਜੀਤ ਸਿੰਘ ਚੀਮਾ ਨੇ ਜਾਂਚ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਨੁਕਸਾਨ ਨੂੰ ਜਲਦੀ ਠੀਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਜਾਂਚ ਤੋਂ ਬਾਅਦ ਲਾਪਰਵਾਹ ਅਫ਼ਸਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।

ਦੂਜੇ ਪਾਸੇ, ਪੀ.ਡਬਲਯੂ.ਡੀ. ਦੇ ਅਧਿਕਾਰੀ ਇਸ ਮਾਮਲੇ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਵਿਭਾਗ ਦਾ ਤਰਕ ਹੈ ਕਿ ਏਅਰਪੋਰਟ ਅਥਾਰਟੀ ਦੀ ਲੇਬਰ ਤਾਰਾਂ ਪਾਉਣ ਲਈ ਛੱਤ 'ਤੇ ਚੜ੍ਹੀ ਸੀ, ਜਿਨ੍ਹਾਂ ਨੇ ਸ਼ੀਟ ਹਟਾਉਣ ਤੋਂ ਬਾਅਦ ਦੁਬਾਰਾ ਸਹੀ ਤਰੀਕੇ ਨਾਲ ਨਹੀਂ ਲਗਾਈ, ਜਿਸ ਕਾਰਨ ਲੀਕੇਜ ਹੋਈ। ਹਾਲਾਂਕਿ, ਲੀਕੇਜ ਇੰਨੀ ਜ਼ਿਆਦਾ ਅਤੇ ਕਈ ਥਾਵਾਂ 'ਤੇ ਸੀ ਕਿ ਵਿਭਾਗ ਦਾ ਇਹ ਦਾਅਵਾ ਕਮਜ਼ੋਰ ਲੱਗ ਰਿਹਾ ਹੈ। ਪੀ.ਡਬਲਯੂ.ਡੀ. ਦੇ ਅਧਿਕਾਰੀਆਂ ਮੁਤਾਬਕ ਠੇਕੇਦਾਰ ਦੀ ਸਕਿਓਰਿਟੀ ਰਾਸ਼ੀ ਵਿਭਾਗ ਕੋਲ ਜਮ੍ਹਾਂ ਹੈ, ਇਸ ਲਈ ਇਹ ਮੁਰੰਮਤ ਠੇਕੇਦਾਰ ਦੇ ਖ਼ਰਚੇ 'ਤੇ ਹੀ ਕਰਵਾਈ ਜਾਵੇਗੀ।

ਫਿਲਹਾਲ ਇਸ ਮਾਮਲੇ 'ਤੇ ਪੀ.ਡਬਲਯੂ.ਡੀ. ਦੇ ਐੱਸ.ਈ. (SE) ਸੁਰੇਸ਼ ਕੁਮਾਰ, ਐਕਸੀਅਨ (XEN) ਆਦੇਸ਼ ਗੁਪਤਾ ਅਤੇ ਐੱਸ.ਡੀ.ਓ. (SDO) ਭੰਡਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਇਸ ਘਟਨਾ ਨੇ ਕਰੋੜਾਂ ਦੀ ਲਾਗਤ ਵਾਲੇ ਪ੍ਰਾਜੈਕਟ ਵਿਚ ਵਿਭਾਗ ਦੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਦਿੱਤੀ ਹੈ ਅਤੇ ਹੁਣ ਸਭ ਦੀ ਨਜ਼ਰ ਡੀ.ਸੀ. ਦੀ ਜਾਂਚ ਰਿਪੋਰਟ ਅਤੇ ਕੇਂਦਰ ਸਰਕਾਰ ਦੇ ਅਗਲੇ ਕਦਮਾਂ 'ਤੇ ਟਿਕੀ ਹੋਈ ਹੈ।
 


author

Anmol Tagra

Content Editor

Related News