ਲੁਧਿਆਣਾ ''ਚ ਆਟੋ ਗੈਂਗ ਦਾ ਆਤੰਕ: ਹਥਿਆਰਾਂ ਦੇ ਜ਼ੋਰ ''ਤੇ 7 ਸਵਾਰੀਆਂ ਨੂੰ ਲੁੱਟਿਆ, ਖਾਤੇ ''ਚ ਪਵਾਏ 58 ਹਜ਼ਾਰ

Sunday, May 24, 2026 - 11:00 AM (IST)

ਲੁਧਿਆਣਾ ''ਚ ਆਟੋ ਗੈਂਗ ਦਾ ਆਤੰਕ: ਹਥਿਆਰਾਂ ਦੇ ਜ਼ੋਰ ''ਤੇ 7 ਸਵਾਰੀਆਂ ਨੂੰ ਲੁੱਟਿਆ, ਖਾਤੇ ''ਚ ਪਵਾਏ 58 ਹਜ਼ਾਰ

ਲੁਧਿਆਣਾ (ਗੌਤਮ): ਲੁਧਿਆਣਾ ਸ਼ਹਿਰ ਵਿਚ ਲੁਟੇਰਿਆਂ ਦੇ ਹੌਸਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਹੁਣ ਉਹ ਸਿਰਫ਼ ਨਕਦੀ ਜਾਂ ਮੋਬਾਈਲ ਲੁੱਟਣ ਤੱਕ ਸੀਮਤ ਨਹੀਂ ਹਨ, ਸਗੋਂ ਹਥਿਆਰਾਂ ਦੇ ਜ਼ੋਰ 'ਤੇ ਲੋਕਾਂ ਦੇ ਬੈਂਕ ਖਾਤੇ ਵੀ ਖਾਲੀ ਕਰਵਾ ਰਹੇ ਹਨ। ਤਾਜ਼ਾ ਮਾਮਲਾ ਦਰੇਸੀ ਥਾਣਾ ਖੇਤਰ ਦਾ ਹੈ, ਜਿੱਥੇ ਇਕ ਆਟੋ ਚਾਲਕ ਅਤੇ ਉਸ ਦੇ ਸਾਥੀਆਂ ਨੇ ਆਟੋ ਵਿਚ ਬੈਠੀਆਂ 7 ਸਵਾਰੀਆਂ ਨੂੰ ਬੰਧਕ ਬਣਾ ਕੇ ਲੁੱਟ-ਖੋਹ ਕੀਤੀ ਅਤੇ ਇਕ ਨੌਜਵਾਨ ਤੋਂ ਜ਼ਬਰਦਸਤੀ ਆਨਲਾਈਨ ਪੈਸੇ ਟਰਾਂਸਫਰ ਕਰਵਾ ਲਏ।

ਇਹ ਘਟਨਾ 16 ਮਈ ਦੀ ਸਵੇਰ ਕਰੀਬ 4:45 ਵਜੇ ਦੀ ਹੈ। ਗ੍ਰੇਟਰ ਨੋਇਡਾ ਦੀ ਇਕ ਨਿੱਜੀ ਕੰਪਨੀ ਵਿਚ ਕੰਮ ਕਰਨ ਵਾਲਾ ਦਿਲੀਪ ਕੁਮਾਰ ਮੋਰੀਆ ਆਪਣੀ ਭੈਣ ਨੂੰ ਮਿਲਣ ਲੁਧਿਆਣਾ ਆਇਆ ਸੀ ਅਤੇ ਰੇਲਵੇ ਸਟੇਸ਼ਨ ਤੋਂ ਜਾਣ ਲਈ ਉਸ ਨੇ ਇਕ ਆਟੋ ਲਿਆ, ਜਿਸ ਵਿਚ ਪਹਿਲਾਂ ਹੀ ਕੁਝ ਸਵਾਰੀਆਂ ਮੌਜੂਦ ਸਨ। ਰਸਤੇ ਵਿਚ ਆਟੋ ਚਾਲਕ ਦੇ ਦੋ ਸਾਥੀਆਂ ਨੇ ਤੇਜ਼ਧਾਰ ਹਥਿਆਰ (ਦਾਤਰ) ਕੱਢ ਕੇ ਸਾਰੀਆਂ ਸਵਾਰੀਆਂ ਨੂੰ ਬੰਧਕ ਬਣਾ ਲਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਮੁਲਜ਼ਮਾਂ ਨੇ ਸਾਰੀਆਂ ਸਵਾਰੀਆਂ ਤੋਂ ਨਕਦੀ ਅਤੇ ਕੀਮਤੀ ਸਾਮਾਨ ਲੁੱਟਣ ਤੋਂ ਬਾਅਦ ਦਿਲੀਪ ਕੁਮਾਰ ਦੀ ਗਰਦਨ 'ਤੇ ਹਥਿਆਰ ਰੱਖ ਕੇ ਉਸ ਦੇ ਬੈਂਕ ਖਾਤੇ ਵਿਚੋਂ ਚਾਰ ਅਲੱਗ-ਅਲੱਗ ਟ੍ਰਾਂਜੈਕਸ਼ਨਾਂ ਰਾਹੀਂ ਕੁੱਲ 58,300 ਰੁਪਏ "ਗਗਨ ਪੀਰ" ਨਾਮਕ ਵਿਅਕਤੀ ਦੇ ਖਾਤੇ ਵਿਚ ਟਰਾਂਸਫਰ ਕਰਵਾ ਲਏ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਦਿਲੀਪ ਨੂੰ ਬਸਤੀ ਜੋਧੇਵਾਲ ਦੇ ਬੰਬੇ ਟਾਇਰ ਇਲਾਕੇ ਕੋਲ ਆਟੋ ਤੋਂ ਧੱਕਾ ਦੇ ਕੇ ਫ਼ਰਾਰ ਹੋ ਗਏ।

ਪੁਲਸ ਨੇ ਲੁਧਿਆਣਾ ਨਿਵਾਸੀ ਗਗਨ ਪੀਰ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ BNS ਦੀ ਧਾਰਾ 304-3(5) ਤਹਿਤ ਮਾਮਲਾ ਦਰਜ ਕਰ ਲਿਆ ਹੈ। ਏ.ਐੱਸ.ਆਈ. ਹਰਪਾਲ ਸਿੰਘ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਸ ਸੀ.ਸੀ.ਟੀ.ਵੀ. ਫੁਟੇਜ ਰਾਹੀਂ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।


author

Anmol Tagra

Content Editor

Related News