ਸੰਤ ਨਿਰੰਕਾਰੀ ਮਿਸ਼ਨ ਵਲੋਂ ਬਣਾਈ ‘ਮਨੁੱਖੀ ਆਕ੍ਰਿਤੀ’ ਗਿੰਨੀਜ਼ ਬੁੱਕ 'ਚ ਦਰਜ
Wednesday, Feb 06, 2019 - 12:24 PM (IST)

ਜੈਤੋਂ (ਜ.ਬ.) – ਸੰਤ ਨਿਰੰਕਾਰੀ ਮਿਸ਼ਨ ਦੇ 18,770 ਸ਼ਰਧਾਲੂ ਭਗਤਾਂ ਵਲੋਂ ਬਣਾਈ ਰੌਸ਼ਨ ਮੀਨਾਰ ਦੀ ਸਭ ਤੋਂ ਵੱਡੀ ਮਾਨਵ ਆਕ੍ਰਿਤੀ ਨੂੰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ 'ਚ ਦਰਜ ਕਰ ਲਿਆ ਗਿਆ ਹੈ। ਸੰਤ ਨਿਰੰਕਾਰੀ ਮੰਡਲ ਦੇ ਮੀਡੀਆ ਸਹਾਇਕ ਪ੍ਰਮੋਦ ਧੀਰ ਨੇ ਦੱਸਿਆ ਕਿ ਇਹ ਜਾਣਕਾਰੀ ਪ੍ਰੈੱਸ ਐਂਡ ਪਬਲੀਸਿਟੀ ਦੇ ਮੈਂਬਰ ਇੰਚਾਰਜ ਭੈਣ ਰਾਜ ਕੁਮਾਰੀ ਨੇ ਜਾਰੀ ਇਕ ਪ੍ਰੈੱਸ ਰਿਲੀਜ਼ ਜਾਰੀ ਕਰਦਿਆਂ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਿਸ਼ਨ ਨੂੰ ਇਹ ਸੂਚਨਾ ਗਿੰਨੀਜ਼ ਬੁੱਕ ਦੀ ਰਿਕਾਰਡ ਮੈਨੇਜਮੈਂਟ ਟੀਮ ਵਲੋਂ ਭੇਜੀ ਗਈ ਈ-ਮੇਲ ਤੋਂ ਪ੍ਰਾਪਤ ਹੋਈ ਹੈ।
ਦੱਸ ਦੇਈਏ ਕਿ ਇਹ ਵਰਲਡ ਰਿਕਾਰਡ ਪ੍ਰੋਗਰਾਮ 17 ਨਵੰਬਰ 2018 ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਦੈਵੀ ਹਾਜ਼ਰੀ 'ਚ ਸੰਤ ਨਿਰੰਕਾਰੀ ਅਧਿਆਤਮਿਕ ਸਥਲ ਜੀ. ਟੀ. ਰੋਡ ਸਮਾਲ ਖਾਂ 'ਚ ਆਯੋਜਿਤ ਕੀਤਾ ਗਿਆ ਸੀ। ਇਸ ਮਿਸ਼ਨ ਦੇ ਸਾਬਕਾ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਨੂੰ ਸਮਰਪਿਤ ਕੀਤਾ, ਜੋ ਇਹ ਚਾਹੁੰਦੇ ਸਨ ਕਿ ਹਰ ਨਿਰੰਕਾਰੀ ਭਗਤ ਇਕ ਰੌਸ਼ਨ ਮੀਨਾਰ ਬਣੇ ਅਤੇ ਪਰਮਾਤਮਾ ਦੇ ਗਿਆਨ ਦੇ ਉਜਾਲੇ ਨੂੰ ਵਿਸ਼ਵ ਦੇ ਕੋਨੇ-ਕੋਨੇ ਤੱਕ ਫੈਲਾਏ। ਇਸ ਰੌਸ਼ਨ ਮੀਨਾਰ ਨੂੰ ਮਾਨਵ ਆਕ੍ਰਿਤੀ ਵਿਚ ਭਾਗ ਲੈਣ ਲਈ ਨਿਰੰਕਾਰੀ ਭਗਤ ਦੇਸ਼ ਭਰ ਤੋਂ ਆਏ ਸਨ, ਜਿਨ੍ਹਾਂ ਉਮਰ 18 ਤੋਂ 65 ਸਾਲ ਨਿਰਧਾਰਿਤ ਕੀਤੀ ਗਈ ਸੀ। ਕੁਲ ਮਿਲਾ ਕੇ ਲਗਭਗ 25,000 ਭਗਤਾਂ ਨੇ ਆਪਣਾ ਨਾਂ ਦਰਜ ਕਰਵਾਇਆ ਸੀ। ਇਸ ਮਾਨਵ ਆਕ੍ਰਿਤੀ 'ਚ ਭਾਗ ਲੈਣ ਵਾਲੇ ਸਾਰੇ ਮੈਂਬਰ ਸਵੇਰੇ 7 ਵਜੇ ਇਕੱਠੇ ਹੋ ਗਏ ਸਨ। ਹਰ ਮੈਂਬਰ ਨੂੰ ਪ੍ਰਬੰਧਕਾਂ ਵਲੋਂ ਵੱਖ-ਵੱਖ ਰੰਗਾਂ ਦੀਆਂ ਪੋਸ਼ਾਕਾਂ ਦਿੱਤੀਆਂ ਗਈਆਂ ਸਨ, ਜੋ ਉਸ ਦੇ ਸਥਾਨ ਦੇ ਅਨੁਸਾਰ ਨਿਰਧਾਰਿਤ ਕੀਤੀ ਗਈ ਸੀ। ਇਸ ਮਾਨਵ ਆਕ੍ਰਿਤੀ 'ਚ ਕੁਲ 5 ਰੰਗ ਸਨ ਅਤੇ ਇਹ ਪੋਸ਼ਾਕ ਹਰ ਮੈਂਬਰ ਨੇ ਆਪਣੇ ਪਹਿਲਾਂ ਤੋਂ ਪਾਏ ਹੋਏ ਕੱਪੜਿਆਂ ਦੇ ਉੱਪਰ ਪਾਉਣੀ ਸੀ। ਇਸ ਮਾਨਵ ਆਕ੍ਰਿਤੀ ਨੂੰ ਬਣਾਉਣ ਲਈ ਲਗਭਗ 5 ਘੰਟੇ ਦਾ ਸਮਾ ਲੱਗਾ ਸੀ।