ਸੰਤ ਸੀਚੇਵਾਲ ਨੇ ਲੋਕਲ ਬਾਡੀ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਿਆ ਨਿਸ਼ਾਨੇ ''ਤੇ

12/15/2019 6:26:19 PM

ਸੁਲਤਾਨਪੁਰ ਲੋਧੀ (ਸੋਢੀ)— ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਿਜ਼ਨਲ ਵਾਤਾਵਰਣ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪ੍ਰਦੂਸ਼ਿਤ ਹੋ ਰਹੇ ਦਰਿਆਵਾਂ ਅਤੇ ਸ਼ਹਿਰਾਂ ਨੂੰ ਸਾਫ-ਸੁਥਰਾ ਕਰਨ ਲਈ ਸੂਬੇ ਦੇ ਦੋ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕਲ ਬਾਡੀ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਸਹੀ ਢੰਗ ਨਾਲ ਨਿਭਾਈਆਂ ਹੁੰਦੀਆਂ ਤਾਂ ਸੂਬੇ ਦੇ ਨਾ ਤਾਂ ਦਰਿਆ ਗੰਦੇ ਹੁੰਦੇ ਅਤੇ ਨਾ ਹੀ ਸ਼ਹਿਰਾਂ 'ਚ ਹਰ ਥਾਂ ਕੂੜਾ ਖਿੱਲਰਿਆ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਅਤੇ ਵੱਡੇ ਕਸਬਿਆਂ 'ਚ ਖਿੱਲਰਿਆ ਕੂੜਾ, ਸ਼ਹਿਰਾਂ ਦਾ ਗੰਦਾ ਪਾਣੀ ਅਤੇ ਜ਼ਹਿਰੀਲਾ ਪਾਣੀ ਡਰੇਨਾਂ 'ਚ ਪਾਉਣ ਲਈ ਲੋਕਲ ਬਾਡੀ ਵਿਭਾਗ ਦੇ ਅਧਿਕਾਰੀ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ ਜਿੰਨ੍ਹਾਂ ਨੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਹੀਂ ਨਿਭਾਈ। ਇਸ ਕਰਕੇ ਸ਼ਹਿਰਾਂ 'ਚ ਅਤਿ ਦਰਜੇ ਦੀ ਗੰਦਗੀ ਫੈਲੀ ਹੋਈ ਹੈ।

ਚੰਡੀਗੜ੍ਹ 'ਚ ਹੋਈ ਇਸ ਕਾਨਫਰੰਸ ਨੂੰ ਜਦੋਂ ਸੰਬੋਧਨ ਕਰ ਰਹੇ ਸਨ ਤਾਂ ਉਦੋਂ ਉਥੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਅਦਰਸ਼ ਕੁਮਾਰ ਗੋਇਲ, ਨਿਗਰਾਨ ਕਮੇਟੀ ਦੇ ਮੁਖੀ ਜਸਟਿਸ ਪ੍ਰੀਤਮਪਾਲ ਅਤੇ ਜਸਟਿਸ ਜਸਵੀਰ ਸਿੰਘ ਸਮੇਤ ਹੋਰ ਬਹੁਤ ਸਾਰੇ ਸੀਨੀਅਰ ਅਧਿਕਾਰੀ ਹਾਜ਼ਰ ਸਨ। ਇਸ ਕਾਨਫਰੰਸ 'ਚ ਰਾਜਸਥਾਨ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਅਧਿਕਾਰੀ ਅਤੇ ਮਾਹਿਰ ਹਾਜ਼ਰ ਸਨ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸ਼ਪੱਸ਼ਟ ਕੀਤਾ ਕਿ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਨਹੀਂ। ਲੋਕ ਪੂਰੀ ਤਰ੍ਹਾਂ ਨਾਲ ਸੁਚੇਤ ਹਨ। ਸੰਤ ਸੀਚੇਵਾਲ ਨੇ ਸਵਾਲ ਖੜਾ ਕੀਤਾ ਕਿ ਕੀ ਇੰਨ੍ਹਾਂ ਵਿਭਾਗਾਂ 'ਚ ਆਈ. ਏ. ਐੱਸ ਅਧਿਕਾਰੀ ਲੱਗਦੇ ਹਨ ਕੀ ਉਨ੍ਹਾਂ ਨੂੰ ਇਹ ਸਮਝਾਉਣ ਦੀ ਲੋੜ ਹੁੰਦੀ ਹੈ ਕਿ ਦਰਿਆਵਾਂ 'ਚ ਪਲੀਤ ਪਾਣੀ ਪਾਉਣਾ ਕਿੰਨ੍ਹਾ ਗੁਨਾਹ ਹੈ? ਲੋਕਲ ਬਾਡੀ ਵਿਭਾਗ ਗੰਦ ਪਾ ਰਹੀ ਹੈ ਅਤੇ ਪਰਦੂਸ਼ਣ ਕੰਟਰੋਲ ਬੋਰਡ ਨੇ ਰੋਕਣਾ ਸੀ ਪਰ ਦੋਵੇਂ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੀ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ। ਉਨ੍ਹਾਂ ਦੀ ਇਸ ਲਾਪ੍ਰਵਾਹੀ ਕਾਰਨ ਹੀ ਲੋਕ ਭਿਆਨਕ ਬੀਮਾਰੀਆਂ ਨਾਲ ਮਰ ਰਹੇ ਹਨ।

ਸੰਤ ਸੀਚੇਵਾਲ ਨੇ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਤੀ ਵਿਅਕਤੀ ਪ੍ਰਤੀ ਦਿਨ 135 ਲੀਟਰ ਕਰਨ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਬਰਬਾਦੀ ਰੋਕਣ ਲਈ ਸਪਲਾਈ 'ਤੇ ਕੰਟਰੋਲ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ 'ਚ ਲੱਗੇ ਟਰੀਟਮੈਂਟ ਪਲਾਂਟ ਤਾਂ ਹੀ ਠੀਕ ਢੰਗ ਨਾਲ ਚੱਲਣਗੇ ਜਦੋਂ ਪਾਣੀ ਦੀ ਸਪਲਾਈ ਠੀਕ ਹੋਵੇਗੀ। ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪਵਿੱਤਰ ਕਾਲੀ ਵੇਈਂ ਦੀ 20 ਸਾਲਾਂ ਤੋਂ ਹੋਈ ਕਾਰ ਸੇਵਾ ਨਾਲ ਕਿਵੇਂ ਲੋਕਾਂ ਦੀ ਸ਼ਮੂਲੀਅਤ ਨਾਲ ਸਾਫ ਕੀਤੀ ਗਈ ਹੈ। ਇਸ ਬਾਰੇ ਦਸਤਾਵੇਜ਼ੀ ਫਿਲਮ ਵੀ ਦਿਖਾਈ ਹੈ ਕਿ ਕਿਵੇਂ ਪਾਣੀ ਦੇ ਕੁਦਰਤੀ ਸਾਧਨਾਂ ਨੂੰ ਪਲੀਤ ਕੀਤਾ ਗਿਆ ਸੀ ਅਤੇ ਕਿਸੇ ਨੇ ਵੀ ਇਸ ਨੂੰ ਰੋਕਣ ਦਾ ਯਤਨ ਨਹੀਂ ਕੀਤਾ। ਸਾਲ 2000 'ਚ ਕੀਤੀ ਗਈ ਕਾਰ ਸੇਵਾ ਨਾਲ ਬਾਬੇ ਨਾਨਕ ਦੀ ਵੇਈਂ ਮੁੜ ਨਿਰਮਲ ਧਾਰਾ 'ਚ ਵੱਗਣ ਲੱਗ ਪਈ ਹੈ।


shivani attri

Content Editor

Related News