ਐੱਫ. ਸੀ. ਆਈ. ਵਿਭਾਗ ਦੀ ਬੇਧਿਆਨੀ ਕਾਰਨ ਸ਼ੈਲਰ ਉਦਯੋਗ ਡੁੱਬਣ ਕਿਨਾਰੇ : ਬਾਂਸਲ

Saturday, Apr 20, 2019 - 04:10 AM (IST)

ਐੱਫ. ਸੀ. ਆਈ. ਵਿਭਾਗ ਦੀ ਬੇਧਿਆਨੀ ਕਾਰਨ ਸ਼ੈਲਰ ਉਦਯੋਗ ਡੁੱਬਣ ਕਿਨਾਰੇ : ਬਾਂਸਲ
ਸੰਗਰੂਰ (ਮੇਸ਼ੀ,ਹਰੀਸ਼)-ਕੇਂਦਰ ਅਤੇ ਪੰਜਾਬ ਸਰਕਾਰ ਨੇ ਹਦਾਇਤਾਂ ਸਮੇਤ ਸ਼ਰਤਾਂ ਦੇ ਆਧਾਰ ’ਤੇ ਰਾਈਸ ਮਿੱਲਰਜ਼ ਨੂੰ ਝੋਨਾ ਸਟੋਰ ਕਰਨ ਤੋਂ ਬਾਅਦ ਡਿਪੂਆਂ ਵਿਚ ਚਾਵਲ ਡੰਪ ਕਰਨ ਦੇ ਹੁਕਮ ਦਿੱਤੇ ਸਨ, ਜਿਨਾਂ ਦੀ ਪਾਲਣਾ ਕਰਦਿਆਂ ਸਮੂਹ ਸ਼ੈਲਰ ਮਾਲਕਾਂ ਨੇ ਇਨ੍ਹਾਂ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕਰ ਕੇ ਵੱਖ-ਵੱਖ ਡਿਪੂਆਂ ਵਿਚ ਚਾਵਲ ਵੀ ਸਟੋਰ ਕੀਤੇ ਜਾ ਰਹੇ ਹਨ ਪਰ ਐੱਫ. ਸੀ. ਆਈ. ਵਿਭਾਗ ਵੱਲੋਂ ਚਾਵਲਾਂ ਨੂੰ ਹੋਰ ਸੂਬਿਆਂ ਦੇ ਸਟੋਰਾਂ ’ਚ ਭੇਜਣ ਸਬੰਧੀ ਸਪੈਸ਼ਲਾਂ ਨਾ ਲੱਗਣ ਦੀ ਘਾਟ ਕਾਰਨ ਸ਼ੈਲਰ ਮਾਲਕ ਦਾ ਵੱਡੀ ਪੱਧਰ ’ਤੇ ਆਰਥਕ ਨੁਕਸਾਨ ਹੋ ਰਿਹਾ ਹੈ, ਜਿਸ ਸਬੰਧੀ ਵਿਸਥਾਰਪੂਰਵਕ ਜ਼ਿਲਾ ਸ਼ੈਲਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਤਰਲੋਚਨ ਬਾਂਸਲ ਨੇ ਤਪਾ ਦੇ ਸ਼ੁਕਰਗੁਜ਼ਾਰ ਰਾਈਸ ਮਿੱਲਜ਼ ਵਿਖੇ ਹੋਰ ਸ਼ੈਲਰ ਮਾਲਕਾਂ ਨਾਲ ਬੈਠਕ ਕਰਨ ਉਪਰੰਤ ਦੱਸਿਆ ਕਿ ਤਪਾ ਦੇ ਐੱਫ. ਸੀ. ਆਈ. ਦਾ ਸ਼ੈਲਰ ਟਰੇਡ ਵੱਲ ਕੋਈ ਧਿਆਨ ਨਹੀਂ ਹੈ ਤੇ ਸ਼ੈਲਰ ਟਰੇਡ ਨੂੰ ਡੁਬਾਉਣ ਵਾਲੀਆਂ ਰਣਨੀਤੀਆਂ ਵਰਤੀਆਂ ਜਾ ਰਹੀਆਂ ਹਨ ਤਾਂ ਜੋ ਰਾਈਸ ਮਿਲਰਜ਼ ਦੇ ਕਾਰੋਬਾਰ ਵਿਚ ਵਾਧਾ ਨਾ ਹੋ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਦੀਆਂ ਸ਼ਰਤਾਂ ਮੁਤਾਬਕ 31 ਮਾਰਚ ਨੂੰ ਰਾਈਸ ਮਿਲਰਜ਼ ਵੱਲੋਂ ਚਾਵਲਾਂ ਦੀਆਂ ਗੱਡੀਆਂ ਡੰਪ ਕਰ ਕੇ ਕੰਮ ਮੁਕੰਮਲ ਕੀਤਾ ਜਾਣਾ ਸੀ, ਵਿਭਾਗ ਦੀ ਆਪਣੀ ਕਮੀ ਕਾਰਨ ਹਰ ਦਿਨ ਪੂਰੇ ਪੰਜਾਬ ’ਚ ਲਗਭਗ ਸਿਰਫ ਚਾਰ ਤੋਂ ਪੰਜ ਰੇਲਵੇ ਟਰੈਕ ਦੀਆਂ ਸਪੈਸ਼ਲਾਂ ਭਰੀਆਂ ਜਾ ਰਹੀਆਂ ਹਨ ਜੋ ਕਿ ਇੰਕ ਵੱਡੀ ਘਾਟ ਸਾਬਤ ਹੋ ਰਹੀ ਹੈ, ਜਿਸ ਕਰਕੇ ਡਿਪੂਆਂ ’ਚ ਸਪੇਸ ਖਾਲੀ ਨਾ ਹੋਣ ਕਾਰਨ ਸ਼ੈਲਰਾਂ ’ਚ ਚਾਵਲ ਕੱਢ ਕੇ ਸਟੋਰ ਕੀਤਾ ਪਿਆ ਹੈ, ਜਿਸ ਕਰਕੇ ਸ਼ੈਲਰ ਮਾਲਕ ਕਾਫੀ ਪ੍ਰੇਸ਼ਾਨ ਹਨ ਪਰ ਡਿਪੂਆਂ ’ਚ ਚੱਕਿਆਂ ਦੀ ਥਾਂ ਖਾਲੀ ਨਾ ਹੋਣ ਕਾਰਨ ਮਿਲਰਾਂ ਨੂੰ ਚਾਵਲਾਂ ਦੀ ਸਾਂਭ-ਸੰਭਾਲ ’ਚ ਵੱਡੀ ਪੱਧਰ ’ਤੇ ਆਰîਥਕ ਤੌਰ ’ਤੇ ਨੁਕਸਾਨ ਹੋ ਰਿਹਾ ਹੈ ਕਿਉਂਕਿ ਜੋ ਸ਼ੈਲਰਾਂ ਦਾ ਕੰਮ ਮਾਰਚ ਮਹੀਨੇ ਪੂਰਾ ਹੋ ਜਾਣਾ ਸੀ, ਹੁਣ ਜੂਨ-ਜੁਲਾਈ ਮਹੀਨੇ ’ਚ ਪੂਰਾ ਹੋਵੇਗਾ, ਜਿਸ ਦਾ ਇਕ ਕਾਰਨ ਇਹ ਵੀ ਹੈ ਕਿ ਮੌਸਮ ਦੀ ਤਬਦੀਲੀ ਅਤੇ ਕਣਕ ਦੀ ਵਾਢੀ ਕਾਰਨ ਲੇਬਰਾਂ ਦੀ ਘਾਟ ਕਾਰਨ ਲੇਟ ਹੋ ਜਾਵੇਗਾ। ਇਨ੍ਹਾਂ ਦਿੱਕਤਾਂ ਨੂੰ ਸਮਝਦੇ ਹੋਏ ਵੀ ਐੱਫ. ਸੀ. ਆਈ. ਵਿਭਾਗ ਜੋ ਕੁੰਭਕਰਨੀ ਨੀਂਦ ’ਚ ਸੁੱਤਾ ਜਾਪ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਰਫ ਇਹੀ ਨਹੀਂ ਬਲਕਿ ਸ਼ੈਲਰਾਂ ’ਚੋਂ ਚਾਵਲ ਡੰਪ ਹੋਣ ਦਾ ਕੰਮ ਅਧੂਰਾ ਰਹਿਣ ਕਾਰਨ ਪੰਜਾਬ ਸਰਕਾਰ ਦੀ ਸੀ. ਸੀ. ਲਿਮਟ ’ਤੇ ਵੱਡੀ ਪੱਧਰ ਵਿਆਜ ਪੈਣ ਕਾਰਨ ਹਰ ਮਹੀਨੇ ਆਰਥਕ ਤੌਰ ’ਤੇ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਜ਼ਿਲਾ ਸ਼ੈਲਰ ਐਸੋਸੀਏਸ਼ਨ ਦੇ ਆਗੂਆਂ ਨੇ ਮੰਗ ਕੀਤੀ ਕਿ ਸ਼ੈਲਰ ਉਦਯੋਗ ਨੂੰ ਬਚਾਉਣ ਅਤੇ ਇਸ ਦੇ ਉਦਯੋਗਪਤੀਆਂ ਸਮੇਤ ਸਰਕਾਰ ਨੂੰ ਘਾਟੇ ਤੋਂ ਦੂਰ ਕਰਨ ਲਈ ਸਬੰਧਤ ਵਿਭਾਗ ਵੱਡੀ ਪੱਧਰ ’ਤੇ ਸਪੈਸ਼ਲਾਂ ਲਗਾਉਣ ਦਾ ਪ੍ਰਬੰਧ ਕਰੇ ਤਾਂ ਜੋ ਇਸ ਟਰੇਡ ਦਾ ਕੰਮ ਸਰਕਾਰ ਦੀਆਂ ਹਦਾਇਤਾਂ ਤਹਿਤ ਪੂਰਾ ਹੋ ਸਕੇ। ਇਸ ਮੌਕੇ ਸ਼ੈਲਰ ਉਦਯੋਗਪਤੀ ਸੁਸ਼ੀਲ ਕੁਮਾਰ ਸੰਤਾ, ਅਰਵਿੰਦ ਕੁਮਾਰ ਰੰਗੀ, ਵਿਕਾਸ ਗਰਗ, ਮੁਨੀਸ਼ ਕੁਮਾਰ, ਕੌਂਸਲਰ ਗੁਰਮੀਤ ਰੋਡ਼, ਕੁਲਦੀਪ ਕੁਮਾਰ ਬੋਵਾ, ਨਰੇਸ਼ ਕੁਮਾਰ, ਜੰਗ ਬਹਾਦਰ, ਬਿੰਦਰ ਕੁਮਾਰ, ਰਮੇਸ਼ ਗੋਇਲ ਆਦਿ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਜਦ ਇਸ ਸਬੰਧੀ ਸਬੰਧਤ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਜਲਦੀ ਕੰਮ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਪੈਸ਼ਲਾਂ ਦੀ ਘਾਟ ਇਸ ਲਈ ਆ ਰਹੀ ਹੈ ਕਿ ਬਾਹਰਲੇ ਸੂਬਿਆਂ ’ਚ ਸਟੋਰ ਭਰੇ ਪਏ ਹਨ ਜਦੋਂ ਵੀ ਜ਼ਰੂਰਤ ਬਣਦੀ ਹੈ ਸਪੈਸ਼ਲਾਂ ਲਗਾਈਆਂ ਜਾ ਰਹੀਆਂ ਹਨ ਤੇ ਇਸ ਗੰਭੀਰ ਸਮੱਸਿਆ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਫਤਰ ਨੂੰ ਸੂਚਿਤ ਕੀਤਾ ਜਾ ਰਿਹਾ ਹੈ।

Related News