ਪੋਸਟ-ਮੈਟਰਿਕ ਸਕਾਲਰਸ਼ਿਪ ਸਕੀਮ ਅਧੀਨ ਬੱਚਿਆਂ ਨੂੰ ਦਾਖਲਾ ਨਾ ਦੇਣ ਦਾ ਮਾਮਲਾ

Thursday, Apr 18, 2019 - 03:54 AM (IST)

ਪੋਸਟ-ਮੈਟਰਿਕ ਸਕਾਲਰਸ਼ਿਪ ਸਕੀਮ ਅਧੀਨ ਬੱਚਿਆਂ ਨੂੰ ਦਾਖਲਾ ਨਾ ਦੇਣ ਦਾ ਮਾਮਲਾ
ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਨ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲਾਂ ਦੇ ਪੋਸਟ ਮੈਟਰਿਕ ਸਕਾਲਰਸ਼ਿੱਪ ਸਕੀਮ ਅਧੀਨ ਆਉਂਦੇ ਐਸੀ/ਬੀ.ਸੀ. ਵਿਦਿਆਰਥੀਆਂ ਤੋਂ ਜਬਰੀ ਦਾਖਲਾ ਫੀਸਾਂ ਲੈਣ ਦਾ ਮਾਮਲਾ ਕਈ ਦਿਨਾਂ ਤੋਂ ਭਖਿਆ ਹੋਇਆ ਹੈ। ਕੁਲ ਹਿੰਦ ਸਿੱਖਿਆ ਅਧਿਕਾਰ ਮੰਚ ਦੇ ਜ਼ਿਲਾ ਕਨਵੀਨਰ ਵਰਿੰਦਰ ਦੀਵਾਨਾ ਨੇ ਪ੍ਰੈਸ ਦੇ ਨਾਂਅ ਜਾਰੀ ਨੋਟ ਵਿਚ ਦੱਸਿਆ ਕਿ ਕਾਲਜ ਨੇਡ਼ਲੇ ਪਿੰਡਾਂ ਦੇ ਬੱਚੇ ਤੇ ਉਨ੍ਹਾਂ ਦੇ ਮਾਪੇ ਕਈ ਵਾਰ ਕਾਲਜ ਪ੍ਰਬੰਧਕਾਂ ਨੂੰ ਮਿਲੇ ਪਰ ਉਹ ਦਾਖਲਾ ਫੀਸ ਨਾ ਵਸੂਲਣ ਦੀਆਂ ਸਰਕਾਰੀ ਹਿਦਾਇਤਾਂ ਤੋਂ ਉਲਟ ਫੀਸਾਂ ਵਸੂਲਣ ਉਪਰ ਬਜਿੱਦ ਰਹੇ। ਦਾਖਲਾ ਫੀਸਾਂ ਭਰਨ ਤੋਂ ਅਸਮਰੱਥ ਇਹ ਅਤੀ ਗਰੀਬ ਬੱਚੀਆਂ ਤੇ ਉਨ੍ਹਾਂ ਦੇ ਮਾਪੇ ਮਸਲੇ ਦੇ ਹੱਲ ਲਈ ਕੱੁਲ ਹਿੰਦ ਸਿਖਿਆ ਅਧਿਕਾਰ ਮੰਚ ਦੇ ਕਾਰਕੁਨਾਂ ਨੂੰ ਨਾਲ ਲੈ ਕੇ ਜਿਲ੍ਹਾ ਪ੍ਰਸ਼ਾਸਨ ਨੂੰ ਮਿਲੇ। ਬੱਚੀਆਂ,ਮਾਪਿਆਂ ਤੇ ਸਿਖਿਆ ਮੰਚ ਦੇ ਕਾਰਕੁਨ ਕਈ ਵਾਰ ਡੀ.ਸੀ, ਏ.ਡੀ.ਸੀ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤੇ ਜਿਲ੍ਹਾ ਭਲਾਈ ਅਫਸਰ ਨੂੰ ਮਿਲੇ ਪਰ ਜ਼ਿਲਾ ਪ੍ਰਸ਼ਾਸਨ ਦੀ ਸੁਰ ਲਾਰਾ-ਲੱਪਾ ਲਾਉਣ ਵਾਲੀ ਬਣੀ ਰਹੀ। ਦਾਖਲੇ ਦੀ ਅੰਤਿਮ ਤਰੀਖ ਸਿਰ ਉਪਰ ਆਉਣ ਕਾਰਨ ਇਹ ਗਰੀਬ ਬੱਚੀਆਂ ਨੂੰ ਆਪਣਾ ਇਕ ਸਾਲ ਅਜਾਈਂ ਜਾਣ ਅਤੇ ਸਿਖਿਆ ਤੋਂ ਵਿਰਵੇ ਰਹਿਣ ਦਾ ਡਰ ਸਤਾ ਰਿਹਾ ਹੈ। ਲੱਗਦਾ ਹੈ ਕਿ ਬੇਟੀ ਬਚਾਓ, ਬੇਟੀ ਪਡ਼ਾਓ ਦਾ ਨਾਹਰਾ ਲਾਉਣ ਵਾਲੀ ਸਰਕਾਰ ਅਤੇ ਸਿੱਖਿਆ ਦੇ ਪ੍ਰਸਾਰ/ਪਰਸਾਰ ਨੂੰ ਪਹਿਲ ਦੇਣ ਦੇ ਦਮਗਜੇ ਮਾਰਨ ਵਾਲੀ ਐਸ.ਜੀ.ਪੀ.ਸੀ ਨੂੰ ਇਨ੍ਹਾਂ ਗਰੀਬ ਬੱਚੀਆਂ ਦੀ ਸਿਖਿਆ ਦੀ ਕੋਈ ਪ੍ਰਵਾਹ ਨਹੀਂ । ਪੋਸਟ-ਮੈਟਰਿਕ ਸਕਾਲਰਸ਼ਿੱਪ ਸਕੀਮ ਅਜਿਹੇ ਹੀ ਬੱਚਿਆਂ ਵਾਸਤੇ ਬਣਾਈ ਗਈ ਸੀ ਪਰ ਨਿੱਜੀ ਸੰਸਥਾਵਾਂ ਇਸ ਸਕੀਮ ਨੂੰ ਫੇਲ ਕਰਨ ‘ਤੇ ਤੁਲੀਆਂ ਹੋਈਆਂ ਹਨ। ਜਿਲ੍ਹਾ ਪ੍ਰਸ਼ਾਸਨ ਵੀ ਇਸ ਸਕੀਮ ਨੂੰ ਲਾਗੂ ਕਰਵਾਉਣ ਪ੍ਰਤੀ ਸੁਹਿਰਦ ਨਹੀਂ ਹੈ। ਇਸ ਮੌਕੇ ਗੁਰਮੇਲ ਸਿੰਘ ਠੁੱਲੀਵਾਲ, ਸੋਹਣ ਸਿੰਘ ਮਾਝੀ, ਹਰਚਰਨ ਸਿੰਘ ਚਹਿਲ, ਬਿੱਕਰ ਸਿੰਘ ਔਲਖ, ਨਰਿੰਦਰਪਾਲ ਸਿੰਗਲਾ, ਜਗਦੀਪ ਸਿੰਘ, ਹਰਮੇਸ਼ ਜਿੰਦਲ ਆਦਿ ਹਾਜ਼ਰ ਸਨ।

Related News