ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਇਆ
Wednesday, Apr 10, 2019 - 04:12 AM (IST)
ਸੰਗਰੂਰ (ਯਾਸੀਨ)-ਸਥਾਨਕ ਸਰਕਾਰੀ ਕਾਲਜ ਵਿਖੇ ਪ੍ਰਿੰਸੀਪਲ ਡਾ. ਪ੍ਰਵੀਨ ਸ਼ਰਮਾ ਦੀ ਸਰਪ੍ਰਸਤੀ ’ਚ ਐੱਨ. ਐੱਸ. ਐੱਸ. ਯੂਨਿਟ ਨੰ. 4 (ਪ੍ਰੋਗਰਾਮ ਅਫਸਰ ਅਰਵਿੰਦ ਸੋਹੀ), ਅੰਗਰੇਜ਼ੀ ਵਿਭਾਗ, ਪੰਜਾਬੀ ਵਿਭਾਗ ਅਤੇ ਯੂਥ ਕਲੱਬ ਨੇ ਪ੍ਰੋ. ਅਰਵਿੰਦ ਸੋਹੀ ਅਤੇ ਪ੍ਰੋ. ਪ੍ਰਿੰਤਪਾਲ ਕੌਸ਼ਿਕ ਦੀ ਅਗਵਾਈ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ‘ਗੁਰੂ ਨਾਨਕ ਜੀ ਦੀ ਬਾਣੀ ਅਤੇ ਮਨੁੱਖੀ ਜੀਵਨ’ ਵਿਸ਼ੇ ’ਤੇ ਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਪ੍ਰਧਾਨਗੀ ਪ੍ਰਿੰਸੀਪਲ ਸਾਹਿਬਾਂ ਨੇ ਕੀਤੀ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ’ਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਬਾਣੀ ਤੋਂ ਵਿਦਿਆਰਥੀਆਂ ਅਤੇ ਸਟਾਫ ਨੂੰ ਪ੍ਰੇਰਨਾ ਲੈਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਗੁਰੂ ਜੀ ਨੇ ਆਪਣਾ ਸਮੁੱਚਾ ਜੀਵਨ ਮਨੁੱਖਤਾ ਦੀ ਭਲਾਈ ਅਤੇ ਉਸ ਨੂੰ ਆਡੰਬਰਾਂ ’ਚੋਂ ਕੱਢਣ ਲਈ ਲਾ ਦਿੱਤਾ। ਔਰਤਾਂ ਦੀ ਉਸ ਸਮੇਂ ਹੋ ਰਹੀ ਦੁਰਦਸ਼ਾ ਖਿਲਾਫ ਆਵਾਜ਼ ਉਠਾਈ। ਪ੍ਰੋ. ਬਲਵਿੰਦਰ ਸਿੰਘ ਨੇ ਆਪਣੇ ਭਾਸ਼ਣ ’ਚ ਗੁਰੂ ਜੀ ਦੀਆਂ ਸਿੱਖਆਵਾਂ ਨੂੰ ਦਿਲੋਂ ਅਪਨਾਉਣ ਲਈ ਕਿਹਾ। ਇਸ ਸਮੇਂ ਅੰਗਰੇਜ਼ੀ ਅਤੇ ਪੰਜਾਬੀ ਵਿਭਾਗਾਂ ਦੇ ਪ੍ਰੋ. ਸਾਹਿਬਾਂ ਨੇ ਉਪਰੋਕਤ ਵਿਸ਼ੇ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋ. ਅਰਵਿੰਦ ਸੋਹੀ ਨੇ ਗੁਰੂ ਜੀ ਦੀ ਬਾਣੀ ਦਾ ਅੱਜ ਦੇ ਮਨੁੱਖੀ ਜੀਵਨ ਦੇ ਸੰਦਰਭ ’ਚ ਲੋਡ਼ ’ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਦੇ ਸਮਾਜ ’ਚ ਫੈਲੀਆਂ ਕੁਰੀਤੀਆਂ ਨੂੰ ਗੁਰੂ ਜੀ ਦੀ ਬਾਣੀ ਨੂੰ ਪਡ਼੍ਹ ਕੇ ਤੇ ਉਸ ’ਤੇ ਅਮਲ ਕਰ ਕੇ ਬਡ਼ੀ ਆਸਾਨੀ ਨਾਲ ਖਤਮ ਕੀਤਾ ਜਾ ਸਕਦਾ ਹੈ। ਗੁਰੂ ਜੀ ਨੇ ਮਨੁੱਖ ਨੂੰ ਪ੍ਰਮਾਤਮਾ ਇਕ ਹੈ ਅਤੇ ਅਸੀਂ ਸਾਰੇ ਉਸ ਦੇ ਬੱਚੇ ਹਾਂ, ਦਾ ਸੰਦੇਸ਼ ਦਿੱਤਾ। ਜ਼ਿੰਦਗੀ ਦੇ ਹਰੇਕ ਪਡ਼ਾਅ ’ਤੇ ਗੁਰੂ ਜੀ ਦਾ ਜੀਵਨ ਅਤੇ ਉਨ੍ਹਾਂ ਦੀ ਬਾਣੀ ਸਾਡਾ ਮਾਰਗਦਰਸ਼ਨ ਕਰਦੀ ਹੈ। ਪ੍ਰੋ. ਪ੍ਰਿੰਤਪਾਲ ਕੌਸ਼ਿਕ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਗੁਰੂ ਜੀ ਦੀ ਬਾਣੀ ਇਕ ਚਿੰਤਕ ਅਤੇ ਮਨੋਵਿਗਿਆਨੀ ਹੋਣ ਦਾ ਪੱਖ ਰੱਖਦੀ ਹੈ, ਜੋ ਮਨੁੱਖਤਾ ਨੇ ਮਨੋਵਿਗਿਆਨ ਦੇ ਸੰਬੰਧ ’ਚ ਖੋਜਾਂ ਕੀਤੀਆਂ ਹਨ, ਬਾਰੇ ਗੁਰੂ ਜੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ। ਪ੍ਰੋ. ਮੈਰੀ ਨਿਚਾਲ ਨੇ ਗੁਰੂ ਜੀ ਵੱਲੋਂ ਔਰਤਾਂ ਦੀ ਸਥਿਤੀ ਨੂੰ ਸੁਧਾਰਨ ਅਤੇ ਉਨ੍ਹਾਂ ਨੂੰ ਉੱਚਾ ਚੁੱਕਣ ਲਈ ਪਾਏ ਯੋਗਦਾਨ ਉਪਰ ਆਪਣੇ ਵਿਚਾਰ ਪੇਸ਼ ਕੀਤੇ । ਇਸ ਸਮੇਂ ਵਿਦਿਆਰਥੀਆਂ ਦੇ ਭਾਸ਼ਣ, ਕਵਿਤਾ ਉਚਾਰਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ’ਚ ਸ਼ਹਿਜ਼ਾਦ, ਸਵਰਨਜੀਤ ਕੌਰ ਅਤੇ ਨਵਜੋਤ ਕੌਰ ਨੇ ਪਹਿਲਾ, ਰਮਨ ਦੀਪ ਕੌਰ, ਲਖਵੀਰ ਕੌਰ ਨੇ ਦੂਜਾ ਅਤੇ ਤਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਆਏ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਪ੍ਰੋ. ਅਰਵਿੰਦ ਸੋਹੀ ਦੁਆਰਾ ਕੀਤਾ ਗਿਆ। ਮੰਚ ਸੰਚਾਲਨ ਪ੍ਰੋ. ਪ੍ਰਿੰਤਪਾਲ ਕੌਸ਼ਿਕ ਨੇ ਕੀਤਾ। ਇਸ ਸਮੇਂ ਅੰਗਰੇਜ਼ੀ, ਪੰਜਾਬੀ ਵਿਭਾਗ, ਐੱਨ. ਐੱਸ. ਐੱਸ. ਵਲੰਟੀਅਰਾਂ ਅਤੇ ਯੂਥ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਜਿਊਗ੍ਰਾਫੀ, ਕਮੈਸਟਰੀ ਅਤੇ ਮਨੋਵਿਗਿਆਨ ਵਿਭਾਗਾਂ ਨੇ ਵੀ ਸ਼ਿਰਕਤ ਕੀਤੀ।
