ਜ਼ੋਨ ਠੁੱਲੀਵਾਲ ਤੋਂ ਬਲਾਕ ਸੰਮਤੀ ਮੈਂਬਰ ਬਣੇ ਹਰਜੀਤ ਸਿੰਘ ਗੋਗੀ ਦਾ ਭਰਵਾਂ ਸਵਾਗਤ
Thursday, Dec 18, 2025 - 06:13 PM (IST)
ਮਹਿਲ ਕਲਾਂ (ਹਮੀਦੀ): ਬਲਾਕ ਸੰਮਤੀ ਦੇ ਜੋਨ ਠੁੱਲੀਵਾਲ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਉਮੀਦਵਾਰ ਹਰਜੀਤ ਸਿੰਘ ਗੋਗੀ ਠੁੱਲੀਵਾਲ ਵੱਲੋਂ ਚੋਣ ਜਿੱਤ ਕੇ ਮੈਂਬਰ ਬਣਨ ਉਪਰੰਤ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੀ ਨਸ਼ਾ ਵਿਰੋਧੀ ਕਮੇਟੀ ਦੇ ਬਲਾਕ ਪ੍ਰਧਾਨ ਹਰਤੇਜ ਸਿੰਘ ਸਿੱਧੂ, ਸਰਪੰਚ ਮਾਤਾ ਪਰਮਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ, ਪਾਰਟੀ ਵਰਕਰਾਂ ਅਤੇ ਪਿੰਡ ਵਾਸੀਆਂ ਵੱਲੋਂ ਹਰਜੀਤ ਸਿੰਘ ਗੋਗੀ ਦਾ ਭਰਵਾਂ ਸਵਾਗਤ ਕਰਦਿਆਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਨਮਾਨ ਕੀਤਾ ਗਿਆ।ਇਸ ਦੌਰਾਨ ਨਵੇਂ ਬਣੇ ਬਲਾਕ ਸੰਮਤੀ ਮੈਂਬਰ ਹਰਜੀਤ ਸਿੰਘ ਗੋਗੀ ਨੇ ਪਾਰਟੀ ਦੇ ਵੋਟਰਾਂ, ਸਮਰਥਕਾਂ, ਸਮੂਹ ਗ੍ਰਾਮ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਦਿੱਤਾ ਗਿਆ ਇਹ ਭਰੋਸਾ ਹੀ ਉਨ੍ਹਾਂ ਦੀ ਅਸਲੀ ਤਾਕਤ ਹੈ।
ਉਨ੍ਹਾਂ ਭਰੋਸਾ ਦਿਵਾਇਆ ਕਿ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੰਮਤੀ ਮੈਂਬਰ ਵਜੋਂ ਦਿੱਤੀ ਗਈ ਹੈ, ਉਸ ਨੂੰ ਉਹ ਪੂਰੀ ਤਨਦੇਹੀ, ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਵਾਂਗੇ ਅਤੇ ਪਿੰਡ ਸਮੇਤ ਪੂਰੇ ਇਲਾਕੇ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਸਮਾਜ ਸੇਵੀ ਹਰਤੇਜ ਸਿੰਘ ਸਿੱਧੂ ਨੇ ਹਰਜੀਤ ਸਿੰਘ ਗੋਗੀ ਨੂੰ ਜਿੱਤ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਅਤੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਯਤਨਾਂ ਸਦਕਾ ਪਿੰਡ ਠੁੱਲੀਵਾਲ ਸਮੇਤ ਇਲਾਕੇ ਦਾ ਵਿਕਾਸ ਹੁਣ ਹੋਰ ਤੇਜ਼ੀ ਨਾਲ ਅੱਗੇ ਵਧੇਗਾ। ਉਨ੍ਹਾਂ ਨੇ ਵੀ ਵੋਟਰਾਂ ਅਤੇ ਪਾਰਟੀ ਸਮਰਥਕਾਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕੀਤਾ। ਇਸ ਮੌਕੇ ਪੰਚ ਹਰਜੀਤ ਸਿੰਘ, ਜਸਵਿੰਦਰ ਸਿੰਘ ਜੱਸੀ ਹਰਜਿੰਦਰ ਸਿੰਘ ਸੋਹੀ ਤੋਂ ਇਲਾਵਾ ਹੋਰ ਪਤਵੰਤੇ ਤੇ ਵਰਕਰ ਵੀ ਹਾਜ਼ਰ ਸਨ।
