ਸਕੂਲ ਦੀ ਬੱਸ ਪਲਟੀ, ਬੱਚੇ ਵਾਲ-ਵਾਲ ਬਚੇ
Wednesday, Mar 20, 2019 - 03:02 AM (IST)
ਸੰਗਰੂਰ (ਸ਼ਾਮ)-ਅੱਜ ਸਵੇਰੇ 12 ਵਜੇ ਦੇ ਕਰੀਬ ਭਾਈ ਜਗਤਾ ਜੀ ਮਾਡਲ ਸਕੂਲ ਦੀ ਬੱਸ ਆਲੀਕੇ ਤੋਂ ਢਿੱਲਵਾਂ (ਬਰਨਾਲਾ) ਨੂੰ ਜਾਂਦੀ ਲਿੰਕ ਰੋਡ ’ਤੇ ਕਣਕ ਦੀ ਖਡ਼੍ਹੀ ਫਸਲ ’ਚ ਪਲਟ ਗਈ। ਇਸ ਦੌਰਾਨ 5 ਦਰਜਨ ਦੇ ਕਰੀਬ ਸਕੂਲੀ ਬੱਚੇ ਵਾਲ-ਵਾਲ ਬਚ ਗਏ। ਮੌਕੇ ’ਤੇ ਪ੍ਰਾਪਤ ਜਾਣਕਾਰੀ ਅਨੁਸਾਰ ਡਰਾਈਵਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਦੇ ਪੇਪਰ ਖਤਮ ਹੋਣ ਤੋਂ ਬਾਅਦ ਉਹ ਬੱਚਿਆਂ ਨੂੰ ਢਿੱਲਵਾਂ ਵਾਦੀਆਂ, ਢਿੱਲਵਾਂ ਅਤੇ ਮੋਡ਼ ਪਿੰਡਾਂ ਨੂੰ ਛੱਡਣ ਜਾ ਰਿਹਾ ਸੀ। ਜਦ ਬੱਸ ਸਡ਼ਕ ਤੋਂ ਥੋਡ਼੍ਹੀ ਦੂਰ ਹੀ ਪੁੱਜੀ ਤਾਂ ਸਾਹਮਣੇ ਤੋਂ ਆਉਂਦੀ ਮੋਟਰਸਾਈਕਲ ਨੂੰ ਕਰਾਸ ਕਰਵਾਉਣ ਲਈ ਖਡ਼੍ਹੀ ਕਰ ਲਈ ਤਾਂ ਕਿਨਾਰਿਆਂ ਦੀ ਮਿੱਟੀ ਨਰਮ ਹੋਣ ਕਾਰਨ ਖਡ਼੍ਹੀ ਬੱਸ ਪਲਟ ਗਈ, ਜਿਸ ’ਚ 60 ਦੇ ਕਰੀਬ ਬੱਚੇ ਸਵਾਰ ਸਨ ਸਾਰੇ ਵਾਲ-ਵਾਲ ਬਚ ਗਏ, ਕਿਸੇ ਦੇ ਵੀ ਸੱਟ ਨਹੀਂ ਲੱਗੀ। ਪੁੱਛਣ ’ਤੇ ਡਰਾਈਵਰ ਨੇ ਕਿਹਾ ਕਿ ਇਹ ਬੱਸ 2007 ਮਾਡਲ ਦੀ ਹੈ। ਜਦ ਦੇਖਿਆ ਤਾਂ ਬੱਚੇ ਘਬਰਾ ਗਏ ਅਤੇ ਕਈ ਰੋਂਦੇ ਵੀ ਦੇਖੇ ਗਏ। ਜਦ ਘਟਨਾ ਸੰਬੰਧੀ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮਾਨ ਨਿਕਲ ਗਈ ਅਤੇ ਬੱਸ ਵੱਲ ਭੱਜ ਤੁਰੇ ਪਰ ਸਾਰੇ ਬੱਚੇ ਸਹੀ ਸਲਾਮਤ ਹੋਣ ਕਾਰਨ ਆਪੋ ਆਪਣੇ ਵ੍ਹੀਕਲਾਂ ’ਤੇ ਬਿਠਾ ਕੇ ਘਰ ਲੈ ਆਏ। ਕੋਲ ਖਡ਼੍ਹੇ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਸਡ਼ਕ ਦੀ ਚੌਡ਼ਾਈ ਬਹੁਤ ਘੱਟ ਹੋਣ ਕਾਰਨ ਬੱਸ ਖਡ਼੍ਹੀ ਕਣਕ ਦੇ ਖੇਤਾਂ ’ਚ ਪਲਟ ਗਈ ਪਰ ਡਰਾਈਵਰ ਦਾ ਕੋਈ ਕਸੂਰ ਨਹੀਂ ਹੈ। ਬੱਚਿਆਂ ਦੇ ਮਾਪੇ ਜਿਨ੍ਹਾਂ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਸਕੂਲ ਪ੍ਰਬੰਧਕ ਖੁਦ ਬੱਸਾਂ ਨਾ ਖਰੀਦ ਕੇ ਕਿਸੇ ਦੂਸਰੇ ਵਿਅਕਤੀ ਤੋਂ ਠੇਕੇ ’ਤੇ ਬੱਸਾਂ ਚਲਵਾ ਰਹੇ ਹਨ ਅਤੇ ਮਾਪਿਆਂ ਤੋਂ ਮੋਟੀਆਂ ਫੀਸਾਂ ਵਸੂਲ ਕੇ ਜੇਬਾਂ ਭਰ ਰਹੇ ਹਨ। ਸਕੂਲੀ ਬੱਸ ਚਾਲਕ ਸੀਟਾਂ ਤੋਂ ਵੱਧ ਬੱਚਿਆਂ ਨੂੰ ਭਰ ਲੈਂਦੇ ਹਨ। ਬੱਸ ’ਤੇ ਸਕੂਲ ਦਾ ਨਾਂ ਤੱਕ ਨਹੀਂ ਸੀ ਲਿਖਿਆ ਹੋਇਆ। ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲੀ ਬੱਸਾਂ ’ਚ ਲੱਗੇ ਸੀ.ਸੀ.ਟੀ.ਵੀ. ਕੈਮਰੇ, ਸਾਰੇ ਕਾਗਜ਼ਾਤ ਅਤੇ ਬੱਸ ਦੀ ਹਾਲਤ ਚੈੱਕ ਕੀਤੀ ਜਾਵੇ ਤਾਂ ਜੋ ਬੱਚਿਆਂ ਨਾਲ ਖਿਲਵਾਡ਼ ਨਾ ਹੋਵੇ। ਆਏ ਦਿਨ ਇਨ੍ਹਾਂ ਖਟਾਰਾ ਬੱਸਾਂ ਦੇ ਪਲਟਣ ਅਤੇ ਹਾਦਸਾਗ੍ਰਸਤ ਹੋਣ ਨਾਲ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾਡ਼ ਕੀਤੇ ਜਾਣ ਬਾਰੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ। ਹੁਣ ਦੇਖਣਾ ਹੈ ਕਿ ਨਿੱਜੀ ਸੰਚਾਲਕਾਂ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਣ ’ਤੇ ਪ੍ਰਸ਼ਾਸਨ ਅਧਿਕਾਰੀ ਸਖਤ ਰੁਖ ਅਪਣਾਉਂਦੇ ਹਨ ਜਾਂ ਨਹੀਂ। ਜਦ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਰਾਈਵਰ ਵੱਲੋਂ ਅੱਜ ਇਕ ਦਿਨ ਲਈ ਹੋਰ ਬੱਸ ਲਿਆਂਦੀ ਗਈ ਸੀ। ਪਹਿਲੀ ਬੱਸ ਠੀਕ ਕਰਨ ਲਈ ਖਡ਼੍ਹਾਈ ਹੋਈ ਹੈ, ਸਾਰੇ ਬੱਚੇ ਠੀਕ-ਠਾਕ ਹਨ। ਜ਼ਿਲਾ ਸਿੱਖਿਆ ਅਫਸਰ ਬਰਨਾਲਾ ਮੈਡਮ ਰਾਜਵੰਤ ਕੌਰ ਦਾ ਕਹਿਣਾ ਹੈ ਕਿ ਉਹ ਹੁਣੇ ਹੀ ਪ੍ਰੀਖਿਆਵਾਂ ਕੇਂਦਰਾਂ ਦਾ ਦੌਰਾ ਕਰ ਕੇ ਗਏ ਹਨ ਪਰ ਉਨ੍ਹਾਂ ਦੇ ਧਿਆਨ ’ਚ ਮਾਮਲਾ ਨਹੀਂ ਹੈ, ਪਤਾ ਕਰ ਕੇ ਜ਼ਰੂਰੀ ਸਾਵਧਾਨੀਆਂ ਚੈੱਕ ਕਰਦੇ ਹਨ। ਜਦ ਡੀ. ਸੀ. ਬਰਨਾਲਾ ਸ਼੍ਰੀ ਤੇਜ ਪ੍ਰਤਾਪ ਸਿੰੰਘ ਫੂਲਕਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਡੀ. ਟੀ. ਓ. ਨੂੰ ਹੁਕਮ ਜਾਰੀ ਕਰ ਕੇ ਬੱਸ ਦੇ ਸਾਰੇ ਕਾਗਜ਼ਾਤ ਚੈੱਕ ਕਰ ਕੇ ਕਾਰਵਾਈ ਅਮਲ ’ਚ ਲਿਆਂਦੀ ਜਾਵੇ ਤਾਂ ਜੋ ਭਵਿੱਖ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕੇ।
