‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਲਾਇਆ ਜਾਗਰੂਕਤਾ ਕੈਂਪ

Monday, Feb 18, 2019 - 04:03 AM (IST)

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਲਾਇਆ ਜਾਗਰੂਕਤਾ ਕੈਂਪ
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਸਿਵਲ ਸਰਜਨ ਬਰਨਾਲਾ ਡਾ. ਜੁਗਲ ਕਿਸ਼ੋਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਸਿਹਤ ਵਿਭਾਗ ਦੀ ਜ਼ਿਲਾ ਹੈੱਡ ਕੁਆਰਟਰ ਟੀਮ ਵੱਲੋਂ ਸੇਖਾਂ ਰੋਡ ਗਲੀ ਨੰ. 4, 5 ਮੋਰਾਂ ਵਾਲੀ ਪਹੀ ਨੇਡ਼ੇ ਭੀਮੇ ਦੀ ਚੱਕੀ ਵਿਖੇ ਤੰਦਰੁਸਤ ਪੰਜਾਬ ਦਾ ਨਾਅਰਾ ਬੁਲੰਦ ਕਰਦਿਆਂ ਪੀਲੀਏ ਅਤੇ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਜਾਗਰੂਕ ਕੀਤਾ ਗਿਆ। ਜ਼ਿਲਾ ਹੈੱਡਕੁਆਰਟਰ ਦੀ ਟੀਮ ’ਚ ਜ਼ਿਲਾ ਐਪੀਡੀਮਾਲੋਜਿਸਟ, ਮਾਈਕਰੋਬਾਈਲੋਜਿਸਟ ਨੇ ਦੱਸਿਆ ਕਿ ਵਾਇਰਲ ਹੈਪੇਟਾਈਟਸ ਏ ਅਤੇ ਈ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਹਨ, ਜੋ ਕਿ ਪੀਣ ਯੋਗ ਪਾਣੀ ’ਚ ਦੂਸ਼ਿਤ ਪਾਣੀ ਦੇ ਰਲਣ ਨਾਲ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸਦੇ ਮੁੱਖ ਲੱਛਣ ਬੁਖ਼ਾਰ, ਸਿਰ ਦਰਦ, ਪੇਟ ਦਰਦ, ਉਲਟੀਆਂ, ਸਰੀਰ ਟੁੱਟਣਾ, ਅੱਖਾਂ ਅਤੇ ਚਮਡ਼ੀ ਦਾ ਪੀਲਾ ਹੋਣਾ, ਭੁੱਖ ਨਾ ਲੱਗਣਾ ਅਤੇ ਪਿਸ਼ਾਬ ਦਾ ਰੰਗ ਗੂਡ਼ਾ ਪੀਲਾ ਹੋਣਾ ਆਦਿ ਹਨ। ਟੀਮ ਮੈਂਬਰਾਂ ਨੇ ਦੱਸਿਆ ਕਿ ਇਸ ਤੋਂ ਬਚਾਅ ਲਈ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਕੇ ਅਤੇ ਢੱਕ ਕੇ ਰੱਖੋ, ਪੀਣ ਵਾਲੇ ਪਾਣੀ ਵਿਚ ਹੱਥ ਨਾ ਪਾਓ, ਪਖਾਨਿਆਂ ਦੀ ਹੀ ਵਰਤੋਂ ਕਰੋ ਅਤੇ ਹੱਥ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਇਸ ਮੌਕੇ ਜ਼ਿਲਾ ਹੈਲਥ ਇੰਸਪੈਕਟਰ ਵਿਨੋਦ ਕੁਮਾਰ, ਮ. ਪ. ਹ. ਵ. ਸੁਰਿੰਦਰ ਸਿੰਘ, ਮਲਕੀਤ ਸਿੰਘ ਨੇ ਸਿਹਤ ਵਿਭਾਗ ਦੀ ਟੀਮ ’ਚ ਸ਼ਮੂਲੀਅਤ ਕੀਤੀ ਅਤੇ ਹੈਪੇਟਾਈਟਸ ਜਾਗਰੂਕਤਾ ਸਬੰਧੀ ਸਾਹਿਤ ਦੀ ਵੀ ਵੰਡ ਕੀਤੀ। ਇਸ ਦੌਰਾਨ ਸਥਾਨਕ ਐੱਮ.ਸੀ. ਅਤੇ ਨਗਰ ਕੌਂਸਲ ਦੇ ਐੱਸ.ਆਈ. ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਮੌਜੂਦ ਸਨ।

Related News