''ਚੰਡੀਗੜ੍ਹ'' ਰੇਤ-ਟਰਾਂਸਪੋਰਟ ਮਾਫੀਆ ਦਾ ਬਣਿਆ ਗੜ੍ਹ, ਹੋ ਰਹੀ ਮੋਟੀ ਕਮਾਈ

03/16/2020 9:59:00 AM

ਚੰਡੀਗੜ੍ਹ (ਅਸ਼ਵਨੀ) : ਰੇਤ-ਮਾਫੀਆ ਅਤੇ ਟਰਾਂਸਪੋਰਟ ਮਾਫੀਆ ਨੇ ਚੰਡੀਗੜ੍ਹ ਨੂੰ ਆਪਣਾ ਮਜ਼ਬੂਤ ਗੜ੍ਹ ਬਣਾ ਲਿਆ ਹੈ। ਬੀਤੇ ਕੁੱਝ ਸਾਲਾਂ 'ਚ ਇਹ ਨਾਜਾਇਜ਼ ਧੰਦਾ ਇੰਨਾ ਵੱਧ-ਫੁੱਲ ਗਿਆ ਹੈ ਕਿ ਹੁਣ ਇਸ ਮਾਫੀਆ ਨੂੰ ਪ੍ਰਸਾਸ਼ਨ ਅਤੇ ਕਾਨੂੰਨ ਦਾ ਵੀ ਡਰ ਨਹੀਂ ਰਿਹਾ ਹੈ। ਟਰਾਂਸਪੋਰਟ ਮਾਫੀਆ ਦੀ ਗੱਲ ਕਰੀਏ ਤਾਂ ਸੈਕਟਰ-43 ਬੱਸ ਅੱਡੇ ਸਾਹਮਣੇ ਕਜਹੇੜੀ ਪਿੰਡ 'ਚ ਪੂਰਾ ਪ੍ਰਾਈਵੇਟ ਬੱਸ ਅੱਡਾ ਚਲਾਇਆ ਜਾ ਰਿਹਾ ਹੈ। ਉਥੇ ਹੀ, ਰੇਤ ਮਾਫੀਆ ਦੀ ਗੱਲ ਕਰੀਏ ਤਾਂ ਹਰਿਆਣਾ ਅਤੇ ਪੰਜਾਬ ਦੇ ਨਾਲ ਸਟੇਅ ਚੰਡੀਗੜ੍ਹ ਦੇ ਪਿੰਡਾਂ 'ਚ ਹਨ੍ਹੇਰਾ ਹੁੰਦੇ ਹੀ ਰੇਤ-ਬੱਜਰੀ ਨਾਲ ਭਰੇ ਟਰੱਕ ਸ਼ਰੇਆਮ ਦਾਖਲ ਹੁੰਦੇ ਹਨ ਅਤੇ ਪਿੰਡਾਂ ਦੇ ਬਾਹਰ ਰੇਤ-ਬੱਜਰੀ ਦਾ ਢੇਰ ਲਾ ਕੇ ਪਰਤ ਜਾਂਦੇ ਹਨ। ਬਾਅਦ 'ਚ ਮਾਫੀਆ ਦੇ ਕਾਰਿੰਦੇ ਇਸ ਰੇਤ-ਬੱਜਰੀ ਦੀ ਖੁੱਲ੍ਹੀ ਵਿਕਰੀ ਕਰਕੇ ਸ਼ਹਿਰ ਵਾਸੀਆਂ ਤੋਂ ਮੋਟਾ ਮੁਨਾਫਾ ਕਮਾਉਂਦੇ ਹਨ। ਇਸ ਮਾਫੀਏ ਕਾਰਨ ਚੰਡੀਗੜ੍ਹ ਪ੍ਰਸਾਸ਼ਨ ਨੂੰ ਪ੍ਰਤੀ ਸਾਲ ਲੱਖਾਂ ਰੁਪਏ ਦਾ ਆਰਥਿਕ ਚੂਨਾ ਵੀ ਲੱਗ ਰਿਹਾ ਹੈ।
ਟਰਾਂਸਪੋਰਟ ਮਾਫੀਆ ਦਾ ਨਾਜਾਇਜ਼ ਬੱਸ ਅੱਡਾ
ਪਿਛਲੇ ਕੁਝ ਸਾਲਾਂ 'ਚ ਟਰਾਂਸਪੋਰਟ ਮਾਫੀਆ ਨੇ ਬੇਹੱਦ ਚਲਾਕੀ ਵਾਲੇ ਅੰਦਾਜ਼ 'ਚ ਆਪਣੇ ਕਾਰੋਬਾਰ ਨੂੰ ਚੰਡੀਗੜ੍ਹ 'ਚ ਫੈਲਾਇਆ ਹੈ। ਪਰਮਿਟ ਨਾ ਹੋਣ ਦੇ ਬਾਵਜੂਦ ਇਹ ਟਰਾਂਸਪੋਰਟ ਮਾਫੀਆ ਚੰਡੀਗੜ੍ਹ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਸਮੇਤ ਦਿੱਲੀ ਤੱਕ ਲਗਜ਼ਰੀ ਬੱਸ ਸੇਵਾਵਾਂ ਉਪਲੱਭਧ ਕਰਵਾ ਰਿਹਾ ਹੈ। ਸਭ ਤੋਂ ਜ਼ਿਆਦਾ ਬੱਸਾਂ ਪੰਜਾਬ  ਦੇ ਵੱਡੇ ਸ਼ਹਿਰਾਂ ਤੱਕ ਚਲਾਈਆਂ ਜਾ ਰਹੀਆਂ ਹਨ। ਕੁਝ ਨਾਜਾਇਜ਼ ਬੱਸ ਸੰਚਾਲਕਾਂ ਨੇ ਤਾਂ ਸ਼ਹਿਰ ਦੇ ਕੁਝ ਹਿੱਸਿਆਂ 'ਚ ਮੌਕੇ 'ਤੇ ਹੀ ਅਸਥਾਈ ਬੁਕਿੰਗ ਕਾਊਂਟਰ ਦੀ ਸਹੂਲਤ ਵੀ ਦਿੱਤੀ ਹੋਈ ਹਨ ਤਾਂ ਕਿ ਮੌਕੇ 'ਤੇ ਵੀ ਮੁਸਾਫਰਾਂ ਨੂੰ ਬੁਕਿੰਗ ਦੀ ਸਹੂਲਤ ਮਿਲ ਸਕੇ।   ਖਾਸ ਤੌਰ 'ਤੇ ਸੈਕਟਰ-43 ਬੱਸ ਅੱਡੇ ਸਾਹਮਣੇ ਪਿੰਡ ਕਜਹੇੜੀ ਅਤੇ ਇਸ ਦੇ ਆਸ-ਪਾਸ ਦਾ ਖੇਤਰ ਨਾਜਾਇਜ਼ ਟਰਾਂਸਪੋਰਟ ਅਪਰੇਸ਼ਨ ਦਾ ਮਜ਼ਬੂਤ ਗੜ੍ਹ ਬਣ ਕੇ ਉਭਰਿਆ ਹੈ। ਇੱਥੇ 24 ਘੰਟੇ ਲਗਜ਼ਰੀ ਬੱਸਾਂ ਦੀ ਆਵਾਜਾਈ ਤੋਂ ਇਲਾਵਾ ਅਸਥਾਈ ਬੁਕਿੰਗ ਕਾਊਂਟਰ ਮਤਲਬ ਅਸਥਾਈ ਪ੍ਰਾਈਵੇਟ ਬੱਸ ਅੱਡਾ ਚਲਾਇਆ ਜਾ ਰਿਹਾ ਹੈ। ਬੁਕਿੰਗ ਪੂਰੀ ਹੁੰਦੇ ਹੀ ਇਸ਼ਾਰਾ ਮਿਲਣ 'ਤੇ ਡਰਾਈਵਰ ਲੁਕੋਈ ਹੋਈ ਬੱਸ ਨੂੰ ਸੜਕ 'ਤੇ ਲੈ ਆਉਂਦਾ ਹੈ। ਇਸ ਤੋਂ ਬਾਅਦ ਮੁਸਾਫ਼ਰ ਬੈਠਦੇ ਹਨ ਅਤੇ ਸ਼ਰੇਆਮ ਇਹ ਬਸ ਆਪਣਾ ਰਾਹ ਫੜ੍ਹ ਲੈਂਦੀ ਹੈ।  
ਖੁੱਲ੍ਹੇਆਮ ਇਸ ਨਾਜਾਇਜ਼ ਲਗਜ਼ਰੀ ਬੱਸ ਅਪਰੇਸ਼ਨ ਨੂੰ ਲੈ ਕੇ ਚੰਡੀਗੜ੍ਹ ਟਰਾਂਸਪੋਰਟ ਯੂਨੀਅਨ ਦੇ ਅਹੁਦੇਦਾਰ ਕਈ ਵਾਰ ਚੰਡੀਗੜ੍ਹ ਪ੍ਰਸਾਸ਼ਨ ਨੂੰ ਸ਼ਿਕਾਇਤ ਵੀ ਦਰਜ ਕਰਵਾ ਚੁੱਕੇ ਹਨ। ਯੂਨੀਅਨ ਦੇ ਪ੍ਰਧਾਨ ਸੋਹਨਜੀਤ ਸਿੰਘ ਅਨੁਸਾਰ ਪਿੰਡ ਕਜਹੇੜੀ ਅਤੇ ਸੈਕਟਰ-22 'ਚ ਟਰਾਂਸਪੋਰਟ ਮਾਫੀਏ ਨੇ ਨੱਕ 'ਚ ਦਮ ਕੀਤਾ ਹੋਇਆ ਹੈ। ਯੂਨੀਅਨ ਨੇ ਕਈ ਵਾਰ ਇਨ੍ਹਾਂ ਨਾਜਾਇਜ਼ ਬੱਸਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਦੋ-ਦੋ ਘੰਟੇ ਬੀਤ ਜਾਣ ਤੋਂ ਬਾਅਦ ਵੀ ਚੰਡੀਗੜ੍ਹ ਸਟੇਟ ਟਰਾਂਸਪੋਰਟ ਦੇ ਅਧਿਕਾਰੀ ਬੱਸਾਂ ਦਾ ਚਲਾਨ ਕਰਨ ਲਈ ਮੌਕੇ 'ਤੇ ਨਹੀਂ ਪਹੁੰਚਦੇ। ਇਸ ਮਾਮਲੇ 'ਚ ਪ੍ਰਸ਼ਾਸਨਿਕ ਉੱਚ ਅਧਿਕਾਰੀਆਂ ਨੂੰ ਵੀ ਕਈ ਵਾਰ ਮੀਮੋ ਦਿੱਤਾ ਗਿਆ ਹੈ ਪਰ ਹਾਲੇ ਤੱਕ ਨਤੀਜਾ ਸਿਫ਼ਰ ਹੀ ਰਿਹਾ ਹੈ। ਇਸ ਨਾਲ ਚੰਡੀਗੜ੍ਹ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ ਕਿਉਂਕਿ ਜੇਕਰ ਇਹ ਬੱਸਾਂ ਨਿਯਮਾਂ ਅਨੁਸਾਰ ਚੱਲਣਗੀਆਂ ਤਾਂ ਫੀਸ ਦੇ ਤੌਰ 'ਤੇ ਧਨਰਾਸ਼ੀ ਚੰਡੀਗੜ੍ਹ ਦੇ ਖਾਤੇ 'ਚ ਆਵੇਗੀ। ਸੋਹਨਜੀਤ ਸਿੰਘ ਦੀ ਮੰਨੀਏ ਤਾਂ ਇਹ ਪੂਰਾ ਧੰਦਾ ਚੰਡੀਗੜ੍ਹ ਦੇ ਅਧਿਕਾਰੀਆਂ ਦੀ ਮਿਲੀ-ਭੁਗਤ ਅਤੇ ਉਨ੍ਹਾਂ ਦੇ ਸ਼ਹਿ 'ਤੇ ਚੱਲ ਰਿਹਾ ਹੈ। ਚੰਡੀਗੜ੍ਹ ਨੈਗੋਸ਼ੀਏਸ਼ਨ ਐਕਟ ਅਨੁਸਾਰ ਚੰਡੀਗੜ੍ਹ 'ਚ ਕੋਈ ਵੀ ਪ੍ਰਾਈਵੇਟ ਟਰਾਂਸਪੋਟਰ ਬੱਸ ਸੇਵਾ ਨਹੀਂ ਦੇ ਸਕਦੇ ਹਨ। ਸਿੰਡੀਕੇਟ ਬੱਸ ਸਰਵਿਸ ਕੋਲ ਜੋ ਪਰਮਿਟ ਚਾਲੂ ਹਨ, ਉਹ 1966 ਤੋਂ ਪਹਿਲਾਂ  ਦੇ ਹਨ ਅਤੇ ਇਹ ਪਰਮਿਟ ਵੀ ਸਿਰਫ਼ ਬੱਸ ਕਰਾਂਸਿੰਗ ਦੇ ਹਨ। ਅਜਿਹੇ 'ਚ ਚੰਡੀਗੜ੍ਹ ਤੋਂ ਬਸ ਅੱਡੇ ਤੋਂ ਬਾਹਰ ਆਪਰੇਟ ਹੋਣ ਵਾਲਾ ਸਾਰਾ ਪ੍ਰਾਈਵੇਟ ਟਰਾਂਸਪੋਰਟ ਨਜਾਇਜ਼ ਹੈ।  
ਸੋਹਨਜੀਤ ਸਿੰਘ ਅਨੁਸਾਰ ਇਹ ਟਰਾਂਸਪੋਰਟ ਮਾਫੀਆ ਦਿਨੋਂ-ਦਿਨ ਹਾਵੀ ਹੁੰਦਾ ਜਾ ਰਿਹਾ ਹੈ, ਇਸ ਲਈ ਪ੍ਰਸਾਸ਼ਨ ਨੂੰ ਲਗਾਤਾਰ ਸਖਤੀ ਦਿਖਾਉਣੀ ਚਾਹੀਦੀ ਹੈ ਤਾਂ ਕਿ ਇਹ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੋ ਸਕੇ। ਇਹ ਨਾਜਾਇਜ਼ ਕਾਰੋਬਾਰ ਸਿੱਧੇ ਤੌਰ 'ਤੇ ਚੰਡੀਗੜ੍ਹ ਨੂੰ ਆਰਥਿਕ ਨੁਕਸਾਨ ਪਹੁੰਚਾ ਰਿਹਾ ਹੈ, ਜੋ ਬੇਹਦ ਗੰਭੀਰ ਮਾਮਲਾ ਹੈ। ਜੇਕਰ ਇਹ ਬੰਦ ਹੁੰਦਾ ਹੈ ਤਾਂ ਚੰਡੀਗੜ੍ਹ ਦੀ ਆਮਦਨ 'ਚ ਵੀ ਵਾਧਾ ਹੋਵੇਗਾ।  
ਸਰਕਾਰੀ ਜ਼ਮੀਨ 'ਤੇ ਬਣਾਏ ਰੇਤ-ਬੱਜਰੀ ਦੇ ਟਿੱਬੇ
ਰੇਤ-ਬੱਜਰੀ ਮਾਫੀਆ ਨੇ ਚੰਡੀਗੜ੍ਹ 'ਚ ਹੌਲੀ-ਹੌਲੀ ਇੰਨਾ ਮਜ਼ਬੂਤ ਅਧਾਰ ਬਣਾ ਲਿਆ ਹੈ ਕਿ ਸਾਰੇ ਨਿਯਮ-ਕਾਇਦੇ ਛਿੱਕੇ 'ਤੇ ਟੰਗ ਦਿੱਤੇ ਹਨ। ਕਾਇਦੇ ਨਾਲ ਨਿਯਮਾਂ ਅਨੁਸਾਰ ਕੋਈ ਵੀ ਵਿਅਕਤੀ ਬਿਨਾਂ ਡੀਲਰ ਲਾਈਸੈਂਸ ਦੇ ਰੇਤ-ਬੱਜਰੀ ਦੀ ਖਰੀਦੋ-ਫਰੋਤ ਨਹੀਂ ਕਰ ਸਕਦਾ ਹੈ ਪਰ ਇਹ ਮਾਫੀਆ ਖੁੱਲ੍ਹੇਆਮ ਪ੍ਰਸਾਸ਼ਨ ਦੀ ਖਿੱਲੀ ਉਡਾਉਂਦੇ ਹੋਏ ਨਾਜਾਇਜ਼ ਧੰਦੇ ਪ੍ਰਤੀ ਮਹੀਨਾ ਲੱਖਾਂ ਰੁਪਏ ਦਾ ਲਾਭ ਕਮਾ ਰਿਹਾ ਹੈ।   ਮੋਟੇ ਤੌਰ 'ਤੇ ਇਹ ਧੰਦਾ ਪੰਜਾਬ-ਹਰਿਆਣੇ ਦੇ ਨਾਲ ਲੱਗਦੇ ਪਿੰਡ 'ਚ ਵੱਡੇ ਪੈਮਾਨੇ 'ਤੇ ਵੱਧ-ਫੁੱਲ ਰਿਹਾ ਹੈ। ਇੱਥੇ ਰਾਤ ਦੇ ਹਨ੍ਹੇਰੇ 'ਚ ਰੇਤ-ਬਜਰੀ ਨਾਲ ਲੱਦੇ ਟਰੱਕ ਦਾਖਲ ਹੁੰਦੇ ਹਨ ਅਤੇ ਪਿੰਡ ਦੇ ਬਾਹਰ ਰੇਤ-ਬਜਰੀ ਦਾ ਟਿੱਬਾ ਬਣਾ ਕੇ ਵਾਪਸ ਪਰਤ ਜਾਂਦੇ ਹਨ। ਬਾਅਦ 'ਚ ਰੇਤ-ਬਜਰੀ ਮਾਫੀਆ ਦੇ ਕਾਰਿੰਦੇ ਸ਼ਹਿਰ ਵਾਸੀਆਂ ਨੂੰ ਸ਼ਰੇਆਮ ਰੇਤ-ਬੱਜਰੀ ਦੀ ਵਿਕਰੀ ਕਰਦੇ ਹਨ।  

ਇਹ ਵੀ ਪੜ੍ਹੋ : ਖਨਨ ਮਾਫੀਆ ਖਿਲਾਫ ਵੱਡੀ ਕਾਰਵਾਈ, 6 ਜ਼ਿਲਿਆਂ 'ਚ ਆਪਰੇਸ਼ਨ ਚਲਾ ਕਾਬੂ ਕੀਤੇ 9 ਲੋਕ, 18 ਮਸ਼ੀਨਾਂ ਜ਼ਬਤ
ਚੰਡੀਗੜ੍ਹ ਦੇ ਵਾਤਾਵਰਣ ਮਾਹਰਾਂ ਦੀ ਮੰਨੀਏ ਤਾਂ ਬੇਸ਼ੱਕ ਚੰਡੀਗੜ੍ਹ 'ਚ ਖਨਨ ਨੂੰ ਕੋਈ ਵਿਸ਼ੇਸ਼ ਵਿਕਲਪ ਨਹੀਂ ਹੈ ਪਰ ਸ਼ਹਿਰ 'ਚ ਵੱਧ-ਫੁੱਲ ਰਿਹਾ ਇਹ ਕਾਰੋਬਾਰ ਵੀ ਸਿੱਧੇ ਤੌਰ 'ਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਅਜਿਹਾ ਇਸ ਲਈ ਹੈ ਕਿ ਚੰਡੀਗੜ੍ਹ 'ਚ ਰੇਤ-ਬੱਜਰੀ ਦੀ ਮੰਗ ਨੂੰ ਪੂਰਾ ਕਰਨ ਲਈ ਇਹ ਮਾਫੀਆ ਪੰਜਾਬ-ਹਰਿਆਣਾ ਦੇ ਨਦੀ-ਨਾਲਿਆਂ 'ਚ ਨਾਜਾਇਜ਼ ਤਰੀਕੇ ਨਾਲ ਖੁਦਾਈ ਕਰਦਾ ਹੈ।  ਅਜਿਹੇ 'ਚ ਅਪ੍ਰਤੱਖ ਤੌਰ 'ਤੇ ਚੰਡੀਗੜ੍ਹ ਸ਼ਹਿਰ ਦੇ ਮੋਢਿਆਂ 'ਤੇ ਵੀ ਵਾਤਾਵਰਣ ਨੁਕਸਾਨ ਦਾ ਬੋਝ ਵਧਦਾ ਜਾ ਰਿਹਾ ਹੈ। ਮਾਹਰਾਂ ਦੀ ਮੰਨੀਏ ਤਾਂ ਇਸ ਮਾਫੀਏ ਨੂੰ ਸਭਤੋਂ ਜਿਆਦਾ ਲਾਭ ਚੰਡੀਗੜ੍ਹ ਦੇ ਬਾਰਡਰ 'ਤੇ ਚੈਕ ਪੋਸਟ ਨਾ ਹੋਣ ਨਾਲ ਮਿਲ ਰਿਹਾ ਹੈ। ਆਮਤੌਰ 'ਤੇ ਚੰਡੀਗੜ੍ਹ 'ਚ ਦਾਖਲ ਹੋਣ ਵਾਲੇ ਵਾਹਨਾਂ ਦੀ ਜਾਂਚ-ਪੜਤਾਲ ਤੱਕ ਨਹੀਂ ਕੀਤੀ ਜਾਂਦੀ ਹੈ।  
ਇਸ ਲਈ ਪਿਛਲੇ ਕੁੱਝ ਸਾਲਾਂ 'ਚ ਰੇਤ-ਬੱਜਰੀ ਦੇ ਢੇਰ ਕਈ ਪਿੰਡਾਂ ਤੱਕ ਆਪਣਾ ਪੈਰ ਪਸਾਰ ਚੁੱਕੇ ਹਨ, ਜੋ ਸਿੱਧੇ ਤੌਰ 'ਤੇ ਚੰਡੀਗੜ੍ਹ ਨੂੰ ਆਰਥਿਕ ਚੂਨਾ ਵੀ ਲਾ ਰਹੇ ਹਨ। ਇਸ ਦਾ ਕਾਰਨ ਹੈ ਕਿ ਪੰਜਾਬ ਅਤੇ ਹਰਿਆਣਾ 'ਚ ਰੇਤ-ਬਜਰੀ ਦੀ ਖਰੀਦੋ- ਫਰੋਤ ਨਾਲ ਸਰਕਾਰ ਨੂੰ ਚੰਗੀ ਆਮਦਨੀ ਹੁੰਦੀ ਹੈ। ਹਰਿਆਣਾ 'ਚ ਮਿਨਰਲ ਡੀਲਰ ਲਾਈਸੰਸ ਲਈ ਇੱਕ ਤੋਂ ਦੋ ਲੱਖ ਰੁਪਏ ਤੱਕ ਦੀ ਫੀਸ ਅਦਾ ਕਰਨੀ ਪੈਂਦੀ ਹੈ। ਇਸ ਕੜੀ 'ਚ ਵਿਕਰੀ ਕਰਨ ਵਾਲਿਆਂ ਨੂੰ ਇਹ ਵੀ ਦੱਸਣਾ ਹੁੰਦਾ ਹੈ ਕਿ ਰੇਤ-ਬਜਰੀ ਨੂੰ ਰੱਖਣ ਲਈ ਉਸ ਕੋਲ ਲੋੜੀਂਦੀ ਜਗ੍ਹਾ ਹੈ। ਇਸਦੇ ਉਲਟ ਚੰਡੀਗੜ੍ਹ 'ਚ ਨਜਾਇਜ਼ ਤਰੀਕੇ ਨਾਲ ਚੱਲ ਰਿਹਾ ਇਹ ਕਾਰੋਬਾਰ ਸਰਕਾਰੀ ਜ਼ਮੀਨ 'ਤੇ ਹੀ ਆਪਰੇਟ ਕੀਤਾ ਜਾ ਰਿਹਾ ਹੈ। ਮਤਲਬ ਇਹ ਕਿ ਕੋਈ ਵੀ ਵਿਅਕਤੀ ਰੇਤ-ਬਜਰੀ ਦੇ ਟਰੱਕ ਨੂੰ ਬੁਲਾਕੇ ਪਿੰਡ ਦੇ ਬਾਹਰ ਜਾਂ ਕਿਸੇ ਵੀ ਖੁੱਲ੍ਹੀ ਜਗ੍ਹਾ 'ਤੇ ਰੇਤ-ਬਜਰੀ ਦੇ ਢੇਰ ਲਾ ਦਿੰਦੇ ਹਨ ਅਤੇ ਉਸਦੀ ਅਦਾਇਗੀ ਕਰ ਦਿੰਦੇ ਹਨ। ਇਸਤੋਂ ਬਾਅਦ ਖੁੱਲ੍ਹੇ ਬਾਜ਼ਾਰ 'ਚ ਵਿਕਰੀ ਕਰਕੇ ਆਪਣਾ ਬਣਦਾ ਮੁਨਾਫਾ ਕਮਾ ਲੈਂਦੇ ਹਨ ਅਤੇ ਪ੍ਰਸਾਸ਼ਨ ਨੂੰ ਕੁਝ ਨਹੀਂ ਮਿਲਦਾ।  

ਇਹ ਵੀ ਪੜ੍ਹੋ : ਰੇਤ ਮਾਈਨਿੰਗ ਖਿਲਾਫ ਆਵਾਜ਼ ਚੁੱਕਣ ਵਾਲੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ (ਵੀਡੀਓ)
ਇਹ ਠੀਕ ਹੈ ਕਿ ਚੰਡੀਗੜ੍ਹ 'ਚ ਨਜਾਇਜ਼ ਟਰਾਂਸਪੋਰਟ ਮਾਫੀਆ ਚਲ ਰਿਹਾ ਹੈ। ਇਸ 'ਤੇ ਨੁਕੇਲ ਪਾਉਣ ਦੇ  ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਪਿਛਲੇ ਕੁਝ ਸਮੇਂ 'ਚ 17 ਬਸਾਂ ਨੂੰ ਫੜਿਆ ਗਿਆ ਹੈ ਅਤੇ ਬਸ ਮਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ। ਜਿੱਥੋਂ ਤੱਕ ਕਜਹੇੜੀ 'ਚ ਪ੍ਰਾਈਵੇਟ ਬੁਕਿੰਗ ਕਾਊਂਟਰ ਚਲਾਉਣ ਦੀ ਗੱਲ ਹੈ ਤਾਂ ਇਸ 'ਤੇ ਵੀ ਛੇਤੀ ਹੀ ਨੁਕੇਲ ਕਸੀ ਜਾਵੇਗੀ-ਹਰਜੀਤ ਸਿੰਘ ਸੰਧੂ, ਸਕੱਤਰ, ਸਟੇਟ ਟਰਾਂਸਪੋਰਟ ਅਥਾਰਿਟੀ, ਚੰਡੀਗੜ੍ਹ
ਚੰਡੀਗੜ੍ਹ ਦੇ ਨਦੀਆਂ-ਨਾਲਿਆਂ 'ਚੋਂ ਵਪਾਰਕ ਤੌਰ 'ਤੇ ਰੇਤ-ਬਜਰੀ ਦੀ ਖਨਨ ਨਹੀਂ ਕੀਤੀ ਜਾਂਦੀ ਹੈ। ਇਸ ਲਈ ਖਨਨ ਮਾਫੀਆ ਦਾ ਕੋਈ ਸਵਾਲ ਹੀ ਨਹੀਂ ਉੱਠਦਾ। ਜਿੱਥੋਂ ਤੱਕ ਰੇਤ-ਬਜਰੀ ਦੀ ਨਜਾਇਜ਼ ਵਿਕਰੀ ਦਾ ਸਵਾਲ ਹੈ ਤਾਂ ਛੇਤੀ ਹੀ ਇਸਦੀ ਜਾਂਚ-ਪੜਤਾਲ ਕਰਵਾਈ ਜਾਵੇਗੀ।  ਜੇਕਰ ਕਿਸੇ ਨਿਯਮ ਦੀ ਉਲੰਘਣਾ ਕੀਤੀ ਜਾ ਰਹੀ ਹੈ ਤਾਂ ਸਖਤ ਕਾਰਵਾਈ ਵੀ ਹੋਵੇਗੀ-ਏ. ਕੇ. ਸਿਨਹਾ, ਫਾਈਨਾਂਸ ਐਂਡ ਇੰਡਸਟਰੀ ਸੈਕਰੇਟਰੀ ਚੰਡੀਗੜ੍ਹ    


Babita

Content Editor

Related News