ਸੈਲੂਨ ਮਾਲਕ ਨੇ ਪਤਨੀ ਤੇ 2 ਧੀਆਂ ਸਣੇ ਖ਼ੁਦ ਨੂੰ ਮਾਰੀ ਸੀ ਗੋਲੀ, ਹਸਪਤਾਲ 'ਚ ਚਾਰਾਂ ਦਾ ਹੋ ਰਿਹਾ ਪੋਸਟਮਾਰਟਮ
Friday, Jan 09, 2026 - 04:01 PM (IST)
ਫ਼ਰੀਦਕੋਟ/ਫਿਰੋਜ਼ਪੁਰ (ਜਗਤਾਰ) : ਫਿਰੋਜ਼ਪੁਰ ਵਿਖੇ ਬੀਤੇ ਦਿਨ ਵਾਪਰੇ ਦਰਦਨਾਕ ਹਾਦਸੇ 'ਚ ਇਕ ਸੈਲੂਨ ਮਾਲਕ ਵੱਲੋਂ ਆਪਣੀਆਂ ਦੋ ਧੀਆਂ ਅਤੇ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ ਸੀ। ਅੱਜ ਉਨ੍ਹਾਂ ਚਾਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਆਂਦਾ ਗਿਆ। ਇੱਥੇ ਲਾਸ਼ਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਮ੍ਰਿਤਕਾਂ ਦਾ ਫਿਰੋਜ਼ਪੁਰ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਮ੍ਰਿਤਕ ਮਾਹੀ ਸੋਢੀ ਦੇ ਗੁਆਂਢੀ ਕਰਨਬੀਰ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਸਵੇਰ ਜਦੋਂ ਉਨ੍ਹਾਂ ਦੇ ਕਿਰਾਏਦਾਰਾਂ ਨੇ ਆ ਕੇ ਦੱਸਿਆ ਕਿ ਮਾਹੀ ਸੋਢੀ ਵੱਲੋਂ ਨਾ ਤਾਂ ਫੋਨ ਚੁੱਕਿਆ ਜਾ ਰਿਹਾ ਅਤੇ ਨਾ ਹੀ ਦਰਵਾਜ਼ਾ ਖੋਲ੍ਹਿਆ ਜਾ ਰਿਹਾ ਹੈ ਤਾਂ ਇਸ ਤੋਂ ਬਾਅਦ ਜਦੋਂ ਉਹ ਉਸ ਦੇ ਘਰ ਪੁੱਜੇ ਅਤੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ।
ਜਦੋਂ ਦਰਵਾਜ਼ਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਅੰਦਰ ਦਾ ਮੰਜ਼ਰ ਬਹੁਤ ਹੀ ਦਰਦਨਾਕ ਸੀ, ਜਿੱਥੇ ਮਾਹੀ ਸੋਢੀ ਸਮੇਤ ਉਸ ਦੀਆਂ ਦੋਵੇਂ ਧੀਆਂ ਅਤੇ ਉਸ ਦੀ ਪਤਨੀ ਦੀ ਮ੍ਰਿਤਕ ਦੇਹ ਪਈ ਹੋਈ ਸੀ। ਉਨ੍ਹਾਂ ਦੱਸਿਆ ਕਿ ਮਾਹੀ ਸੋਢੀ ਦਾ ਪਰਿਵਾਰ ਬਹੁਤ ਹੀ ਹੱਸਮੁਖ ਸੀ ਅਤੇ ਕਿਸੇ ਤਰ੍ਹਾਂ ਦੀ ਕੋਈ ਮਾਨਸਿਕ ਪਰੇਸ਼ਾਨੀ ਜਾਂ ਪੈਸਿਆਂ ਵੱਲੋਂ ਕੋਈ ਦਿੱਕਤ ਨਹੀਂ ਸੀ। ਉਸ ਵੱਲੋਂ ਇਹ ਕਦਮ ਕਿਉਂ ਚੱਕਿਆ ਗਿਆ, ਇਸ ਬਾਰੇ ਉਨ੍ਹਾਂ ਨੂੰ ਵੀ ਸਮਝ ਨਹੀਂ ਆ ਰਹੀ। ਉਨ੍ਹਾਂ ਦੱਸਿਆ ਕਿ ਅੱਜ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਫਿਰੋਜ਼ਪੁਰ ਵਿਖੇ ਕੀਤਾ ਜਾਵੇਗਾ।
