ਵਿਦਿਆਰਥਣਾਂ ਨਾਲ ਛੇੜਛਾੜ ਕਰਦਾ ਸੀ ਸੈਨਿਕ ਸਕੂਲ ਦਾ ਅਧਿਆਪਕ

06/10/2017 7:17:09 AM

ਕਪੂਰਥਲਾ, (ਭੂਸ਼ਣ)- ਸੈਨਿਕ ਸਕੂਲ 'ਚ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਸਕੂਲ ਦੇ ਕੰੰਪਿਊਟਰ ਟੀਚਰ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। 
ਜਾਣਕਾਰੀ ਅਨੁਸਾਰ ਸੈਨਿਕ ਸਕੂਲ ਕਪੂਰਥਲਾ ਦੇ ਰਜਿਸਟਰਾਰ ਲੈਫੀਨੈਂਟ ਕਮਾਂਡਰ ਅਮਿਤ ਕੁਮਾਰ ਦੱਤ ਨੇ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਦੇ ਸਕੂਲ 'ਚ ਕੰੰਪਿਊਟਰ ਟੀਚਰ ਦੀ ਨੌਕਰੀ ਕਰਨ ਵਾਲੇ ਅਰਵਿੰਦਰ ਕੁਮਾਰ ਸ਼੍ਰੀਵਾਸਤਵ ਨੇ ਸਕੂਲ 'ਚ ਪੜ੍ਹਨ ਵਾਲੀਆਂ ਕੁਝ ਲੜਕੀਆਂ ਦੇ ਨਾਲ ਛੇੜਛਾੜ ਕੀਤੀ ਹੈ, ਜਿਸ ਲਈ ਇਸ ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇ। 
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿੰਦਰਜੀਤ ਸਿੰਘ ਨੇ ਵੂਮੈਨ ਸੈੱਲ ਦੀ ਇੰਚਾਰਜ ਜਸਮੇਲ ਕੌਰ ਨੂੰ ਨਾਲ ਲੈ ਕੇ ਜਦੋਂ ਮੌਕੇ 'ਤੇ ਜਾਂਚ ਕੀਤੀ ਤਾਂ ਵੂਮੈਨ ਸੈੱਲ ਦੀ ਇੰਚਾਰਜ ਜਸਮੇਲ ਕੌਰ ਨੇ ਲੜਕੀਆਂ ਦੇ ਵਿਚਾਰ ਲੈਣ ਦੇ ਬਾਅਦ ਮੁਲਜ਼ਮ ਕੰੰਪਿਊਟਰ ਅਧਿਆਪਕ ਅਰਵਿੰਦਰ ਕੁਮਾਰ ਸ਼੍ਰੀਵਾਸਤਵ 'ਤੇ ਲੱਗੇ ਸਾਰੇ ਇਲਜ਼ਾਮ ਸਹੀ ਪਾਏ। ਜਿਸਦੇ ਆਧਾਰ 'ਤੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਮੁਲਜ਼ਮ ਕੰੰਪਿਊਟਰ ਅਧਿਆਪਕ ਅਰਵਿੰਦਰ ਕੁਮਾਰ ਸ਼੍ਰੀਵਾਸਤਵ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।


Related News