ਆਖਿਰ ਕਿੱਥੇ ਗਏ ਯੂਕ੍ਰੇਨ ’ਚ ਲਾਪਤਾ ਹੋਏ ਭਾਰਤੀ ਵਿਦਿਆਰਥੀ? ਏਜੰਟਾਂ ਦੀ ਪਲਾਨਿੰਗ ਤਾਂ ਨਹੀਂ ਹੋ ਗਈ ਕਾਮਯਾਬ
Thursday, Mar 03, 2022 - 06:53 PM (IST)
ਜਲੰਧਰ (ਅਨਿਲ ਪਾਹਵਾ)– ਪੰਜਾਬ ਤੋਂ ਵਿਦੇਸ਼ ਜਾਣ ਦਾ ਕ੍ਰੇਜ਼ ਅਕਸਰ ਨੌਜਵਾਨ ਮੁੰਡੇ-ਕੁੜੀਆਂ ’ਚ ਵੇਖਿਆ ਜਾਂਦਾ ਹੈ। ਇਸ ਕ੍ਰੇਜ਼ ਦਾ ਫਾਇਦਾ ਸਮੇਂ-ਸਮੇਂ ’ਤੇ ਟਰੈਵਲ ਏਜੰਟ ਵੀ ਉਠਾਉਂਦੇ ਰਹੇ ਹਨ। ਯੂਕ੍ਰੇਨ ਅਤੇ ਰੂਸ ਦਰਮਿਆਨ ਚੱਲ ਰਹੀ ਜੰਗ ਦੀਆਂ ਖ਼ਬਰਾਂ ਵਿਚਕਾਰ ਇਕ ਇਹ ਖ਼ਬਰ ਵੀ ਮੀਡੀਆ ’ਚ ਚੱਲ ਰਹੀ ਹੈ ਕਿ ਕੁਝ ਭਾਰਤੀ ਵਿਦਿਆਰਥੀ ਲਾਪਤਾ ਹੋ ਗਏ ਹਨ। ਉਹ ਕਿੱਥੇ ਗਏ ਅਤੇ ਕਿਸ ਦੇ ਸੰਪਰਕ ਵਿਚ ਹਨ, ਕੋਈ ਨਹੀਂ ਜਾਣਦਾ। ਇਹ ਸੰਭਾਵਨਾ ਵੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਜਿਹੜੇ ਵਿਦਿਆਰਥੀ ਲਾਪਤਾ ਹੋਏ ਹਨ, ਉਨ੍ਹਾਂ ਵਿਚੋਂ ਕੁਝ ਯੂਰਪ ਦੀ ਹੱਦ ’ਚ ਦਾਖ਼ਲ ਹੋ ਕੇ ਸ਼ਾਇਦ ਗਾਇਬ ਹੋ ਗਏ ਹਨ। ਇਹ ਵੀ ਖ਼ਬਰ ਆ ਰਹੀ ਹੈ ਕਿ ਕੁਝ ਅਜਿਹੇ ਵਿਦਿਆਰਥੀ ਭਾਰਤ ਵਿਚ ਟਰੈਵਲ ਏਜੰਟਾਂ ਦੇ ਸੰਪਰਕ ਵਿਚ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਣ ਦੀ ਸਲਾਹ ਦਿੱਤੀ। ਕੁਝ ਏਜੰਟਾਂ ਦੇ ਇਸ ਰਵੱਈਏ ਕਾਰਨ ਇਕ ਵਾਰ ਮੁੜ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ।
ਬਿਨਾਂ ਵੀਜ਼ਾ ਯੂਰਪ ’ਚ ਐਂਟਰੀ
ਯੂਕ੍ਰੇਨ ’ਚ ਜੰਗ ਦੇ ਹਾਲਾਤ ਹੋਣ ਕਾਰਨ 18,000 ਦੇ ਲਗਭਗ ਭਾਰਤੀ ਵਿਦਿਆਰਥੀਆਂ ਵਿਚੋਂ ਕਈਆਂ ਨੂੰ ਕੱਢਿਆ ਜਾ ਚੁੱਕਾ ਹੈ, ਜਦੋਂਕਿ ਬਾਕੀਆਂ ਨੂੰ ਕੱਢਣ ਲਈ ‘ਮਿਸ਼ਨ ਗੰਗਾ’ ਚੱਲ ਰਿਹਾ ਹੈ। ਇਸ ਸਭ ਦਰਮਿਆਨ ਕੁਝ ਯੂਰਪੀ ਦੇਸ਼ਾਂ ਨੇ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਿਚ ਬਿਨਾਂ ਵੀਜ਼ਾ ਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਦੇਸ਼ਾਂ ਤੋਂ ਹੀ ਗੰਗਾ ਮਿਸ਼ਨ ਤਹਿਤ ਵਿਦਿਆਰਥੀਆਂ ਨੂੰ ਏਅਰਲਿਫਟ ਕੀਤਾ ਜਾ ਰਿਹਾ ਹੈ। ਜਿਹੜੇ ਵਿਦਿਆਰਥੀਆਂ ਦੇ ਲਾਪਤਾ ਹੋਣ ਦੀਆਂ ਖਬਰਾਂ ਆ ਰਹੀਆਂ ਹਨ, ਉਨ੍ਹਾਂ ਨੂੰ ਲੈ ਕੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ।
ਅਸਲ ’ਚ ਯੂਕ੍ਰੇਨ ’ਚ ਜਿੱਥੇ ਮੁੰਡੇ-ਕੁੜੀਆਂ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਲਈ ਜਾਂਦੇ ਹਨ, ਉੱਥੇ ਹੀ ਰਸ਼ੀਅਨ ਲੈਂਗਵੇਜ ਕੋਰਸ ਲਈ ਵੀ ਟਰੈਵਲ ਏਜੰਟ ਮੁੰਡੇ-ਕੁੜੀਆਂ ਨੂੰ ਭੇਜ ਦਿੰਦੇ ਹਨ। ਲੈਂਗਵੇਜ ਕੋਰਸ ਤਾਂ ਸਿਰਫ਼ ਬਹਾਨਾ ਹੁੰਦਾ ਹੈ। ਇਸ ਦੀ ਆੜ ’ਚ ਏਜੰਟ ਮੁੰਡੇ-ਕੁੜੀਆਂ ਨੂੰ ਯੂਰਪੀ ਬਾਰਡਰ ਪਾਰ ਕਰਵਾ ਕੇ ਮੋਟੀ ਕਮਾਈ ਕਰਦੇ ਹਨ। ਯੂਕ੍ਰੇਨ ਤੋਂ ਪੋਲੈਂਡ ਲਗਭਗ 1100 ਕਿ. ਮੀ. ਦੂਰ ਹੈ। ਯੂਕ੍ਰੇਨ ਵਿਚ ਕੋਰਸ ਕਰਨ ਗਏ ਮੁੰਡੇ-ਕੁੜੀਆਂ ਨੂੰ ਕਾਰ ਵਿਚ ਹੀ ਏਜੰਟ ਬਾਰਡਰ ਪਾਰ ਕਰਵਾ ਦਿੰਦੇ ਹਨ। ਇਸ ਸਬੰਧੀ ਅਕਸਰ ਸੋਸ਼ਲ ਮੀਡੀਆ ’ਚ ਖਬਰਾਂ ਚੱਲਦੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ: ਦਸੂਹਾ ਦੇ ਗੁਰਵਿੰਦਰ ਸਣੇ ਸੈਂਕੜੇ ਵਿਦਿਆਰਥੀ ਗੋਲ਼ੀਆਂ ਦੇ ਸਾਏ ਹੇਠ ਗੁਜ਼ਾਰ ਰਹੇ ਹਰ ਪਲ, ਮਾਪੇ ਪਰੇਸ਼ਾਨ
ਸਖ਼ਤ ਵੀਜ਼ਾ ਨਿਯਮ
ਵਿਦੇਸ਼ ਜਾਂ ਖ਼ਾਸ ਤੌਰ ’ਤੇ ਯੂਰਪ ਜਾਣ ਦੇ ਸ਼ੌਕੀਨ ਪੰਜਾਬ ਵਿਚ ਬਹੁਤ ਸਾਰੇ ਮੁੰਡੇ-ਕੁੜੀਆਂ ਹਨ, ਜਿਨ੍ਹਾਂ ਨੂੰ ਵੀਜ਼ਾ ਮਿਲਣ ’ਚ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯੂਰਪ ਦਾ ਸ਼ੈਨੇਗਨ ਵੀਜ਼ਾ ਆਸਾਨੀ ਨਾਲ ਨਹੀਂ ਮਿਲਦਾ। ਖਾਸ ਤੌਰ ’ਤੇ ਇਟਲੀ ਅਤੇ ਫਰਾਂਸ ਵਰਗੇ ਦੇਸ਼ ਪੰਜਾਬ ਦੇ ਲੋਕਾਂ ਨੂੰ ਵੀਜ਼ਾ ਦੇਣ ’ਚ ਕਈ ਸਖ਼ਤ ਨਿਯਮ ਅਪਣਾਉਂਦੇ ਹਨ। ਇਸੇ ਕਾਰਨ ਏਜੰਟ ਯੂਰਪੀ ਦੇਸ਼ਾਂ ਵਿਚ ਭਾਰਤੀਆਂ ਨੂੰ ਪਹੁੰਚਾਉਣ ਲਈ ਯੂਕ੍ਰੇਨ ਦਾ ਸਹਾਰਾ ਲੈਂਦੇ ਹਨ। ਪੰਜਾਬ ਦੇ ਏਜੰਟ ਯੂਕ੍ਰੇਨ ਵਿਚ ਲੈਂਗਵੇਜ ਕੋਰਸ ਕਰਵਾਉਣ ਲਈ 5 ਲੱਖ ਰੁਪਏ ਤਕ ਲੈ ਲੈਂਦੇ ਹਨ, ਜਦੋਂਕਿ ਇਹ ਕੋਰਸ ਸਿਰਫ 8 ਮਹੀਨੇ ਦਾ ਹੁੰਦਾ ਹੈ।
ਏਜੰਟਾਂ ਦੀ ਪਲਾਨਿੰਗ ਦਾ ਹਿੱਸਾ
ਇਸ ਗੱਲ ਦੀ ਵੀ ਚਰਚਾ ਹੈ ਕਿ ਭਾਰਤ ਤੋਂ ਕਈ ਮੁੰਡੇ-ਕੁੜੀਆਂ ਨੂੰ ਏਜੰਟਾਂ ਨੇ ਪਹਿਲਾਂ ਹੀ ਯੂਕ੍ਰੇਨ ਪਹੁੰਚਾਇਆ ਹੋਇਆ ਸੀ ਤਾਂ ਜੋ ਸਮਾਂ ਆਉਣ ’ਤੇ ਉਨ੍ਹਾਂ ਨੂੰ ਯੂਰਪ ’ਚ ਦਾਖਲ ਕਰਵਾਇਆ ਜਾ ਸਕੇ। ਅਜਿਹੀ ਸਥਿਤੀ ’ਚ ਇਹ ਵੀ ਸੰਭਾਵਨਾ ਹੈ ਕਿ ਯੂਕ੍ਰੇਨ-ਰਸ਼ੀਆ ਜੰਗ ਦੀ ਆੜ ’ਚ ਇਨ੍ਹਾਂ ਏਜੰਟਾਂ ਨੇ ਵਿਦਿਆਰਥੀਆਂ ਨੂੰ ਪੋਲੈਂਡ ਬਾਰਡਰ ਪਾਰ ਕਰਨ ਦੀ ਸਲਾਹ ਦਿੱਤੀ ਹੋਵੇ ਅਤੇ ਉੱਥੋਂ ਇਨ੍ਹਾਂ ਨੂੰ ਗਾਇਬ ਕਰ ਦਿੱਤਾ ਹੋਵੇ। ਜਾਣਕਾਰ ਤਾਂ ਇਹ ਵੀ ਦੱਸ ਰਹੇ ਹਨ ਕਿ ਇਸੇ ਚੱਕਰ ਵਿਚ ਯੂਕ੍ਰੇਨ ਗਏ ਵਿਦਿਆਰਥੀ ਹੁਣ ਵਾਪਸ ਭਾਰਤ ਨਹੀਂ ਆਉਣਾ ਚਾਹੁੰਦੇ ਕਿਉਂਕਿ ਇਕ ਵਾਰ ਉਹ ਭਾਰਤ ਆ ਗਏ ਤਾਂ ਵਾਪਸ ਯੂਕ੍ਰੇਨ ਜਾਣ ਲਈ ਮੁੜ ਪੈਸੇ ਖਰਚ ਕਰਨੇ ਪੈਣਗੇ। ਸ਼ਾਇਦ ਇਹੀ ਕਾਰਨ ਹੈ ਕਿ ਕਈ ਭਾਰਤੀ ਵਿਦਿਆਰਥੀ ਇਸੇ ਆੜ ’ਚ ਗਾਇਬ ਹੋ ਗਏ ਹਨ।
ਇਹ ਵੀ ਪੜ੍ਹੋ: ਯੂਕ੍ਰੇਨ ਬੈਠੀਆਂ ਕੁੜੀਆਂ ਦੇ ਦਰਦਭਰੇ ਬੋਲ-ਸਾਡਾ ਬਚਣਾ ਮੁਸ਼ਕਿਲ, ਸਰਕਾਰ ਤੱਕ ਆਵਾਜ਼ ਪਹੁੰਚਾਓ
ਪੋਲੈਂਡ : ਆਸਾਨ ਜ਼ਰੀਆ : ਕਈ ਹੋਰ ਦੇਸ਼ਾਂ ਦੇ ਨਾਲ-ਨਾਲ ਯੂਕ੍ਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਿਚ ਆਸਰਾ ਦੇਣ ਵਾਲਿਆਂ ਵਿਚ ਪੋਲੈਂਡ ਵੀ ਸ਼ਾਮਲ ਹੈ। ਪੋਲੈਂਡ ਸ਼ੈਨੇਗਨ ਕੰਟਰੀ ਦੇ ਸਮੂਹ ਦਾ ਹਿੱਸਾ ਹੈ, ਜਿਸ ਨੂੰ ਯੂਰਪੀਨ ਵੀ ਕਿਹਾ ਜਾਂਦਾ ਹੈ। ਭਾਰਤ ਤੋਂ ਜਾਣ ਵਾਲਿਆਂ ਲਈ ਇਹੀ ਦੇਸ਼ ਸਭ ਤੋਂ ਆਸਾਨ ਹੈ ਕਿਉਂਕਿ ਇਕ ਵਾਰ ਪੋਲੈਂਡ ਵਿਚ ਦਾਖਲ ਹੋ ਗਏ ਤਾਂ ਆਸਾਨੀ ਨਾਲ ਸੜਕ ਜਾਂ ਰੇਲ ਮਾਰਗ ਰਾਹੀਂ ਇਟਲੀ, ਫਰਾਂਸ ਜਾਂ ਹੋਰ ਯੂਰਪੀ ਦੇਸ਼ਾਂ ਵਿਚ ਜਾ ਸਕਦੇ ਹਾਂ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਦੇਸ਼ਾਂ ਵਿਚ ਜਾਣ ਲਈ ਵੀਜ਼ਾ ਵੀ ਜ਼ਰੂਰੀ ਨਹੀਂ। ਸੰਭਾਵਨਾ ਇਹ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਯੂਕ੍ਰੇਨ ਤੋਂ ਗਾਇਬ ਹੋਏ ਕਈ ਵਿਦਿਆਰਥੀ ਸੰਭਵ ਤੌਰ ’ਤੇ ਪੋਲੈਂਡ ਦੇ ਰਸਤਿਓਂ ਯੂਰਪ ’ਚ ਦਾਖ਼ਲ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਪਰਤੀ ਜਲੰਧਰ ਦੀ ਸ਼ਿਵਾਨੀ, ਦੱਸਿਆ ਕਿਹੜੇ ਹਾਲਾਤ ’ਚੋਂ ਲੰਘ ਰਹੇ ਨੇ ਲੋਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ