ਸ਼ਹਿਰ ''ਚ ਘੁੰਮਦੇ ਖੂੰਖਾਰ ਆਵਾਰਾ ਪਸ਼ੂ ਬਣੇ ਜਾਨ ਦਾ ਖੌਅ
Tuesday, Jul 18, 2017 - 11:00 AM (IST)
ਰੂਪਨਗਰ - ਸ਼ਹਿਰ 'ਚ ਘੁੰਮਦੇ ਖੂੰਖਾਰ ਆਵਾਰਾ ਪਸ਼ੂਆਂ ਤੇ ਕੁੱਤਿਆਂ 'ਤੇ ਨਕੇਲ ਪਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਭਾਵੇਂ ਕਈ ਯੋਜਨਾਵਾਂ ਸ਼ੁਰੂ ਕੀਤੇ ਜਾਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਨ੍ਹਾਂ 'ਤੇ ਅਮਲ ਨਾ ਹੋਣ ਕਾਰਨ ਸਥਿਤੀ ਬਹੁਤ ਮਾੜੀ ਹੋ ਚੁੱਕੀ ਹੈ।
ਇਸ ਸਬੰਧੀ ਪਬਲਿਕ ਕਾਲੋਨੀ ਵੈੱਲਫੇਅਰ ਸੁਸਾਇਟੀ ਰੂਪਨਗਰ ਦੇ ਪ੍ਰਧਾਨ ਸੂਬੇਦਾਰ ਮੇਜਰ ਹਰਨਾਮ ਸਿੰਘ ਨਾਗਰਾ ਨੇ ਦੱਸਿਆ ਕਿ ਗਲੀਆਂ 'ਚ ਘੁੰਮਦੇ ਖੂੰਖਾਰ ਪਸ਼ੂਆਂ ਕਾਰਨ ਕਈ ਲੋਕ ਆਪਣੀ ਜਾਨ ਵੀ ਗੁਆ ਚੁੱਕੇ ਹਨ ਤੇ ਕਈ ਲੋਕਾਂ ਦੇ ਜ਼ਖਮ ਅੱਜ ਵੀ ਹਰੇ ਹਨ। ਆਵਾਰਾ ਪਸ਼ੂਆਂ 'ਤੇ ਨਕੇਲ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਗਊ ਸੈੱਸ ਦੇ ਨਾਂ 'ਤੇ 2016 ਤੋਂ ਜੋ ਕਰੋੜਾਂ ਰੁਪਏ ਇਕੱਠੇ ਕੀਤੇ ਗਏ ਹਨ, ਉਨ੍ਹਾਂ ਨੂੰ ਸਹੀ ਢੰਗ ਨਾਲ ਖਰਚ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਲੋਕਾਂ 'ਚ ਰੋਸ ਹੈ। ਉਨ੍ਹਾਂ ਦੱਸਿਆ ਕਿ ਦੁਧਾਰੂ ਪਸ਼ੂਆਂ ਦੇ ਮਾਲਕ ਆਪਣੇ ਪਸ਼ੂਆਂ ਤੋਂ ਦੁੱਧ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਖੁੱਲ੍ਹਾ ਛੱਡ ਦਿੰਦੇ ਹਨ, ਉਨ੍ਹਾਂ 'ਤੇ ਵੀ ਨਗਰ ਪਾਲਿਕਾ ਕਾਰਵਾਈ ਕਰਨ 'ਚ ਅਸਫਲ ਰਹੀ ਹੈ, ਜਦਕਿ ਉਕਤ ਮਾਲਕਾਂ ਤੋਂ ਨਗਰ ਕੌਂਸਲ ਜੁਰਮਾਨਾ ਵਸੂਲਦੀ ਹੈ।ਉਨ੍ਹਾਂ ਕਿਹਾ ਕਿ ਜੋ ਗਊ ਸੈੱਸ ਸਰਕਾਰ ਵੱਲੋਂ ਵਸੂਲਿਆ ਜਾ ਰਿਹਾ ਹੈ, ਉਸ ਨੂੰ ਲਾਵਾਰਿਸ ਪਸ਼ੂਆਂ ਦੀ ਦੇਖਭਾਲ ਲਈ ਖਰਚ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਸ਼ਹਿਰ 'ਚ ਖੂੰਖਾਰ ਕੁੱਤਿਆਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ ਪਰ ਜ਼ਿਲਾ ਪ੍ਰਸ਼ਾਸਨ ਇਸ ਸਮੱਸਿਆ ਵੱਲ ਵੀ ਧਿਆਨ ਨਹੀਂ ਦੇ ਰਿਹਾ। ਇਸ ਸਬੰਧ 'ਚ ਨਾਗਰਾ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੇ ਨਗਰ ਕੌਂਸਲ ਦੇ ਈ. ਓ. ਨੂੰ ਪੱਤਰ ਭੇਜ ਕੇ ਉਕਤ ਸਮੱਸਿਆਵਾਂ ਤੋਂ ਸ਼ਹਿਰ ਨਿਵਾਸੀਆਂ ਨੂੰ ਨਿਜਾਤ ਦੁਆਉਣ ਦੀ ਮੰਗ ਕੀਤੀ ਹੈ।
