ਪਤਨੀ ਨੇ ਲੀਵਰ ਦਾਨ ਕਰਕੇ ਬਚਾਈ ਪਤੀ ਦੀ ਜਾਨ
Monday, Jan 05, 2026 - 01:27 PM (IST)
ਚੰਡੀਗੜ੍ਹ (ਬੀ.ਐੱਨ.-3167) : ਪਤਨੀ ਦੇ ਲੀਵਰ ਦਾ ਇਕ ਹਿੱਸਾ ਦਾਨ ਕਰਨ ਤੋਂ ਬਾਅਦ ਅੰਮ੍ਰਿਤਸਰ ਦੇ 38 ਸਾਲਾ ਵਿਅਕਤੀ ਨੂੰ ਲੀਵਰ ਟਰਾਂਸਪਲਾਂਟ ਤੋਂ ਬਾਅਦ ਨਵੀਂ ਜ਼ਿੰਦਗੀ ਮਿਲੀ। ਲੀਵਰ ਫੇਲ੍ਹ ਤੋਂ ਪੀੜਤ ਸਿੰਘ ਨੂੰ ਗੰਭੀਰ ਹਾਲਤ ’ਚ ਮੈਕਸ ਹਸਪਤਾਲ ਮੋਹਾਲੀ ਲਿਆਂਦਾ ਗਿਆ ਸੀ। ਮਰੀਜ਼ ਨੂੰ ਚਮੜੀ ਤੇ ਅੱਖਾਂ ਦਾ ਪੀਲਾਪਣ, ਕਾਲਾ ਪਿਸ਼ਾਬ, ਪੇਟ ’ਚ ਸੋਜਿਸ਼ ਤੇ ਲਗਾਤਾਰ ਕਮਜ਼ੋਰੀ ਦਾ ਅਨੁਭਵ ਹੋ ਰਿਹਾ ਸੀ। ਮਰੀਜ਼ ਨੂੰ ਅਗਸਤ 2025 ਤੋਂ ਕਈ ਵਾਰ ਵੱਖ-ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ ਸੀਸ ਜਿੱਥੇ ਉਸ ਦਾ ਗੰਭੀਰ ਲੀਵਰ ਦੀ ਬਿਮਾਰੀ ਦਾ ਇਲਾਜ ਕੀਤਾ ਗਿਆ ਸੀ। ਹਾਲਾਂਕਿ ਸਥਿਤੀ ਵਿਗੜਦੀ ਜਾ ਰਹੀ ਸੀ, ਜਿਸ ਨਾਲ ਪਰਿਵਾਰ ਨੂੰ ਤੁਰੰਤ ਇਲਾਜ ਕਰਵਾਉਣਾ ਪਿਆ।
ਐੱਚ. ਪੀ. ਬੀ. ਸਰਜਰੀ ਤੇ ਲੀਵਰ ਟਰਾਂਸਪਲਾਂਟ ਸਲਾਹਕਾਰ ਡਾ. ਕਪਤਾਨ ਸਿੰਘ ਦੀ ਅਗਵਾਈ ਵਾਲੀ ਲੀਵਰ ਟਰਾਂਸਪਲਾਂਟ ਟੀਮ ਦੁਆਰਾ ਮੈਕਸ ਵਿਖੇ ਵਿਸਥਾਰਤ ਮੁਲਾਂਕਣ ਤੋਂ ਬਾਅਦ ਐਮਰਜੈਂਸੀ ਟਰਾਂਸਪਲਾਂਟ ਕੀਤਾ ਗਿਆ। ਡਾ. ਕਪਤਾਨ ਸਿੰਘ ਨੇ ਕਿਹਾ, ਜਦੋਂ ਮਰੀਜ਼ ਸਾਡੇ ਕੋਲ ਪਹੁੰਚਿਆ ਤਾਂ ਉਹ ਲੀਵਰ ਫੇਲ੍ਹ ਦੇ ਆਖ਼ਰੀ ਪੜਾਅ ’ਤੇ ਸੀ। ਪਤੀ ਦੀ ਜਾਨ ਬਚਾਉਣ ਲਈ ਮਰੀਜ਼ ਦੀ ਪਤਨੀ ਨੇ ਆਪਣੇ ਲੀਵਰ ਦਾ ਇਕ ਹਿੱਸਾ ਦਾਨ ਕਰਨ ਦਾ ਫ਼ੈਸਲਾ ਕੀਤਾ। ਡਾਕਟਰੀ ਮੁਲਾਂਕਣ ਤੋਂ ਬਾਅਦ ਪਤਨੀ ਨੂੰ ਲੀਵਰ ਦਾਨ ਲਈ ਢੁੱਕਵਾਂ ਪਾਇਆ ਗਿਆ। ਡਾ. ਕਪਤਾਨ ਸਿੰਘ ਨੇ ਕਿਹਾ ਕਿ ਲੀਵਰ ਦੇ ਟਰਾਂਸਪਲਾਂਟ ਦੀ ਸਰਜਰੀ ਤੋਂ ਬਾਅਦ, ਮਰੀਜ਼ ਨੂੰ ਹੌਲੀ-ਹੌਲੀ ਜੀਵਨ ਰੱਖਿਅਕ ਦਵਾਈਆਂ ਤੇ ਸਾਹ ਲੈਣ ਵਾਲੇ ਸਹਾਇਕ ਤੋਂ ਹਟਾ ਦਿੱਤਾ ਗਿਆ ਤੇ ਹੁਣ ਡਾਕਟਰੀ ਦੇਖਭਾਲ ਅਧੀਨ ਮਰੀਜ਼ ਚੰਗੀ ਤਰ੍ਹਾਂ ਠੀਕ ਹੋ ਰਿਹਾ ਹੈ।
