ਗੈਸ ਏਜੰਸੀ ''ਚ ਲੱਗੀ ਭਿਆਨਕ ਅੱਗ, ਸਟਾਫ਼ ਨੇ ਭੱਜ ਕੇ ਬਚਾਈ ਜਾਨ
Thursday, Jan 01, 2026 - 02:45 PM (IST)
ਲੁਧਿਆਣਾ (ਖੁਰਾਣਾ)- ਸਥਾਨਕ ਸਮਰਾਲਾ ਚੌਕ ਨੇੜੇ ਪੈਂਦੇ ਬੇਅੰਤਪੁਰਾ ਦੀ ਗਲੀ ਨੰ. 6 ਵਿਚ ਅਵਤਾਰ ਗੈਸ ਏਜੰਸੀ ਦੇ ਦਫਤਰ ਦੇ ਉੱਪਰਲੇ ਹਿੱਸੇ ’ਚ ਬਣੇ ਹੋਏ ਰਿਕਾਰਡ ਰੂਮ ’ਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਭਿਆਨਕ ਅੱਗ ਲਗ ਗਈ, ਜਿਸ ਕਾਰਨ ਮੌਕੇ ’ਤੇ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਪਹਿਰ ਦੇ ਸਮੇਂ ਲੱਗੀ ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰ ਲਿਆ। ਇਸ ਦੌਰਾਨ ਰਿਕਾਰਡ ਰੂਮ ਕੋਲ ਬਣੇ ਰਸੋਈ ਘਰ ਵਿਚ ਲੰਚ ਕਰ ਰਹੇ ਸਟਾਫ ਨੇ ਭੱਜ ਕੇ ਜਾਨ ਬਚਾਈ। ਗਨੀਮਤ ਰਹੀ ਕਿ ਇਸ ਦੌਰਾਨ ਮੌਕੇ ’ਤੇ ਪਏ ਇਕ ਘਰੇਲੂ ਸਿਲੰਡਰਾਂ ਤੱਕ ਅੱਗ ਦੇ ਭਾਂਬੜ ਨਹੀਂ ਪੁੱਜ ਸਕੇ, ਨਹੀਂ ਤਾਂ ਇਹ ਹਾਦਸਾ ਜਾਨਲੇਵਾ ਸਾਬਤ ਹੋ ਸਕਦਾ ਸੀ।
ਗੈਸ ਏਜੰਸੀ ਦੇ ਮਾਲਕ ਗੌਰਵ ਹਾਂਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਫਤਰ ’ਚ ਕੰਮ ਕਰਨ ਵਾਲੀਆਂ ਲੜਕੀਆਂ ਦੁਪਹਿਰ ਦੇ ਸਮੇਂ ਰਸੋਈ ਘਰ ’ਚ ਖਾਣਾ ਖਾ ਰਹੀਆਂ ਸਨ। ਇਸ ਦੌਰਾਨ ਰਿਕਾਰਡ ਰੂਮ ’ਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਅੱਗ ਦੀਆਂ ਭਿਆਨਕ ਲਪਟਾਂ ਉੱਠਣ ਲੱਗੀਆਂ, ਜਿਸ ਨੇ ਦੇਖਦੇ ਹੀ ਦੇਖਦੇ ਰਿਕਾਰਡ ਰੂਮ ’ਚ ਪਏ ਏਜੰਸੀ ਦੇ ਸਾਰੇ ਜ਼ਰੂਰੀ ਦਸਤਾਵੇਜ਼, ਜਰਨੇਟਰ ਸੈੱਟ, ਕੰਪਿਊਟਰ, ਦਫਤਰ ’ਚ ਲੱਗੇ ਕਈ ਏ. ਸੀ. ਅਤੇ ਛੱਤ ’ਤੇ ਪਈ ਹੋਈ ਪਾਣੀ ਦੀ ਟੈਂਕੀ ਸਮੇਤ ਮੌਕੇ ’ਤੇ ਪਿਆ ਹੋਇਆ ਸਾਮਾਨ ਆਪਣੀ ਲਪੇਟ ’ਚ ਲੈ ਲਿਆ, ਜੋ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਿਆ।
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਕਰੀਬ ਸਾਢੇ 4 ਲੱਖ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਇਸ ਦੌਰਾਨ ਲੰਚ ਕਰ ਰਹੀਆਂ ਲੜਕੀਆਂ ਨੇ ਫੁਰਤੀ ਦਿਖਾਉਂਦੇ ਹੋਏ ਮੌਕੇ ’ਤੇ ਪਏ ਭਰੇ ਹੋਏ 2 ਗੈਸ ਸਿਲੰਡਰ ਸੁਰੱਖਿਅਤ ਬਾਹਰ ਕੱਢ ਲਏ, ਨਹੀਂ ਤਾਂ ਇਮਾਰਤ ’ਚ ਜ਼ੋਰਦਾਰ ਧਮਾਕਾ ਹੋਣ ਸਮੇਤ ਅੱਗ ਦੇ ਭਿਆਨਕ ਭਾਂਬੜ ਦਫਤਰ ਨਾਲ ਲਗਦੀ ਕੱਪੜੇ ਦੀ ਫੈਕਟਰੀ ਨੂੰ ਵੀ ਆਪਣੀ ਲਪੇਟ ’ਚ ਲੈ ਲੈਂਦੇ।
ਅੱਗ ਲੱਗਣ ਕਾਰਨ ਇਲਾਕੇ ’ਚ ਬਿਜਲੀ ਦੀ ਸਪਲਾਈ ਗੁੱਲ ਹੋ ਗਈ। ਓਧਰ, ਮਾਮਲੇ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਪਾਣੀ ਦੀਆਂ ਵਾਛੜਾਂ ਕਰ ਕੇ ਅੱਗ ਦੀਆਂ ਆਸਮਾਨ ਛੂੰਹਦੀਆਂ ਲਪਟਾਂ ’ਤੇ ਕਾਬੂ ਪਾਇਆ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੀ ਥਾਣਾ ਮੋਤੀ ਨਗਰ ਦੀ ਪੁਲਸ ਨੇ ਗੈਸ ਏਜੰਸੀ ਦੇ ਮਾਲਕ ਗੌਰਵ ਹਾਂਡਾ ਤੋਂ ਘਟਨਾ ਸਬੰਧੀ ਜਾਣਕਾਰੀ ਪ੍ਰਾਪਤ ਕਰ ਕੇ ਮਾਮਲੇ ਦੀ ਰਿਪੋਰਟ ਲਿਖਣ ਅਤੇ ਜਾਂਚ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
