ਅੰਮ੍ਰਿਤਸਰ: ਠੰਡ ਕਾਰਨ ਸੜਕਾਂ ’ਤੇ ਚਾਰ ਪਹੀਆ ਵਾਹਨਾਂ ਦੀ ਗਿਣਤੀ ਵਧੀ, ਸ਼ਹਿਰ ’ਚ ‘ਟ੍ਰੈਫਿਕ ਆਊਟ ਆਫ ਕੰਟਰੋਲ’
Saturday, Jan 03, 2026 - 11:03 AM (IST)
ਅੰਮ੍ਰਿਤਸਰ (ਇੰਦਰਜੀਤ/ਜਸ਼ਨ)- ਮਹਾਨਗਰ ਅੰਮ੍ਰਿਤਸਰ ਵਿਚ ਟ੍ਰੈਫਿਕ ਦੀ ਸਮੱਸਿਆ ਪਹਿਲਾਂ ਹੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਕੁਝ ਸੜਕਾਂ ਦਾ ਆਕਾਰ ਬੇਸ਼ੱਕ ਵੱਡਾ ਹੋ ਚੁੱਕਾ ਹੈ, ਪਰ ਪੁਰਾਣੀਆਂ ਸੜਕਾਂ ’ਤੇ ਲੱਗਣ ਵਾਲੇ ਜਾਮ ਪੂਰੀ ਵਿਵਸਥਾ ਨੂੰ ਵਿਗਾੜ ਦਿੰਦੇ ਹਨ। ਉੱਥੇ ਹੀ ਸਰਦੀਆਂ ਦੇ ਦਿਨਾਂ ਵਿਚ ਕਾਰਾਂ ਦੀ ਗਿਣਤੀ ਵਧਣ ਕਾਰਨ ਰਸਤੇ ਹੋਰ ਵੀ ਛੋਟੇ ਪੈਣ ਲੱਗਦੇ ਹਨ। ਇਹੀ ਕਾਰਨ ਹੈ ਕਿ ਸ਼ਹਿਰ ਦੇ ਕਈ ਇਲਾਕੇ ਜਾਮ ਦੀ ਲਪੇਟ ਵਿਚ ਆ ਰਹੇ ਹਨ। ਕਿਸੇ ਵੀ ਸ਼ਹਿਰ ਦੇ ਟ੍ਰੈਫਿਕ ਦਾ ਮੁਲਾਂਕਣ ਕਰਦੇ ਸਮੇਂ ਸਬੰਧਤ ਵਿਭਾਗ ਸੜਕਾਂ ’ਤੇ ਚੱਲਣ ਵਾਲੇ ਵਾਹਨਾਂ ਨੂੰ ਸਾਹਮਣੇ ਰੱਖਦਾ ਹੈ। ਤਾਜ਼ਾ ਅੰਕੜਿਆਂ ਅਨੁਸਾਰ ਸੜਕਾਂ ’ਤੇ ਚੱਲਣ ਵਾਲੇ ਕੁੱਲ ਵਾਹਨਾਂ ਵਿਚ 58 ਫ਼ੀਸਦੀ ਦੋ-ਪਹੀਆ ਵਾਹਨ ਅਤੇ 11 ਫ਼ੀਸਦੀ ਕਾਰਾਂ ਹਨ, ਜਦਕਿ ਬਾਕੀ ਬਚੇ 31 ਫ਼ੀਸਦੀ ਵਾਹਨਾਂ ਵਿਚ ਆਟੋ, ਟ੍ਰੈਕਟਰ, ਟਰੱਕ, ਬੱਸਾਂ ਅਤੇ ਵਪਾਰਕ (ਕਮਰਸ਼ੀਅਲ) ਵਾਹਨ ਸ਼ਾਮਲ ਹਨ।
ਇਹ ਵੀ ਪੜ੍ਹੋ- ਪੰਜਾਬ ਪੁਲਸ 'ਚ ਫੇਰਬਦਲ, ਥਾਣਾ ਮੁਖੀਆਂ ਸਣੇ 50 ਕਰਮਚਾਰੀਆਂ ਦੇ ਤਬਾਦਲੇ
ਸਰਦੀਆਂ ਦੇ ਦਿਨਾਂ ਵਿਚ ਲਗਭਗ 80 ਫ਼ੀਸਦੀ ਲੋਕਾਂ ਦੀ ਪਹਿਲ ਬੰਦ ਵਾਹਨ ਹਨ, ਜਿਨ੍ਹਾਂ ਵਿਚ ਕਾਰ, ਵੈਨ, ਜੀਪ ਆਦਿ ਸ਼ਾਮਲ ਹਨ। ਆਮ ਤੌਰ ’ਤੇ ਨਿੱਜੀ ਚਾਰ-ਪਹੀਆ ਵਾਹਨ ਦਾ ਆਕਾਰ ਦੋ-ਪਹੀਆ ਵਾਹਨ ਦੇ ਮੁਕਾਬਲੇ 3 ਗੁਣਾ ਚੌੜਾ ਅਤੇ 2 ਗੁਣਾ ਲੰਬਾ ਹੁੰਦਾ ਹੈ। ਭਾਵ ਕਿ ਇਕ ਚਾਰ-ਪਹੀਆ ਵਾਹਨ ਨੂੰ ਚੱਲਣ ਲਈ ਸੜਕ ’ਤੇ 8 ਦੋ-ਪਹੀਆ ਵਾਹਨਾਂ ਜਿੰਨੀ ਜਗ੍ਹਾ ਚਾਹੀਦੀ ਹੈ। ਦੂਜੇ ਪਾਸੇ, ਇਕ ਕਾਰ ਪਾਰਕ ਕਰਨ ਅਤੇ ਉਸ ਨੂੰ ਅੱਗੇ-ਪਿੱਛੇ ਕਰ ਕੇ ਕੱਢਣ ਲਈ ਦੋ-ਪਹੀਆ ਵਾਹਨ ਨਾਲੋਂ 10 ਗੁਣਾ ਵੱਧ ਜਗ੍ਹਾ ਦੀ ਲੋੜ ਹੁੰਦੀ ਹੈ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਟ੍ਰੈਫਿਕ ਵਿਭਾਗ ਨੂੰ ਹਰ ਚੌਕ 'ਤੇ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਵੱਡੀ ਗਿਣਤੀ ਵਿਚ ਚਾਰ-ਪਹੀਆ ਵਾਹਨਾਂ ਵਿਚ ਸਿਰਫ਼ ਇੱਕ ਹੀ ਵਿਅਕਤੀ ਸਫ਼ਰ ਕਰ ਰਿਹਾ ਹੁੰਦਾ ਹੈ।
ਇਹ ਵੀ ਪੜ੍ਹੋ- ਬਟਾਲਾ ਪੁਲਸ ਵੱਲੋਂ ਵੱਡਾ ਤੋਹਫ਼ਾ, 2 ਕਰੋੜ 60 ਲੱਖ ਦੇ ਮੋਬਾਇਲ ਫੋਨ ਦਿੱਤੇ
ਮਹਾਨਗਰ ਵਿਚ ਚੱਲ ਰਹੇ ਹਨ 8.5 ਲੱਖ ਵਾਹਨ
ਅੰਮ੍ਰਿਤਸਰ ਦੇ ਸ਼ਹਿਰੀ ਇਲਾਕੇ ਵਿਚ ਕਰੀਬ 8.50 ਲੱਖ ਵਾਹਨ ਚੱਲ ਰਹੇ ਹਨ। ਵਿਭਾਗੀ ਅੰਕੜਿਆਂ ਅਨੁਸਾਰ ਮੌਜੂਦਾ ਸਮੇਂ ਵਿਚ ਕੁੱਲ 14 ਲੱਖ ਵਾਹਨ ਸੜਕਾਂ ’ਤੇ ਹਨ। ਇਹ ਅੰਕੜੇ ਜ਼ਿਲਾ ਅੰਮ੍ਰਿਤਸਰ ਦੀ ਸੀਰੀਅਲ ਪੀ. ਬੀ.-02 ਅਤੇ ਪੁਰਾਣੇ ਅੰਮ੍ਰਿਤਸਰ ਦੀਆਂ ਤਿੰਨ-ਅੱਖਰੀ ਲੜੀਆਂ ਦੇ ਹਨ। ਇਨ੍ਹਾਂ ਵਿਚੋਂ 60 ਫ਼ੀਸਦੀ ਵਾਹਨ ਇਕੱਲੇ ਅੰਮ੍ਰਿਤਸਰ ਸ਼ਹਿਰ ਵਿਚ ਹਨ, ਜਦਕਿ 40 ਫ਼ੀਸਦੀ ਦੇ ਕਰੀਬ ਗਿਣਤੀ ਦਿਹਾਤੀ ਇਲਾਕਿਆਂ ਦੀ ਹੈ। ਜੇਕਰ ਇਨ੍ਹਾਂ ਵਿਚ ਗ਼ੈਰ-ਰਜਿਸਟਰਡ ਵਾਹਨਾਂ ਦੀ ਗਿਣਤੀ ਵੀ ਜੋੜ ਦਿੱਤੀ ਜਾਵੇ ਤਾਂ ਇਹ ਗਿਣਤੀ ਹੋਰ ਵੀ ਵਧ ਜਾਂਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨਵੇਂ ਸਾਲ ਦੇ ਦਿਨ ਵੱਡੀ ਘਟਨਾ, ਗੋਲਡਨ ਟੈਂਪਲ ਕੰਪਲੈਕਸ 'ਚ ਫੜਿਆ...
ਵਾਹਨਾਂ ਦੇ ਮਾਹਿਰ ਸੰਜੇ ਸਾਗਰ ਗੁਪਤਾ ਅਨੁਸਾਰ ਇਨ੍ਹਾਂ ਗ਼ੈਰ-ਰਜਿਸਟਰਡ ਵਾਹਨਾਂ ਵਿਚ ਈ-ਰਿਕਸ਼ਾ, ਟ੍ਰੈਕਟਰ-ਟਰਾਲੀ, ਘੜੁੱਕਾ, ਸਾਈਕਲ-ਰਿਕਸ਼ਾ, ਰੇਹੜੇ ਅਤੇ ਘੋੜਾ-ਤਾਂਗਾ ਆਦਿ ਸ਼ਾਮਲ ਹਨ, ਜੋ ਸੜਕ ਦਾ 25 ਫ਼ੀਸਦੀ ਤੋਂ ਵੱਧ ਹਿੱਸਾ ਰੋਕ ਕੇ ਚੱਲਦੇ ਹਨ। ਦੂਜੇ ਪਾਸੇ, ਦਿੱਲੀ ਦੇ ਰਜਿਸਟਰਡ ਵਾਹਨ ਵੀ ਮਹਾਂਨਗਰ ਦੀਆਂ ਸੜਕਾਂ ’ਤੇ ਬੇਹਿਸਾਬ ਹਨ, ਜਦਕਿ ਟੈਕਸੀ ਆਦਿ ਵਾਹਨਾਂ ਦੇ ਨੰਬਰ ਵੀ ਆਰ.ਟੀ.ਓ. ਦੀ ਸੀਰੀਅਲ ਤੋਂ ਵੱਖਰੇ ਹਨ।
ਪ੍ਰਤੀ ਵਰਗ ਕਿਲੋਮੀਟਰ ਵਿਚ ਚੱਲ ਰਹੇ ਹਨ 6 ਹਜ਼ਾਰ ਵਾਹਨ
ਅੰਮ੍ਰਿਤਸਰ ਨਗਰ ਨਿਗਮ ਜਾਂ ਕਮਿਸ਼ਨਰੇਟ ਦੀ ਹੱਦ ਅਧੀਨ ਆਉਂਦੇ 141 ਵਰਗ ਕਿਲੋਮੀਟਰ ਦੇ ਖੇਤਰ ਵਿਚ 8.5 ਲੱਖ ਵਾਹਨ ਚੱਲ ਰਹੇ ਹਨ। ਇਸ ਹਿਸਾਬ ਨਾਲ ਪ੍ਰਤੀ ਵਰਗ ਕਿਲੋਮੀਟਰ ਵਿਚ ਕਰੀਬ 6 ਹਜ਼ਾਰ ਵਾਹਨ ਚੱਲਦੇ ਹਨ। ਮਹਾਂਨਗਰ ਵਿਚ ਵਾਹਨ ਚਲਾਉਣ ਲਈ ਜਗ੍ਹਾ ਦੀ ਗੱਲ ਕਰੀਏ ਤਾਂ ਪੁਰਾਣੇ ਸ਼ਹਿਰ ਦੇ 6 ਕਿਲੋਮੀਟਰ ਦੇ ਘੇਰੇ ਵਿਚ ਸਿਰਫ਼ 5 ਤੋਂ 9 ਫ਼ੀਸਦੀ ਹਿੱਸੇ ਵਿਚ ਹੀ ਸੜਕਾਂ ਅਤੇ ਗਲੀਆਂ ਬਣੀਆਂ ਹਨ। ਸ਼ਹਿਰ ਦੇ ਬਾਹਰਲੇ ਇਲਾਕਿਆਂ ਵਿਚ 10 ਤੋਂ 15 ਫ਼ੀਸਦੀ ਜਗ੍ਹਾ ਵਿਚ ਸੜਕਾਂ ਸਥਾਪਿਤ ਹਨ। ਪੂਰੇ ਸ਼ਹਿਰ ਵਿਚ ਸੜਕਾਂ ਦੀ ਔਸਤ ਸਿਰਫ਼ 13 ਫ਼ੀਸਦੀ ਜਗ੍ਹਾ ਦੇ ਅੰਦਰ ਹੀ ਹੈ।
ਇਕ ਵਰਗ ਕਿਲੋਮੀਟਰ (10 ਲੱਖ ਵਰਗ ਮੀਟਰ) ਵਿਚ ਸੜਕਾਂ ਲਈ ਸਿਰਫ਼ 1.30 ਲੱਖ ਵਰਗ ਮੀਟਰ ਜਗ੍ਹਾ ਹੈ। ਇਸ ਅਨੁਪਾਤ ਅਨੁਸਾਰ ਸ਼ਹਿਰ ਵਿਚ ਚੱਲਣ ਲਈ ਪ੍ਰਤੀ ਵਾਹਨ ਸਿਰਫ਼ 21 ਵਰਗ ਮੀਟਰ ਜਗ੍ਹਾ ਹੀ ਬਚਦੀ ਹੈ। ਜਦਕਿ ਇੱਥੇ 22 ਫ਼ੀਸਦੀ ਵਪਾਰਕ ਵਾਹਨ ਅਜਿਹੇ ਹਨ, ਜਿਨ੍ਹਾਂ ਦਾ ਆਪਣਾ ਆਕਾਰ ਹੀ 50 ਤੋਂ 70 ਵਰਗ ਮੀਟਰ ਹੈ। ਇਨ੍ਹਾਂ ਹਾਲਾਤਾਂ ਵਿਚ ਜਾਮ ਦੀ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ।
ਇੱਥੇ ਹੈ ਟ੍ਰੈਫਿਕ ਦੀ ਸਭ ਤੋਂ ਵੱਧ ਸਮੱਸਿਆ
ਇਸ ਨੂੰ ਟ੍ਰੈਫਿਕ ਦੀ ਸਮੱਸਿਆ ਕਹੋ ਜਾਂ ਟ੍ਰੈਫਿਕ ਵਿਭਾਗ ਦੀ ਮਾੜੀ ਵਿਵਸਥਾ! ਐਲੀਵੇਟਿਡ ਰੋਡ ਤੋਂ ਆਉਣ ਵਾਲੇ ਵਾਹਨਾਂ ਦਾ ਰਿੰਗੋ ਬ੍ਰਿਜ ਵਾਲੇ ਪਾਸਿਓਂ ਪੇਚੀਦਾ ‘ਵਨ-ਵੇ’ ਰਸਤੇ ਰਾਹੀਂ ਆਉਣਾ, ਬੱਸ ਸਟੈਂਡ ਨੇੜੇ ਆਟੋ, ਰੇਲਵੇ ਰੋਡ ਦੇ ਨਵੇਂ ਪੁਲ ਹੇਠਾਂ ਬਣੀ ਪਾਰਕਿੰਗ ’ਤੇ ਸਾਈਕਲਾਂ ਦੇ ਖੁੱਲ੍ਹੇ-ਆਮ ਸ਼ੋਅ ਰੂਮ, ਰਾਮਬਾਗ ਚੌਕ, ਕ੍ਰਿਸਟਲ ਚੌਕ, ਹਾਲਗੇਟ, ਚੌਕ ਚਾਟੀਵਿੰਡ, ਬੀ-ਡਿਵੀਜ਼ਨ ਚੌਕ ਅਤੇ ਹਾਲ ਬਾਜ਼ਾਰ ਸਮੇਤ ਪੂਰੇ ਪੁਰਾਣੇ ਸ਼ਹਿਰ ਦੇ ਖੇਤਰ ਇੰਨੇ ਉਲਝਣ ਭਰੇ ਹਨ ਕਿ ਇੱਥੇ ਸਾਈਕਲ ਸਵਾਰਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਵੀ ਮੁਸ਼ਕਲ ਹੈ। ਇੱਥੋਂ ਹੀ ਜਾਮ ਦੀ ਸਥਿਤੀ ਸ਼ੁਰੂ ਹੁੰਦੀ ਹੈ। ਵੱਡੀ ਗੱਲ ਇਹ ਹੈ ਕਿ ਸੜਕਾਂ ਲਈ ਪਹਿਲਾਂ ਹੀ ਸਿਰਫ਼ 13 ਫ਼ੀਸਦੀ ਜਗ੍ਹਾ ਹੈ, ਜਿਸ ਵਿਚ ਪੈਦਲ ਚੱਲਣ ਵਾਲੇ ਫੁੱਟਪਾਥ ਵੀ ਸ਼ਾਮਲ ਹਨ, ਪਰ ਸ਼ਹਿਰ ਵਿਚ 80 ਫ਼ੀਸਦੀ ਫੁੱਟਪਾਥਾਂ ’ਤੇ ਨਾਜਾਇਜ਼ ਕਬਜ਼ੇ ਹਨ।
ਕੀ ਕਹਿੰਦੇ ਹਨ ਏ. ਡੀ. ਸੀ. ਪੀ. ਟ੍ਰੈਫਿਕ?
ਏ. ਡੀ. ਸੀ. ਪੀ. ਟ੍ਰੈਫਿਕ ਮੈਡਮ ਅਮਨਦੀਪ ਕੌਰ ਨੇ ਕਿਹਾ ਕਿ ਪੁਰਾਣੇ ਸ਼ਹਿਰ ਅਤੇ ਬਾਹਰਲੇ ਇਲਾਕਿਆਂ ਵਿਚ ਟ੍ਰੈਫਿਕ ਵਿਵਸਥਾ ਨੂੰ ਕਾਬੂ ਹੇਠ ਰੱਖਣ ਲਈ ਵੱਡੀ ਗਿਣਤੀ ਵਿਚ ਜਵਾਨ ਤਾਇਨਾਤ ਕੀਤੇ ਗਏ ਹਨ। ਪਿਛਲੇ ਹਫ਼ਤੇ ਤੋਂ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਟ੍ਰੈਫਿਕ ਵਿਚ ਹੋਰ ਸੁਧਾਰ ਹੋਵੇਗਾ। ਵਾਹਨ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਲੋੜ ਮੁਤਾਬਕ ਹੀ ਚਾਰ-ਪਹੀਆ ਵਾਹਨਾਂ ਨੂੰ ਬਾਹਰ ਲੈ ਕੇ ਆਉਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
