ਪੁਲਸ ਕਾਂਸਟੇਬਲ ਦੇ ਘਰੋਂ 1 ਲੱਖ ਰੁਪਏ ਚੋਰੀ
Saturday, Jan 06, 2018 - 12:41 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਪੁਲਸ ਕਾਂਸਟੇਬਲ ਦੇ ਸੁੰਨੇ ਘਰੋਂ ਅਣਪਛਾਤੇ ਚੋਰਾਂ ਵੱਲੋਂ 1 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਜਸਪ੍ਰੀਤ ਸਿੰਘ ਪੁੱਤਰ ਸਵ. ਸੁਰਿੰਦਰ ਸਿੰਘ ਨਿਵਾਸੀ ਪਿੰਡ ਘੁੰਮਣਾ ਨੇ ਦੱਸਿਆ ਕਿ ਉਹ ਪੁਲਸ ਵਿਭਾਗ 'ਚ ਬਤੌਰ ਕਾਂਸਟੇਬਲ ਨੌਕਰੀ ਕਰਦਾ ਹੈ ਤੇ ਉਸ ਦੀ ਡਿਊਟੀ ਸੰਤ ਬਾਬਾ ਧਰਮਿੰਦਰ ਸਿੰਘ ਕਾਹਨਾ ਢੇਸੀਆਂ ਨਾਲ ਲੱਗੀ ਹੋਈ ਹੈ। ਪਿਛਲੀ 31 ਦਸੰਬਰ ਨੂੰ ਉਹ ਆਪਣੇ ਘਰੋਂ ਆਪਣੀ ਡਿਊਟੀ 'ਤੇ ਚਲਾ ਗਿਆ ਸੀ, ਜਦੋਂਕਿ ਉਸ ਦੀ ਮਾਤਾ ਰਣਜੀਤ ਕੌਰ ਉਸ ਦੇ ਨਾਨਕੇ ਪਿੰਡ ਕੈਂਡੋਵਾਲ ਜ਼ਿਲਾ ਹੁਸ਼ਿਆਰਪੁਰ ਚਲੀ ਗਈ ਸੀ ਅਤੇ ਪਿੱਛੋਂ ਘਰ 'ਚ ਹੋਰ ਕੋਈ ਮੈਂਬਰ ਨਹੀਂ ਸੀ। ਜਦੋਂ 4 ਜਨਵਰੀ ਨੂੰ ਉਹ ਤੇ ਉਸ ਦੀ ਮਾਤਾ ਵਾਪਸ ਆਪਣੇ ਘਰ ਆਏ ਤਾਂ ਮੁੱਖ ਗੇਟ ਦਾ ਤਾਲਾ ਖੁੱਲ੍ਹਾ ਹੋਇਆ ਸੀ। ਘਰ ਦੇ ਅੰਦਰ ਜਾ ਕਰ ਦੇਖਿਆ ਤਾਂ ਕਮਰਿਆਂ 'ਚ ਦੋਵਾਂ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਉਸ ਦੀ ਅਲਮਾਰੀ 'ਚ ਪਏ 95 ਹਜ਼ਾਰ ਰੁਪਏ ਤੇ ਉਸ ਦੀ ਮਾਤਾ ਦੀ ਅਲਮਾਰੀ 'ਚ ਪਏ 5 ਹਜ਼ਾਰ ਰੁਪਏ ਦੀ ਰਾਸ਼ੀ ਗਾਇਬ ਸੀ ।
ਮਮੇਰੀ ਭੈਣ ਦੇ ਵਿਆਹ ਲਈ ਰੱਖੇ ਸਨ ਪੈਸੇ
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਫਗਵਾੜਾ 'ਚ ਰਹਿਣ ਵਾਲੀ ਉਸ ਦੇ ਮਾਮੇ ਦੀ ਲੜਕੀ ਦਾ ਵਿਆਹ 19 ਜਨਵਰੀ ਨੂੰ ਹੈ, ਜਿਸ ਦਾ ਰਿਸ਼ਤਾ ਵੀ ਉਸ ਦੀ ਮਾਂ ਨੇ ਕਰਵਾਇਆ ਹੈ। ਉਸ ਨੇ ਦੱਸਿਆ ਕਿ ਘਰ 'ਚ ਰੱਖੀ ਉਕਤ ਰਾਸ਼ੀ ਮਮੇਰੀ ਭੈਣ ਦੇ ਵਿਆਹ ਲਈ ਰੱਖੀ ਗਈ ਸੀ। ਅਣਪਛਾਤੇ ਚੋਰਾਂ ਨੇ ਘਰ ਦਾ ਬਾਕੀ ਸਾਮਾਨ ਵੀ ਉਲਟ-ਪੁਲਟ ਕਰ ਦਿੱਤਾ ਹੈ। ਸ਼ਿਕਾਇਤ ਦੇ ਆਧਾਰ 'ਤੇ ਥਾਣਾ ਬਹਿਰਾਮ ਦੀ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।