RPF ਤੇ ਕੈਟਰਿੰਗ ਠੇਕੇਦਾਰ ’ਚ ਮੁੜ ਹੋਇਆ ਵਿਵਾਦ, ਚੇਨ ਖਿੱਚ 15 ਮਿੰਟ ਰੋਕੀ ਜਨਮ ਭੂਮੀ ਐਕਸਪ੍ਰੈੱਸ
Tuesday, Jan 28, 2020 - 10:23 AM (IST)
ਜਲੰਧਰ (ਗੁਲਸ਼ਨ, ਸੋਨੂੰ) - ਸੋਮਵਾਰ ਸਵੇਰੇ ਕਰੀਬ 11 ਵਜੇ ਸਿਟੀ ਰੇਲਵੇ ਸਟੇਸ਼ਨ ’ਤੇ ਆਰ. ਪੀ. ਐੱਫ. ਸਟਾਫ ਅਤੇ ਕੈਟਰਿੰਗ ਠੇਕੇਦਾਰ ਜੋਗਿੰਦਰ ਸਿੰਘ ਵਿਚਕਾਰ ਇਕ ਵਾਰ ਫਿਰ ਵਿਵਾਦ ਹੋ ਗਿਆ। ਹੰਗਾਮੇ ’ਚ ਠੇਕੇਦਾਰ ਨੇ ਜਨਮ ਭੂਮੀ ਐਕਸਪ੍ਰੈੱਸ ਦੀ ਚੇਨ ਖਿੱਚ ਟਰੇਨ ਰੋਕ ਦਿੱਤੀ। ਟਰੇਨ ਕਰੀਬ 15 ਮਿੰਟ ਸਿਟੀ ਸਟੇਸ਼ਨ ’ਤੇ ਖੜ੍ਹੀ ਰਹੀ। ਜਾਣਕਾਰੀ ਅਨੁਸਾਰ ਫਿਰੋਜ਼ਪੁਰ ਤੋਂ ਜੰਮੂ ਵੱਲ ਜਾਣ ਵਾਲੀ ਜਨਮ ਭੂਮੀ ਐਕਸਪ੍ਰੈੱਸ (19107) ਜਦ ਸਿਟੀ ਪਲੇਟਫਾਰਮ ਨੰਬਰ-3 ’ਤੇ ਪੁੱਜੀ ਤਾਂ ਟਰੇਨ ’ਚ ਨਾਜਾਇਜ਼ ਤੌਰ ’ਤੇ ਸਾਮਾਨ ਵੇਚਣ ਤੋਂ ਰੋਕਣ ’ਤੇ ਆਰ. ਪੀ. ਐੱਫ. ਸਟਾਫ ਅਤੇ ਕੈਟਰਿੰਗ ਠੇਕੇਦਾਰ ’ਚ ਵਿਵਾਦ ਹੋ ਗਿਆ। ਜੋਗਿੰਦਰ ਸਿੰਘ ਦੇ ਸਮਰਥਨ ’ਚ ਸਟਾਲ ਸੰਚਾਲਕ ਬਲਦੇਵ ਰਾਜ, ਸ਼੍ਰੀਕੰਠ ਜੱਜ ਸਮੇਤ ਕਈ ਲੋਕ ਆਰ. ਪੀ. ਐੱਫ. ਥਾਣੇ ਪਹੁੰਚੇ। ਉਨ੍ਹਾਂ ਦੀ ਆਰ. ਪੀ. ਐੱਫ ਸਟਾਫ ਨਾਲ ਤੂੰ-ਤੂੰ, ਮੈਂ-ਮੈਂ ਹੋਈ। ਕਾਫੀ ਦੇਰ ਤਕ ਚੱਲੇ ਹੰਗਾਮੇ ਮਗਰੋਂ ਆਰ. ਪੀ. ਐੱਫ. ਨੇ ਠੇਕੇਦਾਰ ਜੋਗਿੰਦਰ ਸਿੰਘ ਅਤੇ ਕੈਟਰਿੰਗ ਮੈਨੇਜਰ ਰਾਕੇਸ਼ ਕੁਮਾਰ ਦੇ ਵਿਰੁੱਧ ਰੇਲਵੇ ਐਕਟ ਦੀ ਧਾਰਾ 141, 1516 ਦੇ ਤਹਿਤ ਕੇਸ ਦਰਜ ਕਰ ਲਿਆ। ਆਰ. ਪੀ. ਐੱਫ. ਨੇ ਦੋਹਾਂ ਦਾ ਮੈਡੀਕਲ ਕਰਵਾ ਕੇ ਉਨ੍ਹਾਂ ਨੂੰ ਜ਼ਮਾਨਤ ’ਤੇ ਛੱਡ ਦਿੱਤਾ।
ਠੇਕੇਦਾਰ ਦੇ ਕਰਿੰਦਿਆਂ ਨੇ ਮਾਰ-ਕੁੱਟ ਕੇ ਮੇਰੀ ਵਰਦੀ ਪਾੜੀ : ਆਰ. ਪੀ. ਐੱਫ. ਕਰਮਚਾਰੀ
ਆਰ. ਪੀ. ਐੱਫ. ਦੇ ਹੈੱਡ ਕਾਂਸਟੇਬਲ ਇਕਬਾਲ ਸਿੰਘ ਨੇ ਕਿਹਾ ਕਿ ਉਹ ਪਲੇਟਫਾਰਮ 2-3 ’ਤੇ ਡਿਊਟੀ ਕਰ ਰਹੇ ਸੀ। ਜਨਮ ਭੂਮੀ ਐਕਸਪ੍ਰੈੱਸ ਟਰੇਨ ਆਉਣ ’ਤੇ ਉਨ੍ਹਾਂ ਨੇ 1 ਵੈਂਡਰ ਨੂੰ ਚਾਹ ਵੇਚਦੇ ਹੋਏ ਦੇਖਿਆ ਅਤੇ ਉਸ ਤੋਂ ਪੁੱਛਗਿਛ ਕੀਤੀ। ਇਸ ਦੌਰਾਨ ਕੈਟਰਿੰਗ ਮੈਨੇਜਰ ਰਾਕੇਸ਼ ਕੁਮਾਰ ਤੇ ਠੇਕੇਦਾਰ ਜੋਗਿੰਦਰ ਸਿੰਘ ਆ ਗਏ। ਇਕਬਾਲ ਸਿੰਘ ਨੇ ਦੋਸ਼ ਲਾਇਆ ਕਿ ਜੋਗਿੰਦਰ ਸਿੰਘ ਨੇ ਕਿਹਾ ਕਿ ਇਹ ਮੇਰਾ ਬੰਦਾ ਹੈ ਜਦ ਉਸ ਨੂੰ ਦੱਸਿਆ ਗਿਆ ਕਿ ਉਸ ਕੋਲ ਮੈਡੀਕਲ ਨਹੀਂ ਤਾਂ ਉਸ ਨੇ ਕਿਹਾ ਕਿ ਤੁਸੀਂ ਕੌਣ ਹੋ ਮੈਡੀਕਲ ਪੁੱਛਣ ਵਾਲੇ? ਇੰਨੇ ’ਚ ਟਰੇਨ ਰਵਾਨਾ ਹੋਣ ਲੱਗੀ ਤਾਂ ਜੋਗਿੰਦਰ ਸਿੰਘ ਨੇ ਚੇਨ ਖਿੱਚ ਕੇ ਟਰੇਨ ਰੋਕ ਦਿੱਤੀ। ਆਰ. ਪੀ. ਐੱਫ. ਕਰਮਚਾਰੀ ਇਕਬਾਲ ਸਿੰਘ ਨੇ ਦੋਸ਼ ਲਾਇਆ ਕਿ ਜੋਗਿੰਦਰ ਅਤੇ ਉਸ ਦੇ ਕਰਿੰਦੇ ਨੇ ਪਬਲਿਕ ’ਚ ਉਸ ਨਾਲ ਮਾਰ-ਕੁੱਟ ਸ਼ੁਰੂ ਕਰ ਦਿੱਤੀ ਅਤੇ ਵਰਦੀ ਪਾੜ ਦਿੱਤੀ।
ਆਰ. ਪੀ. ਐੱਫ. ਕਰਮਚਾਰੀਆਂ ਨੇ ਮਾਰੀ ਮਾਰ-ਕੁੱਟ ਕਰਕੇ ਮੇਰੀ ਪਗੜੀ ਉਤਾਰੀ : ਜੋਗਿੰਦਰ
ਠੇਕੇਦਾਰ ਜੋਗਿੰਦਰ ਨੇ ਦੋਸ਼ ਲਾਇਆ ਕਿ ਆਰ. ਪੀ. ਐੱਫ. ਕਰਮਚਾਰੀਆਂ ਨੇ ਉਸ ਨਾਲ ਮਾਰ-ਕੁੱਟ ਕੀਤੀ ਅਤੇ ਉਸ ਦੀ ਪਗੜੀ ਉਤਾਰ ਦਿੱਤੀ। ਉਸ ਨੇ ਕਿਹਾ ਕਿ ਉੇਨ੍ਹਾਂ ਕੋਲ ਜਨਮ ਭੂਮੀ ਐਕਸਪ੍ਰੈੱਸ ’ਚ ਸਾਮਾਨ ਵੇਚਣ ਦਾ ਲਾਇਸੈਂਸ ਹੈ। ਲਾਇਸੈਂਸ ਦੇ ਆਧਾਰ ’ਤੇ 7 ਵੈਂਡਰ ਟਰੇਨ ’ਚ ਸਾਮਾਨ ਵੇਚ ਸਕਦੇ ਹਨ ਪਰ ਆਰ. ਪੀ. ਐੱਫ. ਸਟਾਫ ਨੇ ਇਸ ਦੇ ਬਾਵਜੂਦ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ। ਉਨ੍ਹਾਂ ਨੇ ਆਰ. ਪੀ. ਐੱਫ. ਸਟਾਫ ਨੂੰ ਮੰਥਲੀ ਦੇਣ ਦੀ ਵੀ ਗੱਲ ਕਹੀ। ਇਸ ਮਗਰੋਂ ਜੋਗਿੰਦਰ ਸਿੰਘ ਨੇ ਸਿਵਲ ਹਸਪਤਾਲ ’ਚ ਆਪਣਾ ਮੈਡੀਕਲ ਕਰਵਾਇਆ ਅਤੇ ਥਾਣਾ ਜੀ. ਆਰ. ਪੀ. ’ਚ ਆਰ. ਪੀ. ਐੱਫ. ਵਿਰੁੱਧ ਸ਼ਿਕਾਇਤ ਦਿੱਤੀ। ਥਾਣਾ ਜੀ. ਆਰ. ਪੀ. ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਟਵਿਟਰ ’ਤੇ ਸ਼ਿਕਾਇਤ ਹੋਣ ’ਤੇ ਚਲਾਈ ਸਪੈਸ਼ਨ ਮੁਹਿੰਮ
ਟਵਿਟਰ ’ਤੇ ਕਿਸੇ ਯਾਤਰੀ ਵਲੋਂ ਸਿਟੀ ਰੇਲਵੇ ਸਟੇਸ਼ਨ ’ਤੇ ਨਾਜਾਇਜ਼ ਵੈਂਡਿੰਗ ਦੀ ਸ਼ਿਕਾਇਤ ਪਾਉਣ ਦੇ ਬਾਅਦ ਉਚ ਅਧਿਕਾਰੀਆਂ ਦੇ ਨਿਰਦੇਸ਼ ’ਤੇ ਸਿਟੀ ਸਟੇਸ਼ਨ ’ਤੇ ਨਾਜਾਇਜ਼ ਵੈਂਡਰਾਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਸੀ। ਇਸੇ ਦੌਰਾਨ ਠੇਕੇਦਾਰ ਅਤੇ ਆਰ. ਪੀ. ਐੱਫ. ਸਟਾਫ ਵਿਚ ਵਿਵਾਦ ਹੋ ਗਿਆ। ਆਰ. ਪੀ. ਐੱਫ. ਦਾ ਕਹਿਣਾ ਹੈ ਕਿ ਨਿਯਮਾਂ ਦੇ ਉਲਟ ਕਿਸੇ ਨੂੰ ਵੀ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਵਰਣਨਯੋਗ ਹੈ ਕਿ ਕੁਝ ਸਮਾਂ ਪਹਿਲਾਂ ਠੇਕੇਦਾਰ ਜੋਗਿੰਦਰ ਸਿੰਘ ਅਤੇ ਆਰ. ਪੀ. ਐੱਫ. ਵਿਚ ਨਾਜਾਇਜ਼ ਵੈਂਡਰਸ ਫੜਨ ’ਤੇ ਵਿਵਾਦ ਹੋ ਚੁੱਕਾ ਹੈ।