ਕਮਰੇ ਦੀ ਡਿੱਗੀ ਛੱਤ, ਮਲਬੇ ਹੇਠ ਸਾਰੀ ਰਾਤ ਦੱਬੀ ਰਹੀ ਬਜ਼ੁਰਗ ਬੀਬੀ

Friday, Sep 23, 2022 - 05:45 PM (IST)

ਕਮਰੇ ਦੀ ਡਿੱਗੀ ਛੱਤ, ਮਲਬੇ ਹੇਠ ਸਾਰੀ ਰਾਤ ਦੱਬੀ ਰਹੀ ਬਜ਼ੁਰਗ ਬੀਬੀ

ਬੁਢਲਾਡਾ (ਬਾਂਸਲ) : ਤੇਜ਼ ਬਾਰਿਸ਼ ਨਾਲ ਇਕ ਮਜ਼ਦੂਰ ਪਰਿਵਾਰ ਦੇ ਘਰ ਦੇ ਕਮਰੇ ਦੀ ਡਿੱਗੀ ਛੱਤ ਦੇ ਮਲਬੇ ਹੇਠ ਸਾਰੀ ਰਾਤ ਬਜ਼ੁਰਗ ਔਰਤ ਦੱਬੀ ਰਹਿਣ ਕਰਕੇ ਜ਼ਖਮੀ ਹੋ ਗਈ। ਜਿਸ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ। ਇਕੱਤਰ ਕੀਤੀ ਜਾਣਕਾਰੀ ਨੇੜਲੇ ਪਿੰਡ ਦਾਤੇਵਾਸ ਵਿਖੇ ਘਰ ਦੇ ਇਕ ਕਮਰੇ ਦੀ ਛੱਤ ਡਿੱਗਣ ਕਾਰਨ ਘਰ ’ਚ ਇਕੱਲੀ ਰਹਿੰਦੀ ਬਜ਼ੁਰਗ ਮਜ਼ਦੂਰ ਔਰਤ ਸੁਰਜੀਤ ਕੌਰ ਪਤਨੀ ਫੁੰਮਣ ਸਿੰਘ ਮਲਬੇ ਹੇਠ ਦੱਬੀ ਰਹੀ ਜਿਸ ਨੂੰ ਸਵੇਰ ਸਮੇਂ ਨਾਲ ਲੱਗਦੇ ਖੇਤ ਦੇ ਇਕ ਕਿਸਾਨ ਨੇ ਹੋਰਨਾਂ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਤੇ ਸਰਪੰਚ ਸਮੇਤ ਹੋਰਨਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਬੁਢਲਾਡਾ ਵਿਖੇ ਇਲਾਜ ਲਈ ਲਿਆਦਾਂ ਗਿਆ, ਜਿਥੇ ਉਸਦੀ ਹਾਲਤ ਸਥਿਰ ਬਣੀ ਹੋਈ ਹੈ। 

ਪੀੜਤਾ ਸੁਰਜੀਤ ਕੌਰ ਦੇ ਪਤੀ ਫੁੰਮਣ ਸਿੰਘ ਦਾ ਕੁਝ ਸਾਲ ਪਹਿਲਾ ਦਿਹਾਂਤ ਹੋ ਜਾਣ ਤੋਂ ਬਾਅਦ ਘਰ ’ਚ ਇਕੱਲੀ ਰਹਿ ਰਹੀ ਸੀ। ਜੋ ਮਨਰੇਗਾ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਚਲਾ ਰਹੀ ਹੈ, ਇਸ ਔਰਤ ਦੇ ਇਸ ਘਰ ਦੀ ਖਸਤਾ ਹਾਲਤ ਦੇਖਣ ਲਈ ਕੋਈ ਵੀ ਸਰਕਾਰੀ ਬਾਬੂ ਅੱਗੇ ਨਹੀਂ ਆਇਆ। ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਬੇ—ਸਹਾਰਾ ਔਰਤ ਦਾ ਮਕਾਨ ਜਲਦ ਬਣਵਾਉਣ ਅਤੇ ਇਸਦੇ ਇਲਾਜ ਲਈ ਲੋੜੀਦੇਂ ਕਦਮ ਉਠਾਉਣ ਦੀ ਮੰਗ ਕੀਤੀ ਹੈ। ਪੀੜਤ ਔਰਤ ਦੀਆਂ 2 ਧੀਆਂ ਇਲਾਜ ਲਈ ਉਸਨੂੰ ਆਪਣੇ ਨਾਲ ਲੈ ਗਈਆਂ ਹਨ।


author

Gurminder Singh

Content Editor

Related News