ਘਰ ''ਚੋਂ ਨਕਦੀ ਤੇ ਗਹਿਣੇ ਚੋਰੀ
Tuesday, Jan 16, 2018 - 06:00 PM (IST)

ਨਵਾਂਸ਼ਹਿਰ (ਤ੍ਰਿਪਾਠੀ)— ਜ਼ਿਲੇ 'ਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ੀ ਘਟਨਾ ਅਨੁਸਾਰ ਨਜ਼ਦੀਕੀ ਪਿੰਡ ਸਲੋਹ 'ਚ ਇਕ ਘਰ 'ਚੋਂ3 ਨੌਜਵਾਨਾਂ ਵੱਲੋਂ 40 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਪੁਲਸ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਕੁਝ ਸਾਮਾਨ ਬਰਾਮਦ ਕੀਤਾ ਹੈ ਜਦਕਿ ਮੁੱਖ ਦੋਸ਼ੀ ਹਾਲੇ ਪੁਲਸ ਦੀ ਪਹੁੰਚ ਤੋਂ ਬਾਹਰ ਹੈ । ਪੁਲਸ ਨੇ ਗ੍ਰਿਫਤਾਰ ਦੋਸ਼ੀਆਂ ਸਬੰਧੀ ਪੁਸ਼ਟੀ ਨਹੀਂ ਕੀਤੀ ਹੈ। ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੋਨਾ ਦੇਵੀ (90) ਪਤਨੀ ਰਾਜੂ ਮੰਡਲ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਬੀਮਾਰ ਰਹਿੰਦੀ ਹੈ। ਉਸ ਦੇ ਨਾਲ ਉਸ ਦਾ ਪੋਤਾ ਰਵੀ ਪੁੱਤਰ ਵੈਜਨਾਥ ਰਹਿੰਦਾ ਹੈ, ਜੋ ਉਸ ਦੀ ਦੇਖਭਾਲ ਕਰਦਾ ਹੈ।
ਉਸ ਨੇ ਦੱਸਿਆ ਕਿ 14 ਜਨਵਰੀ ਦੀ ਰਾਤ ਉਹ ਰੋਜ਼ ਦੀ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਇਕ ਕਮਰੇ 'ਚ ਸੌਂ ਗਏ ਸਨ ਜਦਕਿ ਦੂਜੇ ਕਮਰੇ ਦਾ ਤਾਲਾ ਲੱਗਿਆ ਹੋਇਆ ਸੀ। ਸੋਨਾ ਦੇਵੀ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਉੱਠੇ ਤਾਂ ਉਸ ਦੇ ਪੋਤੇ ਨੇ ਦੇਖਿਆ ਕਿ ਦੂਜੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ ਜਦਕਿ 3 ਨੌਜਵਾਨ ਕਮਰੇ ਤੋਂ ਬਾਹਰ ਭੱਜਦੇ ਦਿਖੇ ਜਿਨ੍ਹਾਂ ਨੂੰ ਉਸ ਦੇ ਪੋਤੇ ਨੇ ਪਛਾਣ ਲਿਆ। ਕਮਰੇ 'ਚ ਜਾ ਕੇ ਦੇਖਿਆ ਤਾਂ ਸਾਮਾਨ ਖਿੱਲਰਿਆ ਪਿਆ ਸੀ। ਜਾਂਚ ਕਰਨ 'ਤੇ ਪਤਾ ਲੱਗਿਆ ਕਿ ਘਰ 'ਚ ਪਈ 40 ਹਜ਼ਾਰ ਰੁਪਏ ਦੀ ਨਕਦੀ, 1 ਜੋੜਾ ਸੋਨੇ ਦੀਆਂ ਵਾਲੀਆਂ, ਟਾਪਸ, ਨੱਕ ਦੇ 2 ਕੋਕੇ, ਲੇਡੀਜ਼ ਸੋਨੇ ਦੀਆਂ 2 ਰਿੰਗਜ਼ , ਲੇਡੀਜ਼ ਚਾਂਦੀ ਦੀਆਂ 3 ਚੇਨੀਆਂ, 2 ਜੋੜੇ ਚਾਂਦੀ ਦੇ ਹੱਥ ਕੰਗਣ, ਚਾਂਦੀ ਦਾ 1 ਲਾਕੇਟ, ਸੋਨੇ ਦਾ 1 ਤਾਬੀਜ਼ ਅਤੇ ਪੈਰਾਂ ਦੀਆਂ ਝਾਂਜਰਾਂ ਆਦਿ ਗਾਇਬ ਸਨ । ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਸਾਮਾਨ ਪਿੰਡ ਦੇ ਹੀ ਰਜਿੰਦਰ ਕੁਮਾਰ ਉਰਫ ਰਾਜਾ, ਕੁਲਦੀਪ ਉਰਫ ਪੈਕਾ ਅਤੇ ਪ੍ਰਦੀਪ ਕੁਮਾਰ ਉਰਫ ਦੀਪਾ ਚੋਰੀ ਕਰ ਕੇ ਲੈ ਗਏ ਹਨ।