ਗੁਰੂ ਘਰ ''ਚ ਚੋਰਾਂ ਦਾ ਧਾਵਾ: ਗੁਰਦੁਆਰਾ ਸਿੰਘ ਸਭਾ ''ਚ ਗੋਲਕ ’ਚੋਂ ਹਜ਼ਾਰਾਂ ਦੀ ਨਕਦੀ ’ਤੇ ਕੀਤਾ ਹੱਥ ਸਾਫ
Friday, Feb 06, 2026 - 05:29 AM (IST)
ਲੁਧਿਆਣਾ (ਰਾਜ) – ਮਹਾਨਗਰ ਵਿਚ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਨ੍ਹਾਂ ਨੂੰ ਭਗਵਾਨ ਦੇ ਘਰ ਵਿਚ ਵੀ ਚੋਰੀ ਕਰਦੇ ਖੌਫ ਮਹਿਸੂਸ ਨਹੀਂ ਹੋ ਰਿਹਾ। ਤਾਜਾ ਮਾਮਲਾ ਢੰਡਾਰੀ ਖੁਰਦ ਇਲਾਕੇ ਦਾ ਹੈ। ਜਿਥੇ ਗੁਰਦੁਆਰਾ ਸਿੰਘ ਸਭਾ ਵਿਚ ਦੇਰ ਰਾਤ ਅਣਪਛਾਤੇ ਚੋਰਾਂ ਨੇ ਦਰਬਾਰ ਸਾਹਿਬ ਦੇ ਤਾਲੇ ਤੋੜ ਕੇ ਹਜ਼ਾਰਾਂ ਦੀ ਨਗਦੀ ’ਤੇ ਹੱਥ ਸਾਫ ਕਰ ਦਿੱਤਾ।
ਇਸ ਘਟਨਾ ਦੇ ਬਾਅਦ ਇਲਾਕੇ ਦੀ ਸੰਗਤ ਤੇ ਸੇਵਾਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਹ ਮਹਿਜ ਦੋ ਦਿਨ ਪਹਿਲਾ ਹੀ ਗੁਰਦੁਆਰਾ ਸਿੰਘ ਸਭਾ ਢੰਡਾਰੀ ਖੁਰਦ ਵਿਚ ਬਤੌਰ ਗ੍ਰੰਥੀ ਸੇਵਾ ਨਿਭਾਉਣ ਦੇ ਲਈ ਆਏ ਸਨ। 3 ਫਰਵਰੀ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਸ਼ਾਤਿਰ ਚੋਰਾਂ ਨੇ ਗੁਰਦੁਆਰਾ ਸਾਹਿਬ ਨੂੰ ਆਪਣਾ ਨਿਸ਼ਾਨਾ ਬਣਾਇਆ।
ਚੋਰਾਂ ਨੇ ਸਭ ਤੋਂ ਪਹਿਲਾ ਦਰਬਾਰ ਹਾਲ ਦੇ ਮੁੱਖ ਤਾਲੇ ਤੋੜ ਕੇ ਅੰਦਰ ਦਾਖਲ ਹੋ ਗਏ। ਇਸ ਦੇ ਬਾਅਦ ਬੇਖੋਫ ਚੋਰਾਂ ਨੇ ਦਰਬਾਰ ਦੇ ਅੰਦਰ ਸ਼ੁਸ਼ੋਭਿਤ ਗੋਲਕ ਦਾ ਤਾਲਾ ਤੋੜ ਦਿੱਤਾ ਅਤੇ ਉਸ ਵਿਚ ਸੰਗਤ ਵਲੋਂ ਸ਼ਰਧਾ ਨਾਲ ਅਰਪਿਤ ਕੀਤੀ 50000 ਰੁਪਏ ਦੀ ਰਾਸ਼ੀ ਚੋਰੀ ਕਰ ਕੇ ਫਰਾਰ ਹੋ ਗਏ।
ਘਟਨਾ ਦਾ ਪਤਾ ਅਗਲੀ ਸਵੇਰ ਲੱਗਾ ਜਦ ਗ੍ਰੰਥੀ ਸਿੰਘ ਦਰਬਾਰ ਸਾਹਿਬ ਵਿਚ ਪੁੱਜੇ ਤਾਂ ਉਥੇ ਦੇ ਹਾਲਾਤ ਦੇਖ ਕੇ ਦੰਗ ਰਹਿ ਗਏ। ਮਾਮਲੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਪੁਲਸ ਵਲੋਂ ਗੁਰਦੁਆਰਾ ਸਾਹਿਬ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਕਿ ਚੋਰਾਂ ਦਾ ਸੁਰਾਗ ਲਗਾਇਆ ਜਾ ਸਕੇ।
