ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਗੈਂਗ ਦੇ ਤਿੰਨ ਮੈਂਬਰ ਗ੍ਰਿਫਤਾਰ
Friday, Sep 19, 2025 - 01:29 PM (IST)

ਕੋਟਕਪੂਰਾ (ਨਰਿੰਦਰ) : ਜ਼ਿਲ੍ਹਾ ਪੁਲਸ ਮੁਖੀ ਡਾ.ਪ੍ਰਗਿਆ ਜੈਨ ਵੱਲੋਂ ਬੁਰੇ ਅਨਸਰਾਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਦੀਆਂ ਹਦਾਇਤਾਂ ’ਤੇ ਕਾਰਵਾਈ ਕਰਦਿਆਂ ਥਾਣਾ ਸਦਰ ਪੁਲਸ ਕੋਟਕਪੂਰਾ ਵੱਲੋਂ ਪਿੰਡ ਵਾੜਾ ਦਰਾਕਾ ਦੇ ਨੇੜਿਓਂ ਲੁੱਟ-ਖੋਹ ਕਰਨ ਦੀ ਯੋਜਨਾ ਬਣਾ ਰਹੇ ਇਕ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਪਿੰਡ ਹਰੀਨੌਂ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਤੇ ਸਹਿਜ ਦੀਪ ਸਿੰਘ ਅਤੇ ਪਿੰਡ ਸਿਰਸੜੀ ਦੇ ਰਹਿਣ ਵਾਲੇ ਮਨਦੀਪ ਸਿੰਘ ਵਜੋਂ ਹੋਈ ਅਤੇ ਪੁਲਸ ਨੇ ਤਿੰਨਾਂ ਖ਼ਿਲਾਫ ਮੁਕੱਦਮਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਸ ਕੋਟਕਪੂਰਾ ਦੇ ਹੌਲਦਾਰ ਸੁਖਵਿੰਦਰਪਾਲ ਸਿੰਘ, ਏ.ਐੱਸ.ਆਈ. ਐੱਲ.ਆਰ ਦਰਸ਼ਨ ਸਿੰਘ, ਹੌਲਦਾਰ ਜਗਮੀਤ ਸਿੰਘ, ਪੀ.ਐੱਚ.ਸੀ. ਮੱਖਣ ਸਿੰਘ ਤੇ ਕਾਕਾ ਸਿੰਘ ਗਸ਼ਤ ’ਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਚੈਕਿੰਗ ਦੌਰਾਨ ਪਿੰਡ ਵਾੜਾ ਦਰਾਕਾ ਦੇ ਬੱਸ ਸਟੈਂਡ '’ਤੇ ਮੌਜੂਦ ਸਨ ਤਾਂ ਰਾਤ 8 ਵਜੇ ਦੇ ਕਰੀਬ ਪੁਲਸ ਨੂੰ ਸੂਚਨਾ ਮਿਲੀ ਕਿ ਲੁੱਟਾਂ-ਖੋਹਾਂ ਕਰਨ ਦੇ ਆਦੀ ਤਿੰਨ ਵਿਅਕਤੀ ਪਿੰਡ ਵਾੜਾ ਦਰਾਕਾ ਤੋਂ ਵਾਂਦਰ ਜਟਾਣਾ ਨੂੰ ਜਾਣ ਵਾਲੇ ਰਾਹ ’ਤੇ ਰਾਹਗੀਰਾਂ ਤੋਂ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਜੇਕਰ ਹੁਣੇ ਕਾਰਵਾਈ ਕੀਤੀ ਜਾਵੇ ਤਾਂ ਉਕਤ ਤਿੰਨਾਂ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਪੁਲਸ ਪਾਰਟੀ ਨੇ ਛਾਪੇਮਾਰੀ ਕਰਦੇ ਹੋਏ ਤਿੰਨਾਂ ਨੂੰ ਡਾਂਗਾਂ ਤੇ ਸੋਟੀ ਸਮੇਤ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ਵਿਚ ਥਾਣਾ ਸਦਰ ਦੇ ਐੱਸ.ਐੱਚ.ਓ ਇੰਸਪੈਕਟਰ ਗੁਰਾਂਦਿੱਤਾ ਸਿੰਘ ਨੇ ਦੱਸਿਆ ਕਿ ਉਕਤ ਤਿੰਨਾਂ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੁਲਸ ਰਿਕਾਰਡ ਵਿੱਚ ਇਨਾਂ ਵਿੱਚੋਂ ਦੋ ਵਿਅਕਤੀਆਂ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਹਨ।