ਹੁਣ ਬੀ. ਐੱਸ.ਐੱਨ. ਐੱਲ. ਤੋੜਨ ਲੱਗਾ ਚੰਗੀਆਂ ਭਲੀਆਂ ਸੜਕਾਂ

Saturday, Oct 07, 2017 - 04:00 PM (IST)

ਜਲੰਧਰ(ਖੁਰਾਣਾ)— ਪਿਛਲੇ ਕਾਫੀ ਸਮੇਂ ਤੋਂ ਸ਼ਹਿਰ ਵਿਚ ਅੰਡਰ ਗਰਾਊਂਡ ਕੇਬਲ ਪਾਉਣ ਲਈ ਰਿਲਾਇੰਸ ਅਤੇ ਹੋਰ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਸੜਕਾਂ ਦੀ ਖੋਦਾਈ ਕਰ ਰਹੀਆਂ ਹਨ, ਜਿਸ ਕਾਰਨ ਜਿੱਥੇ ਕਈ ਹਾਦਸੇ ਹੋ ਚੁੱਕੇ ਹਨ, ਉਥੇ ਨਿਗਮ ਨੂੰ ਵੀ ਕਰੋੜਾਂ ਦਾ ਨੁਕਸਾਨ ਝੱਲਣਾ ਪਿਆ ਹੈ। ਹੁਣ ਪ੍ਰਾਈਵੇਟ ਕੰਪਨੀਆਂ ਨੇ ਖੋਦਾਈ ਦਾ ਜ਼ਿਆਦਾਤਰ ਕੰਮ ਪੂਰਾ ਕਰ ਲਿਆ ਹੈ। ਜਿਸ ਕਾਰਨ ਸ਼ਿਕਾਇਤਾਂ ਘੱਟ ਆ ਰਹੀਆਂ ਹਨ। ਪਰ ਹੁਣ ਬੀ. ਐੱਸ. ਐੱਨ. ਐੱਲ. ਨੇ ਸ਼ਹਿਰ ਦੀਆਂ ਚੰਗੀਆਂ ਭਲੀਆਂ ਸੜਕਾਂ ਨੂੰ ਤੋੜਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਅਜਿਹੀ ਹੀ ਇਕ ਘਟਨਾ ਮਹਾਵੀਰ ਰੋਡ 'ਤੇ ਸਥਿਤ ਐੱਮ. ਜੀ. ਐੱਨ. ਸਕੂਲ ਦੇ ਬਾਹਰ ਹੋਈ, ਜਿੱਥੇ ਬੀ. ਐੱਸ. ਐੱਨ. ਐੱਲ. ਕਰਮਚਾਰੀਆਂ ਨੇ ਕੁਝ ਮਹੀਨੇ ਪਹਿਲਾਂ ਬਣੀ ਮਹਾਵੀਰ ਮਾਰਗ ਰੋਡ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਪੁੱਛੇ ਜਾਣ 'ਤੇ ਕਰਮਚਾਰੀਆਂ ਨੇ ਦੱਸਿਆ ਕਿ ਸੜਕ ਦੇ ਹੇਠਾਂ ਟੈਲੀਕਾਮ ਕੰਪਨੀ ਵਲੋਂ ਕਈ ਬਕਸੇ ਫਿੱਟ ਕੀਤੇ ਗਏ ਹਨ, ਜਿਨ੍ਹਾਂ ਨੂੰ ਲੱਭਣ ਲਈ ਸੜਕ ਨੂੰ ਪੁੱਟਿਆ ਗਿਆ। ਜ਼ਿਕਰਯੋਗ ਹੈ ਕਿ ਬੀ. ਐੱਸ. ਐੱਨ. ਐੱਲ. ਤਾਂ ਆਪਣਾ ਕੰਮ ਖਤਮ ਕਰ ਕੇ ਚਲਾ ਜਾਵੇਗਾ ਪਰ ਸੜਕ 'ਤੇ ਪਏ ਟੋਇਆਂ ਨੂੰ ਠੀਕ ਕਰਨ ਨਹੀਂ ਆਵੇਗਾ, ਜਿਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋਵੇਗੀ ਅਤੇ ਹੌਲੀ-ਹੌਲੀ ਸਾਰੀ ਸੜਕ ਟੁੱਟ ਜਾਵੇਗੀ ਜੋ ਬਾਅਦ ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗੀ।


Related News