ਸੜਕ ''ਤੇ ਖੜ੍ਹੀ ਗੰਨੇ ਦੀ ਟਰਾਲੀ ਕਾਰਨ ਵਾਪਰਿਆ ਹਾਦਸਾ, ਪਿਓ-ਪੁੱਤ ਦੀ ਮੌਤ
Monday, Feb 18, 2019 - 05:21 PM (IST)
ਜਲਾਲਾਬਾਦ (ਸੇਤੀਆ) - ਫਿਰੋਜ਼ਪੁਰ ਰੋਡ 'ਤੇ ਪੈਂਦੇ ਪਿੰਡ ਪਿੰਡੀ ਨੇੜੇ ਸਮਾਗਮ ਤੋਂ ਵਾਪਸ ਆ ਰਹੇ ਜਲਾਲਾਬਾਦ ਵਾਸੀ ਪਿਓ-ਪੁੱਤ ਦੀ ਸੜਕ 'ਤੇ ਖੜ੍ਹੀ ਗੰਨੇ ਨਾਲ ਭਰੀ ਟਰਾਲੀ 'ਚ ਕਾਰ ਵੱਜਣ ਕਾਰਨ ਹਾਦਸਾ ਹੋਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ 'ਚ ਕਾਰ ਸਵਾਰ ਪਿਉ-ਪੁੱਤਰ ਦੀ ਮੌਤ ਹੋ ਗਈ ਜਦਕਿ ਮਾਂ-ਬੇਟੀ ਫੱਟੜ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਸ੍ਰੀ ਮੁਕਤਸਰ ਸਾਹਿਬ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ (43) ਅਤੇ ਪਿਆਰਪ੍ਰੀਤ ਪੁੱਤਰ ਅਵਤਾਰ ਸਿੰਘ (20) ਅਤੇ ਜ਼ਖਮੀ ਮਾਂ-ਧੀ ਦੀ ਪਛਾਣ ਸਰਬਜੀਤ ਕੌਰ ਅਤੇ ਰਵਨੀਤ ਕੌਰ ਵਜੋਂ ਹੋਈ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਥਾਣਾ ਗੁਰੂਹਰਸਹਾਏ ਦੇ ਹੋਲਦਾਰ ਦਰਸ਼ਨ ਲਾਲ ਨੇ ਦੱਸਿਆ ਕਿ ਉਕਤ ਪਰਿਵਾਰ ਮਰੂਤੀ ਕਾਰ 'ਚ ਸਵਾਰ ਹੋ ਕੇ ਬੀਤੀ ਰਾਤ ਕਿਸੇ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ। ਕਰੀਬ 9.30 ਵਜੇ ਪਿੰਡੀ ਨੇੜੇ ਸੜਕ 'ਤੇ ਖੜ੍ਹੀ ਗੰਨੇ ਨਾਲ ਭਰੀ ਟਰਾਲੀ ਨਾਲ ਕਾਰ ਦੀ ਟੱਕਰ ਹੋ ਗਈ, ਜਿਸ ਕਾਰਨ ਅਵਤਾਰ ਸਿੰਘ ਅਤੇ ਪਿਆਰਪ੍ਰੀਤ ਦੀ ਮੌਕੇ 'ਤੇ ਮੌਤ ਹੋ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਟਰਾਲੀ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।