ਹਾਦਸੇ 'ਚ 3 ਜੀਅ ਗੁਆਉਣ ਵਾਲੇ ਪੀੜਤ ਪਰਿਵਾਰ ਦੀ ਪ੍ਰਵਾਸੀ ਪੰਜਾਬੀ ਨੇ ਫੜੀ ਬਾਂਹ

Saturday, Nov 17, 2018 - 02:56 PM (IST)

ਹਾਦਸੇ 'ਚ 3 ਜੀਅ ਗੁਆਉਣ ਵਾਲੇ ਪੀੜਤ ਪਰਿਵਾਰ ਦੀ ਪ੍ਰਵਾਸੀ ਪੰਜਾਬੀ ਨੇ ਫੜੀ ਬਾਂਹ

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪਿੰਡ ਨੈਨੋਵਾਲ ਵੈਦ ਨਜ਼ਦੀਕ ਬੀਤੇ 6 ਨਵੰਬਰ ਨੂੰ ਹੋਏ ਦਰਦਨਾਕ ਸੜਕ ਹਾਦਸੇ ਮਾਰੇ ਗਏ ਅਹੀਆਪੁਰ ਨਿਵਾਸੀ ਪਰਿਵਾਰ ਦੇ 3 ਮੈਂਬਰਾਂ ਦੇ ਲੋੜਵੰਦ ਪਰਿਵਾਰ ਲਈ ਅਮਰੀਕਾ ਰਹਿੰਦੇ ਪ੍ਰਵਾਸੀ ਪੰਜਾਬੀਆਂ ਨੇ ਬਾਂਹ ਫੜੀ ਹੈ। ਇਸ ਸੜਕ ਹਾਦਸੇ 'ਚ ਨੌਜਵਾਨ ਅਵਤਾਰ ਸਿੰਘ, ਉਸ ਦੀ ਪਤਨੀ ਰਾਜਵਿੰਦਰ ਕੌਰ ਅਤੇ 11ਵੀਂ 'ਚ ਪ੍ਹੜਦੀ ਉਨ੍ਹਾਂ ਦੀ ਬੇਟੀ ਸੰਦੀਪ ਕੌਰ ਦੀ ਮੌਤ ਹੋ ਗਈ ਸੀ ਅਤੇ ਪਰਿਵਾਰ 'ਚ ਅਪਾਹਜ ਬਜ਼ੁਰਗ ਅਤੇ ਮਾਰੇ ਗਏ ਪਤੀ-ਪਤਨੀ ਦੇ ਦੂਜੇ ਦੋ ਛੋਟੇ ਬੱਚੇ ਬਚੇ ਸਨ। 

PunjabKesari
ਸਰਬੱਤ ਦੇ ਭਲੇ ਦੀ ਸੋਚ ਵਾਲੀ ਸਿੱਖ ਰੀਲਿਜਸ ਸੁਸਾਇਟੀ ਵਿਸਕਾਨਸਿਨ ਅਮਰੀਕਾ ਬਰੂਕ ਫੀਲਡ ਗੁਰੂਘਰ ਮਿਲਵਾਕੀ ਨਾਲ ਜੁੜੇ ਸੇਵਾਦਾਰਾਂ ਨੇ ਪਰਿਵਾਰ ਨੂੰ ਔਖੀ ਘੜੀ 'ਚ ਸਹਾਰਾ ਦੇਣ ਲਈ ਅੱਜ 2 ਲੱਖ ਰੁਪਏ ਦੀ ਮਦਦ ਭੇਂਟ ਕੀਤੀ। ਪਿੰਡ ਜੌੜਾ ਨਾਲ ਸੰਬੰਧਤ ਸੁਸਾਇਟੀ ਦੇ ਸੇਵਾਦਾਰ ਪ੍ਰਵਾਸੀ ਪੰਜਾਬੀ ਦਾਨੀ ਗੁਰਦੇਵ ਸਿੰਘ ਜੌੜਾ ਨੇ ਇਹ ਰਾਸ਼ੀ ਪਰਿਵਾਰ ਦੇ ਅਪਾਹਜ ਬਜ਼ੁਰਗ ਰਘੁਵੀਰ ਸਿੰਘ ਨੂੰ ਭੇਂਟ ਕੀਤੀ।

ਇਸ ਮੌਕੇ ਪਰਿਵਾਰ ਦਾ ਦੁੱਖ ਸਾਂਝਾ ਕਰਦੇ ਹੋਏ ਗੁਰਦੇਵ ਸਿੰਘ ਜੌੜਾ ਨਰਵਾਲ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਸੁਸਾਇਟੀ ਭਵਿੱਖ 'ਚ ਵੀ ਮਦਦ ਜਾਰੀ ਰੱਖੇਗੀ। ਇਸ ਮੌਕੇ ਮੌਜੂਦ ਮੁਹੱਲਾ ਨਿਵਾਸੀ ਗੁਰਮੁੱਖ ਸਿੰਘ ਨਾਮਧਾਰੀ ਨੇ ਪਰਵਾਸੀ ਪੰਜਾਬੀ ਗੁਰਦੇਵ ਸਿੰਘ ਜੌੜਾ ਅਤੇ ਸੁਸਾਇਟੀ ਦੇ ਸਮੂਹ ਮੈਂਬਰਾਂ ਦੇ ਇਸ ਨੇਕ ਮਿਸ਼ਨ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਦੇਵ ਸਿੰਘ ਨਰਵਾਲ, ਗੁਰਮੇਲ ਸਿੰਘ ਜੌੜਾ, ਕੋਚ ਦਲਵੀਰ ਸਿੰਘ, ਸੁਖਵੀਰ ਸਿੰਘ ਸੁੱਖਾ, ਗੁਰਮੁੱਖ ਸਿੰਘ, ਵਰਿੰਦਰ ਪੁੰਜ, ਨਵਦੀਪ ਸਿੰਘ ਮੁੰਨਾ, ਗਗਨ, ਜਸਵਿੰਦਰ ਸਿੰਘ ਬਬਲੂ, ਦਿਲਬਾਗ ਸਿੰਘ, ਦਵਿੰਦਰ ਸਿੰਘ, ਜਗਮੋਹਨ ਸਿੰਘ ਆਦਿ ਮੌਜੂਦ ਸਨ।


author

shivani attri

Content Editor

Related News